ਅੱਜ-ਕਲ ਅਖ਼ਬਾਰਾਂ ’ਚ ਇਹ ਵਿਸ਼ਾ ਅਕਾਰਣ ਚਰਚਾ ’ਚ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼੍ਰੋਮਣੀ ਗੁ:ਪ੍ਰ:ਕਮੇਟੀ ਤੋਂ ਇਹ ਪੁੱਛਿਆ ਗਿਆ ਸੀ, ‘ਕੀ ਜਿਹੜਾ ਮਨੁੱਖ ਕੇਸ/ਦਾੜੀ ਕੁਤਰਦਾ ਜਾਂ ਮੁੰਨਦਾ ਹੈ’ ਉਹ ਸਿੱਖ ਗੁ: ਐਕਟ 1925 ਅਨੁਸਾਰ ਸਹਿਜਧਾਰੀ ਸਿੱਖ ਹੈ? ਸਿੱਖ ਗੁ: ਐਕਟ ਅਨੁਸਾਰ ਹੀ ਜੁਆਬ ਨਾਹਪੱਖੀ ਹੈ। ਕੇਸ/ਦਾੜੀ ਕੁਤਰਨ ਜਾਂ ਮੁੰਨਣ ਵਾਲਾ ਸਹਿਜਧਾਰੀ ਸਿੱਖ ਨਹੀਂ ਹੋ ਸਕਦਾ। ਕੋਰਟ ਵੱਲੋਂ ਸਿੱਖ ਗੁ: ਐਕਟ ਅਨੁਸਾਰ ਪੁੱਛਿਆ ਗਿਆ, ਜਿਸਦਾ ਜੁਆਬ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਸ਼੍ਰੋਮਣੀ ਗੁ: ਪ੍ਰ: ਕਮੇਟੀ ਵੱਲੋਂ ਦੇ ਦਿਤਾ ਗਿਆ ਹੈ ਪਰ ਹੈਰਾਨ ਹਾਂ ਕਿ ਕੁਝ ਸਮਕਾਲੀ ਅਖ਼ਬਾਰਾਂ ਦੇ ਨਾਮਵਰ ਕਾਲਮਨਵੀਸ ਸਿੱਖ ਤੇ ਸਹਿਜਧਾਰੀ ਦੇ ਮਸਲੇ ਨੂੰ ਉਲਝਾ ਰਹੇ ਹਨ। ਉਹ ਸਿੱਖ ਰਹਿਤ ਮਰਯਾਦਾ ਤੇ ਸਿੱਖ ਗੁ: ਐਕਟ 1925 ’ਚ ਦਰਜ਼ ਪ੍ਰੀਭਾਸ਼ਾ ਨੂੰ ਰਲਗਡ ਕਰ ਰਹੇ ਹਨ। ਇਨ੍ਹਾਂ ਨੇ ਸਿੱਖ ਦੀ ਪ੍ਰੀਭਾਸ਼ਾ ’ਚੋਂ ਸਿੱਖ ਰਹਿਤ ਮਰਯਾਦਾ ’ਚ ਅੰਕਿਤ ਨੂੰ ਪੜਿਆ ਵਿਚਾਰਿਆ ਨਹੀਂ; ਦੂਸਰਾ ਸਿੱਖ ਰਹਿਤ ਮਰਯਾਦਾ ’ਚ ‘ਸਹਿਜਧਾਰੀ’ ਸ਼ਬਦ ਹੀ ਸ਼ਾਮਲ ਨਹੀਂ ਹੈ ਤਾਂ ਫਿਰ ਕਿਸ ਕੁਸ਼ੇਚਟਾ ਕਰਕੇ ਅਜਿਹਾ ਕੀਤਾ ਜਾ ਰਿਹਾ ਹੈ? ਸਿੱਖਾਂ ਨੂੰ ਕੇਸਾਂ ਦੀ ਮਹੱਤਤਾ ਤੇ ਜ਼ਰੂਰਤ ਗੈਰ-ਸਿੱਖ ਸਮਝਾ ਰਹੇ ਹਨ। ਭਾਵੇਂ ਕਿ ਅੱਜ ਬਹੁਤ ਸਾਰੇ ਸਿੱਖ ਅਖਵਾਉਣ ਵਾਲੇ ਕੇਸਾਂ ਦੀ ਬੇਅਦਬੀ ਜਾਣੇ-ਅਣਜਾਣੇ, ਹਾਲਾਤਾਂ ਵਸ, ਪੱਛਮੀ ਪ੍ਰਭਾਵ, ਹੀਰੋਇਜ਼ਮ ਦੇ ਸ਼ਿਕਾਰ ਜਾਂ ਪ੍ਰਚਾਰ ਦੀ ਘਾਟ ਕਰਕੇ ਕਰ ਰਹੇ ਹਨ ਪਰ ਇਸ ਦਾ ਮਤਲਬ ਇਹ ਨਹੀਂ! ਸਿੱਖ ਹੋਂਦ-ਹਸਤੀ ਤੇ ਪਹਿਚਾਣ ਦੇ ਲਖਾਇਕ ਕੇਸਾਂ ਦੀ ਬੇਅਦਬੀ ਕਰਕੇ ਕੇਸਾਂ ਦੀ ਮਹੱਤਤਾ ਤੋਂ ਮੁਨਕਰ ਹੋ ਜਾਵੇ।
ਸਿੱਖ ਰਹਿਤ ਮਰਯਾਦਾ ’ਚ ਜੋ ਸਿੱਖ ਦੀ ਤਾਰੀਫ਼ ਦਿਤੀ ਗਈ ਹੈ ਉਸ ਸਪੱਸ਼ਟ ਕੀਤਾ ਹੈ ਕਿ ’ਜੋ ਇਸਤਰੀ ਜਾਂ ਪੁਰਸ਼ ਇਕ ਅਕਾਲ ਪੁਰਖ, ਦਸ ਗੁਰੂ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉਤੇ ਨਿਸ਼ਚਾ ਰੱਖਦਾ ਹੈ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ ਉਹ ਸਿੱਖ ਹੈ।
ਪ੍ਰੀਭਾਸ਼ਕ ਸ਼ਬਦਾਵਲੀ ਹਮੇਸ਼ਾਂ ਹੀ ਸੰਕੋਚਵੀ, ਸੀਮਤ ਤੇ ਗੁੰਦਵੀ ਹੁੰਦੀ ਹੈ ਜਿਸਦੇ ਸਾਰ-ਵਿਸਥਾਰ ਦੀ ਹਮੇਸ਼ਾਂ ਲੋੜ ਹੁੰਦੀ ਹੈ। ਗੁਰੂ ਸਾਹਿਬਾਨ ਦੀ ਬਾਣੀ ਤੇ ਸਿਖਿਆ ’ਚ ਬਾਰ-ਬਾਰ ਅੰਕਿਤ ਹੈ ਕਿ ਸਿੱਖੀ ਸਰੂਪ ਸਾਬਤ-ਸੂਰਤ ਮਨੁੱਖ ਦਾ ਹੈ। ਇਥੋਂ ਤੀਕ ਕਿ ਅਕਾਲ ਪੁਰਖ ਦਾ ਸਰਗੁਣ ਸਰੂਪ ਜੋ ਮੰਨਿਆ ਗਿਆ ਹੈ, ਉਹ ਵੀ ਕੇਸਾਧਾਰੀ ਹੈ। ਫਿਰ ਗੁਰੂ ਬਾਣੀ ਤੇ ਗੁਰੂ ਸਾਹਿਬਾਨ ਦੀ ਸਿਖਿਆ ਨੂੰ ਮੰਨਣ ਵਾਲਾ ਕੇਸਾਂ ਤੋਂ ਬਿਨ੍ਹਾਂ ਕਿਵੇਂ ਹੋਵੇਗਾ?
ਸਿੱਖ ਰਹਿਤ ਮਰਯਾਦਾ ਸਿੱਖੀ ਵਿਧਾਨ ਹੈ, ਜਿਸਨੂੰ ਗੁਰੂ-ਪੰਥ ਦੀ ਪ੍ਰਵਾਨਗੀ ਹਾਂਸਲ ਹੈ। ਇਸ ਵਿਚ ਕੇਸਾਂ ਦੀ ਮਹੱਤਤਾ ਤੇ ਲੋੜ ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਹਰ ਸਿੱਖ ਸੁਭਾ-ਸ਼ਾਮ ਜੋ ਅਰਦਾਸ ਕਰਦਾ ਹੈ, ਉਸ ਵਿਚ ਉਨ੍ਹਾਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨੇ ਸਿੱਖੀ ਕੇਸਾਂ-ਸੁਆਸਾਂ ਨਾਲ ਨਿਬਾਹੀ। ਉਨ੍ਹਾਂ ਦਾ ਸਤਿਕਾਰ ਤੇ ਅਭਿਨੰਦਨ ਹਰ ਸਿੱਖ ਕਰਦਾ ਹੈ।
ਫਿਰ ਹਰ ਸਿੱਖ ਸਮੂੰਹਿਕ ਮੰਗ ਕਰਦਾ ਹੈ, ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਤੇ ਰਹਿਤ ਦਾਨ…… ਜਿਸ ਤੋਂ ਭਾਵ ਹੈ ਕਿ ਕੇਸ ਸਿੱਖ ਨੂੰ ਗੁਰੂ ਦੀ ਅਮਾਨਤ ਰੂਪ ’ਚ ਮਿਲੇ ਹਨ ਤੇ ਗੁਰੂ-ਪਿਤਾ ਹੀ ਕੇਸਾਂ ਦੇ ਮਾਣ-ਪਿਆਰ ਤੇ ਸਤਿਕਾਰ ਨਿਬਾਹ ਸਕਣ ਦੀ ਸ਼ਕਤੀ ਤੇ ਸਮਰਥਾ ਬਖਸ਼ਿਸ਼ ਕਰ ਸਕਦਾ ਹੈ। ਕੇਸ ਗੁਰੂ ਨਾਲ ਜੁੜੇ ਹੋਣ ਦੀ ਪਹਿਲੀ ਨਿਸ਼ਾਨੀ ਹੈ।
ਦੂਸਰਾ, ਤਖ਼ਤਾਂ ’ਤੇ ਹਰ ਸਿੱਖ, ਗੈਰ-ਸਿੱਖ ਦੀ ਅਰਦਾਸ ਹੋ ਸਕਦੀ ਹੈ ਪਰ ਸਿੱਖੀ ਦੀ ਪਦ-ਪਦਵੀ ਤੋਂ ਗਿਰੇ ਪਤਿਤ ਤੇ ਤਨਖਾਹੀਏ ਦੀ ਅਰਦਾਸ ਨਹੀਂ ਹੋ ਸਕਦੀ। ਇਸ ਤੋਂ ਵੱਡੀ ਸਜ਼ਾ ਹੋਰ ਕੀ ਹੋ ਸਕਦੀ ਹੈ? ਕੇਸਾਂ ਨੂੰ ਤਲਾਜ਼ਲੀ ਦੇਣ ਵਾਲੇ ਸਿੱਖ ਨੂੰ!
ਫਿਰ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ: 20 ’ਤੇ ਅੰਕਤ ਹੈ। ‘ਕੇਸ ਲੜਕੇ ਕੇ ਜੋ ਹੋਏ ਸੋ ਉਨ੍ਹਾਂ ਦਾ ਬੁਰਾ ਨਾਂ ਮੰਗੇ ’ ਕੇਸ ਉਹੀ (ਜਮਾਂਦਰੂ) ਰੱਖੇ, ਨਾਮ ਸਿੰਘ ਰੱਖੇ। ਸਿੱਖ ਆਪਣੇ ਲੜਕੇ-ਲੜਕੀਆਂ ਦੇ ਕੇਸ ਸਾਬਤ ਰੱਖੇ।
ਅੰਮ੍ਰਿਤ-ਸੰਸਕਾਰ ਸਮੇਂ ਸਪੱਸ਼ਟ ਕੀਤਾ ਗਿਆ ਹੈ ਕਿ ਘੱਟੋ-ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਪ੍ਰਾਣੀ ਜਿਸ ਨੇ ਅੰਮ੍ਰਿਤ-ਪਾਨ ਕਰਨਾ ਹੋਵੇ ਉਸ ਨੇ ਕੇਸੀ ਇਸ਼ਨਾਨ ਕੀਤਾ ਹੋਵੇ। ਹਰੇਕ, ਪੰਜ ਕਕਾਰਾਂ ਦਾ ਧਾਰਣੀ ਹੋਵੇ। ਪਹਿਲਾ ਕਕਾਰ ਫਿਰ ਕੇਸ ਹੈ। ਅੰਮ੍ਰਿਤ ਛਕਾਉਣ ਸਮੇਂ ਪੰਜ ਛੱਟੇ ਕੇਸਾਂ ’ਚ ਪਾਏ ਜਾਂਦੇ ਹਨ। ਰਹਿਤਾਂ ਤੋਂ ਬਾਅਦ ਕੁਰਹਿਤਾਂ ਬਾਰੇ ਦੱਸਿਆ ਜਾਂਦਾ ਹੈ, ਜੋ ਚਾਰ ਹਨ – ਪਹਿਲੀ ਕੁਰਹਿਤ – ਕੇਸਾਂ ਦੀ ਬੇਅਦਬੀ । ਸੋ ਉਪਰੋਕਤ ਸੰਖੇਪ ਵਰਨਣ ਤੋਂ ਸਪੱਸ਼ਟ ਹੈ ਹਰ ਸਿੱਖ ਸਦਵਾਉਣ ਵਾਲੇ ਨੇ ਕੇਸਾਂ ਦੀ ਸੰਭਾਲ ਤੇ ਸਤਿਕਾਰ ਕਰਨਾ ਹੈ, ਬੇਅਦਬੀ ਨਹੀਂ ਕਰਨੀ। ਕੇਸਾਂ ਦੀ ਬੇਅਦਬੀ ਕਰਨ ਵਾਲਾ ਸਿੱਖ ਪਦ-ਪਦਵੀ ਤੋਂ ਵਿਹੂਣਾ ਹੋ ਜਾਂਦਾ ਹੈ। ਕੇਸਾਧਾਰੀ ਹੋ ਕੇ ਜੋ ਕੇਸ ਕਟਾਉਂਦਾ ਹੈ, ਉਹ ਸਿਰਗੁੰਮ ਹੈ। ਸਹਿਜਧਾਰੀ ਸਿੱਖ ਨਹੀਂ। ਪਰ ਕੇਸਾਂ ਦੀ ਬੇਅਦਬੀ ਕਰਨ ਵਾਲਾ ਨਵਾਂ ਬਹਾਨਾ ਬਣਾਏਗਾ ਕਿ ਸਿੱਖ ਗੁ:ਐਕਟ ਵਿਚ ਤਾਂ ਦਾੜੀ/ਕੇਸ ਕੁਤਰਨ ਜਾਂ ਮੁਨਣ ਬਾਰੇ ਹੀ ਜ਼ਿਕਰ ਹੈ, ਸਰੀਰ ਦੇ ਬਾਕੀ ਹਿੱਸੇ ਦੇ ਕੇਸਾਂ ਬਾਰੇ ਤਾਂ ਜ਼ਿਕਰ ਨਹੀਂ! ਸਿੱਖ ਸ਼ਬਦਾਵਲੀ ਵਿਚ ਵਾਲਾਂ ਨੂੰ ਸਤਿਕਾਰ ਵਜ਼ੋਂ ਕੇਸ ਕਿਹਾ ਜਾਂਦਾ ਹੈ। ਕੇਸਾਂ ਜਾਂ ਵਾਲਾਂ ਦੀ ਸਰੀਰ ’ਤੇ ਵਿਆਪਕਤਾ ਤੋਂ ਇਨ੍ਹਾਂ ਦੀ ਲੋੜ ਤੇ ਮਹੱਤਤਾ ਸਪੱਸ਼ਟ ਹੋ ਜਾਂਦੀ ਹੈ। ਸਾਡੇ ਦੇਸ਼ ਦੀ ਬਦਕਿਸਮਤੀ ਹੈ, ਕਿ ਮੁਗਲਰਾਜ-ਕਾਲ ਸਮੇਂ ਜੇਕਰ ਸਜਾਂ ਵਜ਼ੋਂ ਕੇਸ ਕਤਲ ਕਰਾਉਣ ਦਾ ਹੁਕਮ ਦਿੱਤਾ ਗਿਆ, ਤਾਂ ਜੋ ਭਾਰਤੀ ਹਿੰਦੂ ਕੇਸਾਧਾਰੀ ਹੋਣ ਕਰਕੇ ਸਿੱਖ ਨਾ ਸਮਝਿਆ ਜਾਵੇ ਤਾਂ ਅਸੀਂ ਕੇਸ ਕਤਲ ਕਰਨ ਨੂੰ ਫੈਸ਼ਨ ਪ੍ਰਵਾਨ ਕਰ ਲਿਆ। ਉਸ ਸਮੇਂ ਸਿੱਖਾਂ ਦਾ ਕਿਉਂਕਿ ਨਿਤ ਸ਼ਿਕਾਰ ਕੀਤਾ ਜਾਂਦਾ ਸੀ। ਮੇਰੇ ਭਾਰਤ ਮਹਾਨ ਦੇ ਹਿੰਦੂ-ਵਾਸੀਆਂ ਨੇ ਆਪਣੀ ਪਿਤਾ-ਪੁਰਖੀ ਜਟਾ-ਜੂਟ ਕੇਸਾਧਾਰੀ ਪਹਿਚਾਣ ਨੂੰ ਮਿਟਾ ਦਿਤਾ, ਕਿ ਅਸੀਂ ਸਿੱਖਾਂ ਵਾਂਗ ਜ਼ਬਰ-ਜ਼ੁਲਮ ਦੇ ਸ਼ਿਕਾਰ ਨਾ ਹੋ ਜਾਈਏ। ਰਾਮਾਇਣ, ਮਹਾਂਭਾਰਤ, ਰਾਮਲੀਲਾ, ਕ੍ਰਿਸ਼ਨ-ਲੀਲਾ ਆਦਿ ਦੇ ਸਾਰੇ ਪਾਤਰ ਅੱਜ ਵੀ ਕੇਸਾਧਾਰੀ ਬਣਾਏ ਜਾਂਦੇ ਹਨ, ਨਕਲੀ ਦਾੜੀ ਕੇਸ ਲਗਾ ਕੇ! ਜ਼ਬਰ-ਜ਼ੁਲਮ ਤੋਂ ਡਰ ਕੇ ਪਹਿਲਾਂ ਭਾਰਤੀ ਨੇ ਆਪਣੀ ਵਿਰਾਸਤ ਨੂੰ ਤਿਲਾਜ਼ਲੀ ਦਿੱਤੀ ਤੇ ਨਕਲ ਕਰਨ ਲੱਗਿਆਂ ਵੀ ਅਸਲ ਸਰੂਪ ਨਹੀਂ ਦਰਸਾ ਸਕਦੇ!!
