ਫਤਿਹਗੜ੍ਹ ਸਾਹਿਬ :- ਸ: ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਦੇ “ਸੁਪਨਿਆਂ ਵਾਲਾ ਪੰਜਾਬ” ਰੋਜ਼ਾਨਾ ਹੀ ਅਖਬਾਰਾਂ ਵਿੱਚ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ ਦੇ ਪਹੀਆ ਨਾਲ ਭੱਜਿਆ ਫਿਰ ਰਿਹੈ ਅਤੇ ਮੀਡੀਏ ਤੇ ਹਵਾ ਵਿੱਚ ਇੰਨੀਆਂ ਉਚੀਆਂ ਉਡਾਰੀਆਂ ਮਾਰ ਰਿਹਾ ਜਿੱਥੇ ਪੰਜਾਬੀਆਂ ਅਤੇ ਸਿੱਖ ਕੌਮ ਦੀ ਨਜ਼ਰ ਪਹੁੰਚਣੀ ਵੀ ਮੁਸ਼ਕਿਲ ਹੈ। ਜਦੋਂ ਕਿ ਅਸਲੀਅਤ ਵਿੱਚ ਅਜੋਕਾ ਪੰਜਾਬ ਇਖਲਾਕੀ, ਸਮਾਜਿਕ, ਸਭਿਆਚਾਰਕ, ਧਾਰਮਿਕ ਅਤੇ ਆਰਥਿਕ ਤੌਰ ਤੇ ਇੰਨਾ ਪਛੜ ਚੁੱਕਾ ਹੈ ਕਿ ਗਰੀਬ ਪਰਿਵਾਰਾਂ ਨੂੰ ਦੋ ਵੇਲੇ ਦੀ ਰੱਜ ਕੇ ਰੋਟੀ, ਸਰਦੀ ਤੇ ਗਰਮੀ ਦੇ ਬਚਾਅ ਤੋਂ ਤਨ ਢੱਕਣ ਲਈ ਲੋੜੀਦਾ ਕੱਪੜਾ ਤੇ ਰਹਿਣ ਲਈ ਕੁੱਲੀ ਵੀ ਨਸੀਬ ਹੋਣੀ ਦੁੱਭਰ ਹੋਈ ਪਈ ਹੈ। ਮਹਿੰਗਾਈ, ਬੇਰੁਜ਼ਗਾਰੀ, ਸਮੱਗਲਿੰਗ, ਨਸਿ਼ਆ ਦੇ ਵੱਧਦੇ ਰੁਝਾਨ ਰਿਸ਼ਵਤਖੋਰੀ ਨੇ ਸਮਾਜ ਦੀਆਂ ਕਦਰਾਂ-ਕੀਮਤਾਂ ਦਾ ਜਨਾਜ਼ਾ ਕੱਢ ਦਿੱਤਾ ਹੈ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਭਾਈ ਰਾਮ ਸਿੰਘ ਮੁੱਖ ਬੁਲਾਰਾ ਅਤੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਾਂਝੇ ਤੌਰ ‘ਤੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ।
ਦੋਵਾਂ ਆਗੂਆਂ ਨੇ ਸ: ਬਾਦਲ ਵੱਲੋਂ ਦਿੱਤੇ ਗਏ ਉਸ ਬਿਆਨ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਸੂਬਾ ਨੰਬਰ ਇੱਕ ਬਣਾਵਾਂਗੇ, ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦੇ ਹੋਏ ਕਿਹਾ ਕਿ ਬਾਦਲ ਪਰਿਵਾਰ ਨੇ ਆਪਣੀ ਸਿਆਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਤਾਕਤ ਤੇ ਖਜ਼ਾਨਿਆਂ ਦੀ ਦੁਰਵਰਤੋਂ ਕਰਕੇ ਮਾਲੀ ਤੌਰ ਤੇ ਤਾਂ ਆਪਣੇ ਪਰਿਵਾਰ ਨੂੰ ਸੂਬੇ ਦਾ ਨੰਬਰ ਇੱਕ ਪਰਿਵਾਰ ਬਣਾ ਲਿਆ ਹੈ, ਜੋ ਪ੍ਰਤੱਖ ਤੌਰ ਤੇ ਸਭ ਨੂੰ ਦਿਖਾਈ ਦੇ ਰਿਹਾ ਹੈ। ਪਰ ਪੰਜਾਬ ਸੂਬੇ ਨੂੰ ਨੰਬਰ ਇੱਕ ਬਣਾਉਣ ਦੀ ਗੱਲ, ਖੁਦਕੁਸ਼ੀ ਵਾਲੇ ਪਰਿਵਾਰਾਂ ਨੂੰ ਦੋ ਦੋ ਲੱਖ ਰੁਪਏ ਦੇਣ ਦੇ ਐਲਾਨ, ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਜਨਵਰੀ 2006 ਤੋਂ ਲਾਗੂ ਕਰਨ ਦੇ ਦਾਅਵੇ, ਖੁਦਕੁਸ਼ੀ ਕਰਨ ਵਾਲੇ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੇ ਛਲਾਵੇ, ਬਠਿੰਡਾ, ਲੁਧਿਆਣਾ ਦੇ ਹਵਾਈ ਅੱਡਿਆਂ ਤੇ ਛੇ ਮਾਰਗੀ ਸੜਕਾਂ ਬਣਾਉਣ, ਪੰਜਾਬੀਆਂ ਨੂੰ ਉੱਚ ਦਰਜੇ ਦੀਆਂ ਸਿਹਤ ਤੇ ਵਿਦਿਅਕ ਸਹੂਲਤਾਂ ਦੇਣ ਤੇ ਪੰਜਾਬ ਨੂੰ ਨਿਰਵਿਘਣ ਬਿਜਲੀ ਦੀ ਸਪਲਾਈ ਦੇਣ ਦੇ ਅਖਬਾਰੀ ਦਾਅਵੇ, 2010 ਤੱਕ ਪੰਜਾਬ ਨੂੰ ਕੈਲੀਫੋਰਨੀਆ ਬਣਾਉਣ ਦੇ ਐਲਾਨ ਕੇਵਲ ਐਲਾਨ ਹੀ ਹਨ ਤਾਂ ਕਿ ਲੋਕ ਸਭਾ ਚੋਣਾਂ ਜਿੱਤਣ ਲਈ ਪੰਜਾਬੀਆਂ ਤੇ ਸਿੱਖ ਕੌਮ ਨੂੰ ਮੂਰਖ ਬਣਾਇਆ ਜਾ ਸਕੇ।
ਉਹਨਾਂ ਕਿਹਾ ਕਿ ਇੱਥੇ ਵਰਨਣ ਕਰਨਾ ਅਤਿ ਜ਼ਰੂਰੀ ਹੈ ਕਿ ਸ: ਬਾਦਲ ਨੇ 2001 ਵਿੱਚ ਖੁਦਕੁਸ਼ੀਆਂ ਕਰਨ ਵਾਲੇ 40000 ਦੇ ਕਰੀਬ ਪਰਿਵਾਰਾਂ ਨੂੰ ਢਾਈ ਢਾਈ ਲੱਖ ਰੁਪਏ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਜਿਹਨਾ ਵਿੱਚ ਕਿਸੇ ਵੀ ਪਰਿਵਾਰ ਨੂੰ ਅੱਜ ਤੱਕ ਇੱਕ ਵੀ ਰੁਪਇਆ ਨਹੀਂ ਮਿਲਿਆ। ਬੀਤੇ ਦਿਨੀਂ “ਸੈਣੀ ਬਰਾਦਰੀ” ਨੂੰ ਪਛੜਿਆ ਕਰਾਰ ਦੇਣ ਦਾ ਜੋ ਹਸ਼ਰ ਹੋਇਆ ਹੈ, ਉਹ ਸਾਡੇ ਸਾਹਮਣੇ ਹੈ। ਇਖਲਾਕੀ ਤੇ ਸਮਾਜਿਕ ਕਦਰਾ-ਕੀਮਤਾਂ ਦਾ ਜਨਾਜ਼ਾ ਕੱਢ ਕੇ ਬੀਤੇ ਸਮੇਂ ਵਿੱਚ ਪੰਚਾਇਤਾਂ, ਨਗਰ ਕੋਸਿਲਾਂ, ਬਲਾਕ ਸੰਮਤੀਆਂ ਤੇ ਜਿ਼ਲ੍ਹਾ ਪਰਿਸ਼ਦਾਂ ਦੀਆਂ ਚੋਣਾਂ ‘ਚ ਗੈਰ ਕਾਨੂੰਨੀ ਕਾਰਵਾਈਆਂ, ਜ਼ਬਰ ਜੁਲਮ ਕੀਤੇ ਗਏ ਸਨ, ਉਹ ਵੀ ਤਾਜ਼ਾ ਹਨ, ਫਿਰ ਇਸ ਅਖਬਾਰੀ ਬਿਆਨਾਂ ਤੇ ਇਸ਼ਤਿਹਾਰਬਾਜ਼ੀ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਬਾਦਲ ਪਰਿਵਾਰ ਵੱਲੋਂ “ਹੁਣ ਪੰਜਾਬ ਰੁਕਣ ਵਾਲ ਨਹੀਂ” ਦਾ ਹੋਕਾ ਦੇਣ ਦੀ ਕਾਰਵਾਈ ਹੋਰ ਵੀ ਵੱਡੇ ਧੋਖੇ ਵਾਲੀ ਹੈ, ਜਿਸ ਤੋਂ ਪੰਜਾਬੀਆਂ ਤੇ ਸਿੱਖ ਕੌਮ ਨੂੰ ਸੁਚੇਤ ਰਹਿਣਾ ਪਵੇਗਾ।