ਫਤਿਹਗੜ੍ਹ ਸਾਹਿਬ – ਜਲੰਧਰ ਵਿੱਚ ਕਰਵਾਏ ਗਏ ਸੈਮੀਨਾਰ ਵਿੱਚ ਬਾਬਾ ਹਰਨਾਮ ਸਿੰਘ ਧੁੰਮਾ, ਭਾਈ ਮੋਹਕਮ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ‘ਬਲਿਊ ਸਟਾਰ’ ਵਿਰੁੱਧ ਮਤੇ ਪਾਉਣ ਅਤੇ ਪੰਜਾਬ ਵਿਧਾਨ ਸਭਾ ਤੇ ਹਿੰਦ ਦੀ ਪਾਰਲੀਮੈਂਟ ਵਿੱਚ ਮੁਆਫੀ ਮੰਗਣ ਦੀ ਕੀਤੀ ਜਾ ਰਹੀ ਉਤੇ ਪ੍ਰਤੀਕਰਮ ਪ੍ਰਗਟਾਉਂਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਹੁਣ ਸਮਾਂ ਮਤੇ ਪਾਉਣ ਜਾਂ ਪਵਾਉਣ ਦਾ ਨਹੀਂ ਹੈ। ਹੁਣ ਤਾਂ ਅਮਲੀ ਰੂਪ ਵਿੱਚ ਸਿੱਖ ਕੌਮ ਵੱਲੋਂ ਮਿੱਥੇ ਗਏ ਨਿਸ਼ਾਨੇ “ਖਾਲਿਸਤਾਨ” ਦੀ ਮੰਜਿ਼ਲ ਵੱਲ ਵੱਧਣ ਦਾ ਹੈ। ਮਤਿਆਂ ਨਾਲ ਸਿੱਖ ਦੀ ਆਤਮਾ ਦੀ ਭੁੱਖ ਪੂਰੀ ਨਹੀਂ ਹੁੰਦੀ। ਉਹਨਾਂ ਕਿਹਾ ਜੇਕਰ ਖਾਲਸਾ ਐਕਸ਼ਨ ਕਮੇਟੀ ਤੇ ਉਹਨਾਂ ਦੇ ਸਾਥੀ ਕੌਮ ਨੂੰ ਮੰਜਿ਼ਲ ਏ ਮਕਸੂਦ ਤੱਕ ਪਹੁੰਚਾਉਣ ਲਈ ਦ੍ਰਿੜ ਤੇ ਸੁਹਿਰਦ ਹਨ ਤਾਂ ਉਹਨਾਂ ਨੂੰ ਬਾਦਲ ਦਲੀਆਂ ਨੂੰ ਕਾਗਜ਼ੀ ਮਤਿਆ ਰਾਹੀਂ ਛੋਟ ਦੇਣ ਦੀ ਬਜਾਇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਕਿ ਅਸੀਂ ਸਮੁਹਿਕ ਤਾਕਤ ਨਾਲ ਆਪਣੇ ਬਾਦਸ਼ਾਹੀ ਸਿੱਖ ਰਾਜ ਦੀ ਸਥਾਪਨਾ ਕਰ ਸਕੀਏ।
ਸ: ਮਾਨ ਨੇ ਸ: ਸੁਖਦੇਵ ਸਿੰਘ ਲਿਬੜਾ ਐਮ ਪੀ ਵੱਲੋਂ ਕਾਂਗਰਸ ਦੀ ਟਿਕਟ ਉੱਤੇ ਚੋਣ ਲੜਨ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਕਿਹਾ ਕਿ ਜਿਸ ਕਾਂਗਰਸ ਜਮਾਤ ਨੇ ਸਿੱਖ ਕੌਮ ਨੂੰ ਡੂੰਘੇ ਜਖਮ ਦਿੱਤੇ, ਜਿਸਨੇ ਮਨੁੱਖਤਾ ਦਾ ਭਲਾ ਲੋੜਣ ਵਾਲੀ ਸਮੁੱਚੀ ਸਿੱਖ ਕੌਮ ਨੂੰ ਬਦਨਾਮ ਕਰਕੇ ਮੁਲਕ ਵਿੱਚ ਸਿੱਖ ਕੌਮ ਵਿਰੁੱਧ ਨਫਰਤ ਉਤਪੰਨ ਕੀਤੀ, ਜਿਸਨੇ ਸਿੱਖ ਧੀਆਂ, ਭੈਣਾਂ ਤੇ ਬਜ਼ੁਰਗਾਂ ਨੂੰ ਥਾਣਿਆਂ ਵਿੱਚ ਜਲੀਲ ਕੀਤਾ ਅਤੇ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਿਲਆਂ ਵਿੱਚ ਖਤਮ ਕੀਤਾ ਹੈ। ਉਸ ਜਮਾਤ ਦੀ ਟਿਕਟ ਉੱਤੇ ਚੋਣ ਲੜਕੇ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ? ਡਾ: ਮਨਮੋਹਨ ਸਿੰਘ ਜਿਸਦੇ ਅੱਜ ਸ: ਲਿਬੜਾ ਸੋਹਲੇ ਗਾ ਰਹੇ ਹਨ, ਉਸਨੇ ਪੰਜਾਬ, ਪੰਜਾਬੀਆਂ ਜਾਂ ਸਿੱਖ ਕੌਮ ਨੂੰ ਕੀ ਦਿੱਤਾ ਹੈ? ਸ: ਮਾਨ ਨੇ ਪੰਜਾਬ ਨਿਵਾਸੀਆਂ ਨੂੰ ਕਾਂਗਰਸ, ਫਿਰਕੂ ਬੀ ਜੇ ਪੀ ਅਤੇ ਬਾਦਲ ਦਲੀਆਂ ਨੂੰ ਕਰਾਰੀ ਹਾਰ ਦੇਣ ਦੀ ਅਪੀਲ ਕੀਤੀ ਤਾਂ ਕਿ ਇੱਥੇ ਇਨਸਾਫ ਦਾ ਰਾਜ ਕਾਇਮ ਕਰਕੇ ਆਪਣੇ ਕੌਮੀ ਫਰਜ਼ਾਂ ਦੀ ਪੂਰਤੀ ਕੀਤੀ ਜਾ ਸਕੇ।
ਸ: ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਸ: ਸਤਿਨਾਮ ਸਿੰਘ ਬਹਿਰੂ ਵੱਲੋਂ ਸ: ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂ ਦੇ ਗੁਣਗਾਣ ਕਰਨ ਤੋਂ ਹੈਰਾਨੀ ਪ੍ਰਗਟ ਕਰਦੇ ਹੋਏ ਕਿਹਾ ਕਿ ਸ਼੍ਰੀ ਬਹਿਰੂ ਦਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਿਸਾਨ ਵਿੰਗ ਦੇ ਪ੍ਰਧਾਨ ਬਣਨ ਤੋਂ ਪਹਿਲਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਉਸਨੇ ਪਾਰਟੀ ਦੇ ਪਲੇਟਫਾਰਮ ਦੀ ਦੁਰਵਰਤੋਂ ਕਰਕੇ ਪਹਿਲੇ ਪਾਰਟੀ ਵਿੱਚ ਫੁੱਟ ਪਾ ਕੇ ਪੰਚ ਪ੍ਰਧਾਨੀ ਲਈ ਕੰਮ ਕਰਦੇ ਰਹੇ। ਜਦੋਂ ਪੰਚ ਪ੍ਰਧਾਨੀ ਫੇਲ੍ਹ ਹੋ ਕੇ ਤਿੰਨ ਪ੍ਰਧਾਨੀ ਰਹਿ ਗਿਆ ਤਾਂ ਕਦੀ ਬਾਦਲ ਦਲ ਤੇ ਫੱਟੇ ਲਾ ਕੇ ਤੇ ਕਦੀ ਕਿਸਾਨ ਵਿੰਗ ਦੇ ਫੱਟੇ ਲਾ ਕੇ ਆਪਣੀ ਦੁਕਾਨਦਾਰੀ ਨੂੰ ਚਲਾਉਣ ਦੀ ਅਸਫਲ ਕੋਸਿ਼ਸ ਕਰਦੇ ਰਹੇ ਤੇ ਹੁਣ ਜਦੋਂ ਪੰਜਾਬ ਦੇ ਜਿ਼ੰਮੀਦਾਰਾਂ ਅਤੇ ਸਿੱਖ ਕੌਮ ਵਿੱਚ ਸ਼੍ਰੀ ਬਹਿਰੂ ਦੀਆਂ ਸਵਾਰਥੀ ਕਾਰਵਾਈਆਂ ਕਾਰਨ ਸਾਖ ਖਤਮ ਹੋ ਗਈ ਤਾਂ ਹੁਣ ਉਹ ਸ: ਪ੍ਰਕਾਸ਼ ਸਿੰਘ ਬਾਦਲ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਜੀਵਤ ਰੱਖਣ ਦੀ ਅਸਫਲ ਕੌਸਿ਼ਸ ਕਰ ਰਹੇ ਹਨ, ਜਿਸ ਵਿੱਚ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ। ਬਲਕਿ ਭਵਿੱਖ ਵਿੱਚ ਆਪਣੇ ਕੀਤੇ ਲਈ ਇਹਨਾਂ ਨੂੰ ਸ਼ਰਮਸਾਰ ਹੀ ਹੋਣਾ ਪਵੇਗਾ।