ਮੇਰਾ ਭਾਰਤ ਮਹਾਨ! ਦੇ ਹਿੰਦੂ ਪ੍ਰਚਾਰਕ ਵੀਰ, ਸੰਤ, ਮਹਾਂਪੁਰਸ਼ ਅੱਜ ਵੀ ਜ਼ਿਆਦਾਤਰ ਕੇਸਾਧਾਰੀ ਸਰੂਪ ’ਚ ਹਨ ਉਹ ਭਾਵੇਂ ਬਜ਼ੁਰਗ ਬਾਪੂ ਆਸਾ ਰਾਮ, ਜੋਗ ਗੁਰੂ ਰਾਮਦੇਵ, ਜਾਂ ਆਰਟ ਆਫ ਲਿਵਿੰਗ ਦੇ ਗੁਰੂ, ਸ੍ਰੀ ਸ੍ਰੀ ਰਵੀ ਸ਼ੰਕਰ ਹੋਣ – ਅਧਿਆਤਮਕ ਤੌਰ ਤੋਂ ਭਾਰਤੀ ਸੰਸਕ੍ਰਿਤੀ ਅਨੁਸਾਰ ਕੇਸ ਪ੍ਰਭੂ-ਪ੍ਰਮਾਤਮਾ ਨਾਲ ਇਕਮਿਕ ਹੋਣ ਦੀ ਮੋਹਰ ਹੈ।
ਗੁਰਮਤਿ ਵਿਚਾਰਧਾਰਾ ਮਨੁੱਖ ਨੂੰ ਪ੍ਰਭੂ-ਰਜ਼ਾ ਵਿਚ ਜੀਵਨ ਜਿਉਣ ਦੀ ਤਾਕੀਦ ਕਰਦੀ ਹੈ। ਇਹੀ ਕਾਰਨ ਹੈ ਕਿ ਗੁਰਮਤਿ ਵਿਚ ਪ੍ਰਭੂ ਸਿਰਜਤ ‘ਸਾਬਤ ਸੂਰਤ’ ਜੀਵ ਨੂੰ ਹੀ ਪ੍ਰਵਾਨ ਕੀਤਾ ਗਿਆ ਹੈ। ਪ੍ਰਭੂ ਹੁਕਮ ਅਨੁਸਾਰ ਹਰ ਜੀਵ ਦੇ ਲੋੜ ਅਨਸੁਾਰ ਅੰਗ ਸਿਰਜੇ ਹੋਏ ਹਨ, ਕਿਸੇ ਵੀ ਜੀਵ ਦਾ ਕੋਈ ਅੰਗ ਬੇਲੋੜਾ ਤੇ ਵਾਧੂ ਨਹੀਂ ਹੁੰਦਾ। ਮਨੁੱਖ ਪ੍ਰਭੂ ਸਿਰਜਤ ਕੁਦਰਤ ਦਾ ਸਭ ਤੋਂ ਹੁਸੀਨ ਤੇ ਚੇਤੰਨ ਪ੍ਰਾਣੀ ਹੈ, ਇਸ ਧਰਤੀ ਦੇ ਸਭ ਜੀਵਾਂ ’ਤੇ ਮਨੁੱਖ ਦੀ ਹੀ ਸਿਰਦਾਰੀ ਹੈ। ਮਨੁੱਖੀ ਸਰੀਰ ਦੀ ਘਾੜਤ ਕਰਤੇ ਦੀ ਸਿਰਜਣਾ ਸ਼ਕਤੀ ਦੀ ਚਰਮਸੀਮਾ ਹੀ ਕਹੀ ਜਾ ਸਕਦੀ ਹੈ। ਮਨੁੱਖੀ ਸਰੀਰ ਦੇ 2ਹੋਰ ਅੰਗਾਂ ਵਾਂਗ ਕੇਸ ਮਨੁੱਖੀ ਸਰੀਰ ਦਾ ਅਤਿਅੰਤ ਮਹੱਤਵਪੂਰਨ ਹਿੱਸਾ ਹਨ। ਇਨ੍ਹਾਂ ਦੀ ਲੋੜ ਤੇ ਮਹੱਤਤਾ ਦਾ ਅੰਦਾਜ਼ਾ ਸਾਰੇ ਸਰੀਰ ਤੇ ਇਨ੍ਹਾਂ ਦੀ ਵਿਆਪਕਤਾ ਤੇ ਗਿਣਤੀ ਤੋਂ ਸਹਿਜੇ ਹੀ ਹੋ ਸਕਦਾ ਹੈ। ਮਨੁੱਖ ਅਗਿਆਨਤਾ ਵੱਸ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਯਤਨ ਕੇਸਾਂ ਦੀ ਬੇਅਦਬੀ ਕਰਕੇ ਕਰਦਾ ਹੈ ਪਰ ਦੇਖੋ ਕੁਦਰਤੀ ਕਰਾਮਾਤ ਕਿ ਬੱਚੇ ਦੇ ਜਨਮ ਸਮੇਂ ਕੇਸ ਹੁੰਦੇ ਹਨ ਤੇ ਮਨੁੱਖ ਦੇ ਅੰਤਮ ਸੁਆਸਾਂ ਤੱਕ ਨਿਰੰਤਰ ਵਿਕਾਸ ਕਰਦੇ ਰਹਿੰਦੇ ਹਨ। ਜਿਤਨਾ ਮਰਜ਼ੀ ਮਨੁੱਖ ਇਨ੍ਹਾਂ ਨੂੰ ਮਿਟਾਉਣ ਦਾ ਯਤਨ ਕਰੇ, ਇਹ ਆਪਣੀ ਹੋਂਦ ਹਸਤੀ ਤੇ ਮਹੱਤਵ ਦਾ ਪ੍ਰਗਟਾ ਕਰਦੇ ਹੀ ਰਹਿੰਦੇ ਹਨ। ਕੇਸ ਕੱਟਣ ਵਾਲੇ ਯਤਨਸ਼ੀਲ ਰਹਿੰਦੇ ਹਨ ਕਿ ਕੇਸ ਨਾ ਹੋਣ ਪਰ ਕੁਦਰਤ ਮਨੁੱਖ ਨੂੰ ਉਸਦੀ ਅਲਪੱਗਤਾ-ਅਗਿਆਨਤਾ ਦਾ ਅਹਿਸਾਸ ਕਰਾਉਣ ਲਈ ਕੇਸਾਂ ਦੀ ਹੋਂਦ ਨਿਰੰਤਰ ਬਣਾਈ ਰੱਖਦੀ ਹੈ। ਖ਼ੈਰ, ਅਸੀਂ ਇਥੇ ਆਮ ਮਨੁੱਖ ਦੀ ਗੱਲ ਨਹੀਂ ਕਰ ਰਹੇ, ਅਸੀਂ ਤਾਂ ਪ੍ਰਭੂ ਰਜ਼ਾ ਵਿਚ ਜੀਵਨ ਜੀਉਣ ਵਾਲੇ ਜੀਊੜੇ, ਗੁਰਮਤਿ ਵਿਚਾਰਧਾਰਾ ਦੇ ਧਾਰਨੀ ਗੁਰਸਿੱਖ ਦੀ ਗੱਲ ਕਰਨੀ ਚਾਹੁੰਦੇ ਹਾਂ।
‘ਨਾਨਕ ਨਿਰਮਲ ਪੰਥ’ ਦੇ ਪਾਂਧੀ ਬਣਨ ਲਈ ਪਹਿਲੀ ਸ਼ਰਤ ਕੇਸਾਧਾਰੀ ਹੋਣਾ ਹੈ। ਕੇਸ ਸਿੱਖ ਹੋਣ ਦੀ ਪਹਿਲੀ ਨਿਸ਼ਾਨੀ ਤੇ ਮੁੱਢਲੀ ਸ਼ਰਤ ਹੈ। ਇਹੀ ਕਾਰਨ ਹੈ ਕਿ ਸਿੱਖ ਨੂੰ ਵਿਸ਼ਵ ਵਿਚ ਆਪਣੇ-ਧਰਮ, ਮਜ਼ਹਬ, ਅਕੀਦੇ ਬਾਰੇ ਕਿਧਰੇ ਜਾਣ-ਪਹਿਚਾਣ ਕਰਾਉਣ ਦੀ ਲੋੜ ਨਹੀਂ ਪੈਂਦੀ। ਕੇਸ ਗੁਰੂ ਦੀ ਮੋਹਰ ਹਨ। ਗੁਰਮਤਿ ਵਿਚਾਰਧਾਰਾ ਅਨੁਸਾਰ ਪਰਮਾਤਮਾ ਦਾ ਸਰੂਪ ਵੀ ਕੇਸਾਧਾਰੀ ਹੀ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ:
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥
ਸੋਹਣੇ ਨਕ ਜਿਨ ਲੰਮੜੇ ਵਾਲਾ ॥ (ਪੰਨਾ-567)
ਕੇਸ ਅਧਿਆਤਮਕਤਾ ਦੇ ਚਿੰਨ ਤੇ ਗਿਆਨ-ਪ੍ਰਕਾਸ਼ ਮਈ ਵਿਅਕਤੀ ਦੀ ਪਹਿਚਾਣ ਹਨ। ਇਹੀ ਕਾਰਨ ਹੈ ਕਿ ਸੰਸਾਰ ਦੇ ਬਹੁਤ ਸਾਰੇ ਧਾਰਮਿਕ, ਅਧਿਆਤਮਕ ਨੇਤਾ-ਮੁਖੀ ਕੇਸਾਧਾਰੀ ਹੁੰਦੇ ਹਨ ਅਤੇ ਅੱਜ ਵੀ ਹਨ। ਜਿਵੇਂ ਆਧੁਨਿਕ ਕਾਲ ਦੇ ਧਾਰਮਿਕ ਦਾਰਸ਼ਨਿਕ ਵਿਅਕਤੀ ਅਰਵਿੰਦੇ ਘੋਸ਼, ਰਬਿੰਦਰਨਾਥ ਟੈਗੋਰ, ਅਚਾਰੀਆ ਰਜਨੀਸ਼ ਆਦਿ ਸਭ ਕੇਸਧਾਰੀ ਸਨ।
