ਅੰਬਾਲਾ-ਕਤਲ ਅਤੇ ਸਾਧਣੀ ਨਾਲ ਦੁਸ਼ਕਰਮ ਕਰਨ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਡੇਰੇ ਦੇ ਸਾਧ ਗੁਰਮੀਤ ਰਾਮ ਰਹੀਮ ਸਿੰਘ ਦੇ ਖਿਲਾਫ਼ ਸ਼ਨਿੱਚਰਵਾਰ ਨੂੰ ਪੁਲਿਸ ਲਾਈਨ ਵਿਖੇ ਵਿਸ਼ੇਸ਼ ਕੋਰਟ ਵਿਚ ਗਵਾਹੀ ਸ਼ੁਰੂ ਹੋ ਗਈ।
ਵਿਸ਼ੇਸ਼ ਸੀਬੀਆਈ ਜੱਜ ਏ ਕੇ ਵਰਮਾ ਦੀ ਕੋਰਟ ਵਿਚ ਆਪਣਾ ਬਿਆਨ ਦਰਜ ਕਰਾਉਣ ਵਾਲੇ ਸਾਧਣੀ ਆਪਣੇ ਪਹਿਲੇ ਬਿਆਨ ‘ਤੇ ਕਾਇਮ ਰਹੀ। ਉਸਨੇ ਕਾਫ਼ੀ ਸਮਾਂ ਪਹਿਲਾਂ ਮੈਜਿਸਟ੍ਰੇਟ ਦੇ ਸਨਮੁੱਖ ਧਾਰਾ 164 ਦੇ ਤਹਿਤ ਬਿਆਨ ਰਿਕਾਰਡ ਕਰਾਏ ਸਨ। ਸਾਧਣੀ ਜਾਂਚ ਟੀਮ ਦੇ ਨਾਲ ਸਪੈਸ਼ਲ ਕੋਰਟ ਪਹੁੰਚੀ, ਜਦਕਿ ਅੰਦਾਜ਼ਨ 11 ਵਜੇ ਡੇਰੇ ਦਾ ਸਾਧ ਆਪਣੇ ਕਾਫ਼ਲੇ ਦੇ ਨਾਲ ਕੋਰਟ ਪਹੁੰਚਿਆ। ਸੀਬੀਆਈ ਵਲੋਂ ਸਾਧ ਦੀ ਨਿਅਮਿਤ ਜ਼ਮਾਨਤ ਰੱਕ ਕਰਨ ਵਾਲੀ ਅਰਜ਼ੀ ‘ਤੇ ਬਚਾਅ ਪੱਖ ਨੇ ਆਪਣਾ ਜਵਾਬ ਦਾਖਲ ਕਰ ਦਿੱਤਾ। ਬਚਾਅ ਪੱਖ ਨੇ ਸਾਧ ਦੀ ਨਿਅਮਿਤ ਜ਼ਮਾਨਤ ਨੂੰ ਬਰਕਰਾਰ ਰਖਣ ਦੀ ਅਪੀਲ ਕੀਤੀ ਹੈ। ਕੋਰਟ ਨੇ ਸੀਬੀਆਈ ਦੀ ਅਰਜ਼ੀ ‘ਤੇ ਅੱਗੇ ਬਹਿਸ ਲਈ 21 ਮਾਰਚ ਦੀ ਤਰੀਕ ਤੈਅ ਕੀਤੀ ਹੈ।
ਬਾਬੇ ਦੀ ਚੇਲੀ ਨੇ ਕਿਹਾ ਕਿ ਉਸਦੇ ਨਾਲ ਜੋ ਕੁਝ ਹੋਇਆ ਉਸਨੂੰ ਚੇਤੇ ਕਰਕੇ ਅੱਜ ਵੀ ਉਹ ਰੋਂਦੀ ਹੈ। ਉਸਨੇ ਕਿਹਾ ਕਿ ਜੁਲਾਈ 1999 ਨੂੰ ਉਹ ਡੇਰੇ ਵਿਚ ਸ਼ਾਮਲ ਹੋਈ ਅਤੇ ਸਾਧਣੀ ਵਜੋਂ ਅਪ੍ਰੈਲ 2001 ਤੱਕ ਡੇਰੇ ਵਿਚ ਰਹੀ। ਇਕ ਦਿਨ ਜਦ ਉਹ ਬਾਬੇ ਦੀ ਗੁਫ਼ਾ ਦੇ ਬਾਹਰ ਗੇਟ ‘ਤੇ ਪਹਿਰਾ ਦੇ ਰਹੀ ਸੀ, ਉਦੋਂ ਇਕ ਸਾਧਣੀ ਬਾਬੇ ਦੀ ਗੁਫ਼ਾ ਚੋਂ ਰੌਲਾ ਪਾਉਂਦੀ ਹੋਈ ਆਈ। ਅਗਲੇ ਦਿਨ ਉਸਨੇ ਸਾਧਣੀ ਤੋਂ ਰੋਣ ਦਾ ਕਾਰਨ ਪੁਛਿਆ। ਉਸ ਸਾਧਣੀ ਨੇ ਉਸਨੂੰ ਸੁਚੇਤ ਰਹਿਣ ਦੀ ਗੱਲ ਕਹਿਕੇ ਚੁੱਪ ਧਾਰ ਲਈ। ਉਸਨੇ ਦਸਿਆ ਕਿ 28-29 ਅਗਸਤ 1999 ਦੀ ਰਾਤ ਨੂੰ ਡੇਰੇ ਦੇ ਪ੍ਰਬੰਧਕ ਨੇ ਉਸਨੂੰ ਕਿਹਾ ਕਿ ਬਾਬੇ ਨੇ ਉਸਨੂੰ ਗੁਫ਼ਾ ਵਿਚ ਬੁਲਾਇਆ ਹੈ। ਜਦ ਉਹ ਗੁਫ਼ਾ ਵਿਚ ਗਈ ਤਾਂ ਬਾਬਾ ਇਕੱਲਾ ਬੈਠਿਆ ਹੋਇਆ ਸੀ। ਬਾਬੇ ਨੇ ਉਸਨੂੰ ਕਿਹਾ ਕਿ ਦਰਵਾਜ਼ਾ ਬੰਦ ਕਰ ਦਿਓ ਅਤੇ ਬੈਠ ਜਾਓ। ਜਦ ਉਹ ਜ਼ਮੀਨ ‘ਤੇ ਬੈਠਣ ਲੱਗੀ ਤਾਂ ਬਾਬੇ ਨੇ ਉਸਨੂੰ ਆਪਣੇ ਕੋਲ ਬੈਠਣ ਲਈ ਕਿਹਾ। ਉਸਨੂੰ ਘਬਰਾਹਟ ਹੋਈ, ਪਰ ਉਹ ਬਾਬੇ ‘ਤੇ ਭਰੋਸਾ ਕਰਦੀ ਸੀ, ਇਸ ਲਈ ਬੈਠ ਗਈ। ਬਾਬੇ ਨੇ ਉਸਨੂੰ ਆਪਣੇ ਬਾਰੇ ਦਸਣ ਲਈ ਕਿਹਾ। ਉਸਨੇ ਸਾਰੀਆਂ ਗੱਲਾਂ ਬਾਬੇ ਨੂੰ ਦਸੀਆਂ, ਜਿਸਤੋਂ ਬਾਅਦ ਬਾਬੇ ਨੇ ਉਸਨੂੰ ਇਕ ਲੜਕੇ ਦੀਆਂ ਚਿੱਠੀਆਂ ਵਿਖਾਈਆਂ।
ਬਾਬੇ ਨੇ ਉਸ ਲੜਕੇ ਬਾਰੇ ਉਸਦੇ ਸਬੰਧ ਬਾਰੇ ਪੁਛਿਆ। ਸਾਰਾ ਕਿੱਸਾ ਸੁਣਨ ਤੋਂ ਬਾਅਦ ਬਾਬੇ ਨੇ ਉਸਨੂੰ ਲੜਕੇ ਦੀ ਚਿੰਤਾ ਨਾ ਕਰਨ ਲਈ ਕਿਹਾ। ਉਸਤੋਂ ਬਾਅਦ ਬਾਬੇ ਨੇ ਉਸ ਨਾਲ ਛੇੜਛਾੜ ਸ਼ੁਰੂ ਕਰ ਦਿਤੀ। ਵਿਰੋਧ ਕਰਨ ‘ਤੇ ਬਾਬੇ ਨੇ ਉਸਨੂੰ ਧਮਕਾਇਆ। ਇਸਤੋਂ ਬਾਅਦ ਬਾਬੇ ਨੇ ਉਸ ਨਾਲ ਦੁਸ਼ਕਰਮ ਕੀਤਾ।
ਡੇਰਾ ਮੁਖੀ ਕੇਸ ਦੀਆਂ ਗਵਾਹੀਆਂ ਸ਼ੁਰੂ
This entry was posted in ਪੰਜਾਬ.