ਅੰਮ੍ਰਿਤਸਰ-ਡੇਰਾ ਸੱਚਾ ਸੌਦਾ ਦੇ ਡੇਰਾ ਪ੍ਰੇਮੀਆਂ ਦੀ ਹਫਤਾਵਾਰੀ ਨਾਮ ਚਰਚਾ ਨੂੰ ਰੋਕਣ ਲਈ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਵਲੋਂ 22 ਮਾਰਚ ਤੋਂ ਸ਼ਹੀਦੀ ਜਥੇ ( ਮਰਜੀਵੜੇ ) ਭੇਜਣ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ਲਈ ਮੁਸੀਬਤ ਦਾ ਕਾਰਨ ਬਣ ਗਿਆ ਹੈ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਡਿਪਟੀ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਐਲਾਨ ਹਜ਼ਮ ਨਹੀਂ ਹੋ ਰਿਹਾ। ਪਾਰਲੀਮੈਂਟ ਦੀਆਂ ਚੋਣਾਂ ਦੇ ਮੱਦੇਨਜ਼ਰ ਨੰਦਗੜ੍ਹ ਦੇ ਐਲਾਨ ਨੇ ਪਾਰਟੀ ਦੇ ਲਈ ਨਵੀਂ ਮੁਸੀਬਤ ਖੜੀ ਕਰ ਦਿੱਤੀ ਹੈ। ਹਾਲਾਤ ਇਹ ਹਨ ਸ: ਬਾਦਲ ਜਿਥੇ ਡੇਰਾ ਪ੍ਰੇਮੀਆਂ ਨੂੰ ਨਰਾਜ਼ ਕਰਕੇ ਉਨ੍ਹਾਂ ਦੀਆਂ ਵੋਟਾਂ ਨਹੀਂ ਗੁਆਉਣੀ ਚਾਹੁੰਦੇ, ਉਥੇ ਸ਼ਹੀਦੀ ਜਥਿਆਂ ਨੂੰ ਰੋਕਕੇ ਸਿੱਖ ਵੋਟਾਂ ਨੂੰ ਵੀ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਸ਼ਹੀਦੀ ਜਥੇ ਭੇਜੇ ਜਾਣ ਦੀ ਹਾਲਤ ਵਿਚ ਉਨ੍ਹਾਂ ਦੇ ਸਨਮੁੱਖ ਸਭ ਤੋਂ ਵੱਡੀ ਚੁਣੌਤੀ ਕਾਨੂੰਨ ਪ੍ਰਬੰਧਾਂ ਦੀ ਹੋਵੇਗੀ। ਸੂਤਰਾਂ ਅਨੁਸਾਰ ਬਾਦਲ ਨਹੀਂ ਚਾਹੁੰਦੇ ਕਿ ਕਾਂਗਰਸ ਦੇ ਹੱਥ ਕੋਈ ਅਜਿਹਾ ਮੁੱਦਾ ਆਵੇ, ਜਿਹੜਾ ਪਾਰਟੀ ਲਈ ਮਾਰੂ ਸਾਬਤ ਹੋਵੇ। ਫਿਲਹਾਲ ਉਹ ਨੰਦਗੜ੍ਹ ਨੂੰ ਮੌਜੂਦਾ ਅਹੁਦੇ ਤੋਂ ਹਟਾਉਣ ਜਾਂਨਾ ਹਟਾਉਣ ਬਾਰੇ ਵੀ ਦੁਚਿੱਤੀ ਵਿਚ ਫਸੇ ਹੋਏ ਹਨ।
ਬੇਸ਼ਕ ਉਨ੍ਹਾਂ ਦੇ ਨਜ਼ਦੀਕੀ ਨੰਦਗੜ੍ਹ ਨੂੰ ਹਟਾਉਣ ਦੀ ਸਿਫਾਰਿਸ਼ ਕਰ ਰਹੇ ਹਨ। ਪਰ ਉਹ ਜਲਦਬਾਜ਼ੀ ਵਿਚ ਕੋਈ ਅਜਿਹਾ ਕਦਮ ਨਹੀਂ ਚੁਕਣਾ ਚਾਹੁੰਦੇ ਜਿਸ ਕਰਕੇ ਕਿਸੇ ਪਾਸਿਉਂ ਵੀ ਉਨ੍ਹਾਂ ਨੂੰ ਲੋਕਾਂ ਦੀ ਨਰਾਜ਼ਗ਼ੀ ਸਹਿਣੀ ਪਵੇ। ਉਧਰ, ਕੋਈ ਵੀ ਧਾਰਮਕ ਲੀਡਰ ਇਸ ਮੁੱਦੇ ‘ਤੇ ਗਲਬਾਤ ਕਰਨ ਲਈ ਤਿਆਰ ਨਹੀਂ ਹੈ।