ਇਸਲਾਮਾਬਾਦ/ਨਿਊਯਾਰਕ- ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਦਾਲਤ ਵਲੋਂ ਚੋਣਾਂ ਲੜ ਦੇ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਅਤੇ ਜ਼ਰਦਾਰੀ ਵਿਚਕਾਰ ਪਿਆ ਪਾੜਾ ਹੋਰ ਵਧਦਾ ਜਾ ਰਿਹਾ ਹੈ। ਇਸ ਤੋਂ ਬਾਅਦ ਨਵਾਜ਼ ਪੂਰੀ ਤਰ੍ਹਾਂ ਜ਼ਰਦਾਰੀ ਨਾਲ ਨਰਾਜ਼ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਲੋਕਤੰਤਰ ਕਾਇਮ ਕਰਨ ਲਈ ਹੋਏ ਸਮਝੌਤੇ ਦੀ ਉਲੰਘਣਾ ਕਰਦੇ ਹੋਏ ਜ਼ਰਦਾਰੀ ਦੇਸ਼ ਨੂੰ ਮੱਧਵਰਤੀ ਚੋਣਾਂ ਵੱਲ ਲਿਜਾ ਰਹੇ ਹਨ। ਇਸੇ ਦੌਰਾਨ, ਸ਼ਰੀਫ਼ ਭਰਾਵਾਂ ਨੂੰ ਚੋਣਾਂ ਲੜਣ ਦੇ ਅਯੋਗ ਐਲਾਨਣ ਦੇ ਸੁਪਰੀਮ ਕੋਰਟ ਦੇ ਫੈਸਲੇ ਦੇ ਖਿਲਾਫ਼ ਪੀਐਮਐਲ (ਐਨ) ਦੇ ਹਿਮਾਇਤੀਆਂ ਦਾ ਪ੍ਰਦਰਸ਼ਨ ਸ਼ਨਿੱਚਰਵਾਰ ਨੂੰ ਵੀ ਜਾਰੀ ਰਿਹਾ।
ਪਾਕਿਸਤਾਨੀ ਨਿਊਜ਼ ਚੈਨਲ ਜੀਓ ਨਾਲ ਗੱਲਬਾਤ ਦੌਰਾਨ ਸ਼ਰੀਫ਼ ਨੇ ਕਿਹਾ ਕਿ ਜ਼ਰਦਾਰੀ ਦਾ ਇਰਾਦਾ ਦਸ਼ ਨੂੰ ਚੋਣਾਂ ਵਲ ਲਿਜਾਣ ਦਾ ਹੈ। ਉਨ੍ਹਾਂ ਨੇ ਕਈ ਮੁੱਦਿਆਂ ‘ਤੇ ਸਾਡੇ ਵਿਚਕਾਰ ਹੋਏ ਸਮਝੌਤੇ ਦੀ ਉਲੰਘਣਾ ਕੀਤੀ ਹੈ। ਸ਼ਰੀਫ਼ ਨੇ ਕਿਹਾ ਕਿ ਪਾਕਿਸਤਾਨ ਵਿਚ ਇਕ ਲੋਕਤਾਂਤ੍ਰਿਕ ਕ੍ਰਾਂਤੀ ਹੋ ਸਕਦੀ ਹੈ। ਇਹ ਸਮੇਂ ਦੀ ਲੋੜ ਹੈ। ਨਵਾਜ਼ ਸ਼ਰੀਫ਼ ਨੇ ਜ਼ਰਦਾਰੀ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਪਤਨੀ ਬੇਨਜ਼ੀਰ ਦੀ ਰਾਹ ‘ਤੇ ਚਲਣ, ਤਾਨਾਸ਼ਾਹ ਮੁਸ਼ਰੱਫ਼ ਦੀ ਰਾਹ ‘ਤੇ ਨਹੀਂ। ਉਨ੍ਹਾਂ ਨੇ ਕਿਹਾ ਜੇਕਰ ਪਾਕਿਸਤਾਨੀ ਰਾਸ਼ਟਰਪਤੀ ਸਾਲ 2007 ਵਿਚ ਐਮਰਜੰਸੀ ਦੌਰਾਨ ਬਰਖਾਸਤ ਕੀਤੇ ਗਏ ਜੱਜਾਂ ਦੀ ਬਹਾਲੀ ਦੀ ਗੱਲ ਕਰਦੇ ਹਨ ਤਾਂ ਮੈਂ ਉਨ੍ਹਾਂ ਦੇ ਰਾਹ ਵਿਚ ਨਹੀਂ ਆਵਾਂਗਾ। ਇਸ ਤੋਂ ਪਹਿਲਾਂ ਸ਼ੁਕਰਵਾਰ ਨੂੰ ਸ਼ਰੀਫ਼ ਨੇ ਕਿਹਾ ਸੀ ਕਿ ਜ਼ਰਦਾਰੀ ਦੀਆਂ ਚਾਲਾਂ ਨਾਲ ਨਾ ਸਿਰਫ਼ ਫਿਐਮਐਲ-ਐਨ, ਸਗੋਂ ਪੂਰੇ ਪਾਕਿਸਤਾਨ ਨੂੰ ਨੁਕਸਾਨ ਹੋ ਰਿਹਾ ਹੈ।
ਇਥੇ ਇਹ ਵੀ ਜਿ਼ਕਰਯੋਗ ਹੈ ਕਿ ਸਿਆਸੀ ਬੇਚੈਨੀ ਕਰਕੇ ਦਹਿਸ਼ਤਗਰਦਾਂ ਦੇ ਹੱਥ ਮਜ਼ਬੂਤ ਹੋ ਰਹੇ ਹਨ। ਇਸ ਗੱਲ ਦਾ ਖਦਸ਼ਾ ਬਣ ਰਿਹਾ ਹੈ ਕਿ ਫੌਜ ਨਵੇਂ ਹਾਲਾਤ ਤੋਂ ਤੰਗ ਆਕੇ ਦੇਸ਼ ਦੀ ਕਮਾਨ ਫਿਰ ਤੋਂ ਆਪਣੇ ਹੱਥ ਵਿਚ ਲੈ ਸਕਦੀ ਹੈ। ਅਮਰੀਕਾ ਦੀ ਅਖਬਾਰ ਨਿਊਯਾਰਕ ਟਾਈਮਜ਼ ਨੇ ਪਾਕਿਸਤਾਨੀ ਅਫ਼ਸਰਾਂ ਅਤੇ ਜਾਣਕਾਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਜੇਕਰ ਹਾਲਾਤ ਵਿਗੜਦੇ ਗਏ ਤਾਂ ਫੌਜਾਂ ਦੇ ਮੁੱਖੀ ਪਰਵੇਜ਼ ਅਸ਼ਫਾਕ ਕਿਆਨੀ ਸਿਆਸਤ ਤੋਂ ਦੂਰ ਰਹਿਣ ਦੀ ਸਹੁੰ ਤੋਂ ਬਾਅਦ ਪਲਟ ਜਾਣਗੇ। ਜਿ਼ਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਵਧੇਰੇ ਅਸਰਦਾਰ ਲੀਡਰ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਨੂੰ ਚੋਣਾਂ ਦੀ ਸਿਆਸਤ ਤੋਂ ਦੂਰ ਰੱਖਣ ਦਾ ਅਦਾਲਤੀ ਫੈ਼ਸਲਾ ਇਕ ਵਡੇ ਵਿਵਾਦ ਦਾ ਕਾਰਨ ਬਣ ਚੁਕਿਆ ਹੈ। ਇਸ ਫੈ਼ਸਲੇ ਨੂੰ ਰਾਸ਼ਟਰਪਤੀ ਜ਼ਰਦਾਰੀ ਦੀ ਚਾਲ ਵਜੋਂ ਵੇਖਿਆ ਜਾ ਰਿਹਾ ਹੈ। ਇਸ ਗੱਲ ਤੋਂ ਅਮਰੀਕਾ ਵੀ ਪਰੇਸ਼ਾਨ ਹੈ, ਕਿਉਂਕਿ ਅਫ਼ਗਾਨ ਸਰਹੱਦ ‘ਤੇ ਅਤਿਵਾਦ ਨਾਲ ਲੜਣ ਦੀ ਪਾਕਿਸਤਾਨੀ ਸਮਰਥਾ ਕਮਜ਼ੋਰ ਪੈ ਰਹੀ ਹੈ। ਅਖ਼ਬਾਰ ਦਾ ਕਹਿਣਾ ਹੈ ਕਿ ਆਰਮੀ ਅੰਦਰੋਂ ਖਿੱਝ ਰਹੀ ਹੋਵੇਗੀ। ਇਕ ਰਿਟਾਇਰਡ ਆਰਮੀ ਅਫ਼ਸਰ ਤਲਤ ਮਸੂਦ ਦਾ ਕਹਿਣਾ ਹੈ ਕਿ ਫੌਜਾਂ ਇਸ ਹਾਲਤ ਨੂੰ ਕਿਵੇਂ ਬਰਦਾਸ਼ਤ ਕਰ ਸਕਦੀਆਂ ਹਨ? ਵਧੇਰੇ ਫੌਜੀ ਪੰਜਾਬ ਦੇ ਹਨ ਅਤੇ ਸ਼ਰੀਫ਼ ਨਾਲ ਸਹਾਨਭੂਤੀ ਰਖਦੇ ਹਨ।
ਜ਼ਰਦਾਰੀ ਦਾ ਅਮਰੀਕਾ ਪੱਖੀ ਰਵਈਆ ਲੋਕਾਂ ਨੂੰ ਰਾਸ ਨਹੀਂ ਆ ਰਿਹਾ। ਨਵਾਜ਼ ਇਸ ਗੱਲ ਦਾ ਫਾਇਦਾ ਚੁੱਕਕੇ ਮਜ਼ਹਬੀ ਪਾਰਟੀਆਂ ਨਾਲ ਗਠਜੋੜ ਕਰ ਸਕਦੇ ਹਨ। ਜੋ ਹੋ ਰਿਹਾ ਹੈ, ਉਸ ‘ਤੇ ਅਮਰੀਕਾ ਦਾ ਵੱਸ ਨਹੀਂ ਚਲ ਸਕਦਾ। ਉਸਨੂੰ ਅਦਾਲਤ ਦੇ ਫੈ਼ਸਲੇ ਤੋਂ ਉਨੀਂ ਹੈਰਾਨੀ ਹੀ ਹੋਈ ਹੈ, ਜਿੰਨੀ ਕਿਸੇ ਹੋਰ ਨੂੰ ਹੋਵੇਗੀ। ਜਾਣਕਾਰਾਂ ਦਾ ਮੰਨਣਾ ਹੈ ਕਿ ਹੁਣ ਅਮਰੀਕਾ ਇਕ ਹੱਦ ਤੱਕ ਜ਼ਰਦਾਰੀ ਦਾ ਸਾਥ ਦੇ ਸਕਦਾ ਹੈ।
ਪਾਕਿਸਤਾਨ ਮੱਧਵਰਤੀ ਚੋਣਾਂ ਵੱਲ ਜਾ ਰਿਹੈ-ਨਵਾਜ਼
This entry was posted in ਅੰਤਰਰਾਸ਼ਟਰੀ.