ਕੇਸ ਕੇਵਲ ਗਿਆਨ-ਪ੍ਰਕਾਸ਼, ਅਧਿਆਤਮਕਤਾ ਦੇ ਹੀ ਲਖਾਇਕ ਨਹੀਂ ਸਗੋਂ ਇਹ ਤਾਂ ਮਰਦਾਊਪੁਣੇ, ਸੂਰਬੀਰਤਾ, ਨਿਰਭੈਤਾ, ਅਣਖ, ਆਨ-ਸ਼ਾਨ ਦੇ ਵੀ ਪ੍ਰਤੀਕ ਹਨ। ਪੰਜਾਬੀ ਜ਼ੁਬਾਨ ਦੇ ਇਹ ਮੁਹਾਵਰੇ ਇਸ ਗੱਲ ਦੀ ਭਰਪੂਰ ਸ਼ਾਹਦੀ ਭਰਦੇ ਹਨ- ਦਾੜੀ ਖੋਹ ਪਾਉਣੀ, ਦਾਹੜੀ ਪੁੱਟਣੀ, ਦਾੜੀ ਮੁੰਨਵਾਉਣੀ, ਗੁੱਤ ਮੁੰਨਣੀ, ਮੁੱਛਾਂ ਕੱਟਵਾ ਲੈਣੀਆਂ ਆਦਿ।
ਸਿੱਖ ਧਰਮ ਵਿਚ ਤਾਂ ਕੇਸ ਮੁਢਲੀ-ਸ਼ਰਤ ਤੇ ਪਹਿਚਾਣ ਹਨ। ਸਿੱਖਾਂ ਦੀ ਜੇਕਰ ਅੱਜ ਤੱਕ ਵਿਸ਼ਵ ਵਿਚ ਆਪਣੀ ਵਿਸ਼ਵ-ਵਿਆਪੀ ਵਿਲੱਖਣ ਹੌਂਦ-ਹਸਤੀ ਪਹਿਚਾਣ ਹੈ, ਤਾਂ ਉਹ ਵਿਲੱਖਣ ਵਿਚਾਰਧਾਰ ਤੇ ਕੇਸਾਧਾਰੀ ਸਰੂਪ ਕਰਕੇ ਹੀ ਹੈ। ਜੇਕਰ ਸਿੱਖਾਂ ਲਈ ਕੇਸਾਧਾਰੀ ਸਰੂਪ ਨਿਰਧਾਰਤ ਨਾ ਹੁੰਦਾ ਤਾਂ ਅੱਜ ਨੂੰ ਬ੍ਰਾਹਮਣਵਾਦ ਦੇ ਦੈਂਤ ਨੇ ਸਿੱਖ ਧਰਮ ਨੂੰ ਨਿਗਲ ਲਿਆ ਹੁੰਦਾ।
ਇਤਿਹਾਸ ਇਸ ਗੱਲ ਦਾ ਸਾਖੀ ਹੈ ਕਿ ਜਦੋਂ ਗੁਰੂ ਬਾਬੇ ਨਾਨਕ ਜੀ ਨੇ ਧਰਮ-ਲੋਕਾਈ ਨੂੰ ਸੋਧਣ ਦਾ ਕਾਰਜ ਆਰੰਭ ਕੀਤਾ ਤਾਂ ਉਨ੍ਹਾਂ ਆਪਣੇ ਸਾਥੀ ਮਰਦਾਨੇ ਨੂੰ ਹਦਾਇਤ ਕੀਤੀ ਕਿ ਮਰਦਾਨਿਆਂ ! ਇਹਨਾਂ ਤਿੰਨ ਗੱਲਾਂ ਨੂੰ ਪੱਲੇ ਬੰਨ੍ਹ ਲੈ ਪਹਿਲੀ, ਕੇਸ ਨਹੀਂ ਕਟਾਉਣੇ, ਦੂਜੀ- ਅੰਮ੍ਰਿਤ ਵੇਲਾ ਨਹੀਂ ਖੁੰਝਾਉਣਾ, ਤੀਜਾ ਆਏ-ਗਏ ਅਤਿਥੀਆਂ ਦੀ ਸੇਵਾ ਪਿਆਰ ਨਾਲ ਕਰਨੀ। ਇਸ ਤੋਂ ਸਪੱਸ਼ਟ ਹੈ ਕਿ ਕੇਸ ਰੱਖਣ ਦਾ ਗੁਰਸਿੱਖਾਂ ਲਈ ਆਰੰਭ ਤੋਂ ਹੀ ਹੁਕਮ ਹੈ। ਦਸ ਗੁਰੂ ਸਾਹਿਬਾਨ ਦਾ ਸਰੂਪ ਕੇਸਾਧਾਰੀ ਸੀ। ਇਸ ’ਤੇ ਕੋਈ ਗੁਰਸਿੱਖ ਸਦਾਉਣ ਵਾਲਾ ਸੰਦੇਹ ਨਹੀਂ ਕਰ ਸਕਦਾ, ਮਨਮੁੱਖ-ਬੇਮੁੱਖ ਜੋ ਮਰਜ਼ੀ ਕਹੀ ਜਾਵੇ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਗੁਰਮਤਿ ਵਿਚ ਰਹਿਤ ਨੂੰ ਅਮਲ ਵਿਚ ਲਿਆਉਣ’ਤੇ ਬਹੁਤ ਜ਼ੋਰ ਦਿੱਤਾ ਗਿਆ ਹੈ। ਆਦਿ ਗੁਰੂ, ਗੁਰੂ ਨਾਨਕ ਦੇਵ ਜੀ ਉਸ ਮਨੁੱਖ ਨੂੰ ਮਨਮੁੱਖ ਆਖਦੇ ਹਨ ਜੋ ਕਥਨੀ ਤਾਂ ਕਰਦਾ ਹੈ ਪਰ ਰਹਿਤ ਦਾ ਧਾਰਣੀ ਨਹੀਂ-ਭਾਵ ਜਿਸ ਦੀ ਕਹਿਣੀ-ਕਥਨੀ-ਕਰਨੀ ਵਿਚ ਇਕਸਾਰਤਾ-ਇਕਸੁਰਤਾ ਨਹੀਂ-ਉਹ ਮਨਮੁੱਖ ਹੈ, ਗੁਰਸਿੱਖ ਨਹੀਂ। ਗੁਰੂ ਹੁਕਮ ਹੈ:
ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥
ਸਾਚੀ ਰਹਤ ਸਾਚਾ ਮਨਿ ਸੋਈ ॥
ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥ (ਪੰਨਾ-831)
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਵੀ ਫ਼ਰਮਾਨ ਹੈ:
ਰਹਤ ਅਵਰ ਕਛੁ ਅਵਰ ਕਮਾਵਤ ॥
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥ (ਪੰਨਾ-269)
ਜੋ ਗੁਰੂ ਹੁਕਮ ਨੂੰ ਮੰਨਦਾ ਹੈ, ਉਹੀ ਗੁਰੂ ਦਾ ਹੈ ਤੇ ਗੁਰੂ ਵੀ ਉਸਦੀ ਹੀ ਬਹੁੜੀ ਕਰਦਾ ਹੈ। ਗੁਰੂ ਜੀ ਉਪਦੇਸ਼ ਕਰਦੇ ਹਨ-ਉਹੀ ਗੁਰਸਿੱਖ-ਗੁਰਭਾਈ ਹੈ ਜੋ ਗੁਰੂ ਹੁਕਮ-ਭਾਣੇ ਨੂੰ ਮੰਨਦਾ ਹੈ। ਜੋ ਗੁਰੂ ਗੁਰੂ-ਭਾਣੇ ਨੂੰ ਨਹੀਂ ਮੰਨਦਾ ਉਹ ਗੁਰੂ ਤੋਂ ਦੂਰ ਹੈ, ਜੋ ਗੁਰੂ ਤੋਂ ਦੂਰ ਹੈ ਉਹ, ਗੁਰੂ ਦਾ ਸਿੱਖ ਕਦਾਚਿਤ ਨਹੀਂ ਹੋ ਸਕਦਾ:
ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥ (ਪੰਨਾ-601)
ਹੁਣ ਗੁਰਸਿੱਖ ਕਹਾਉਣ ਵਾਲੇ ਨੇ ਸੋਚਣਾ ਸਮਝਣਾ ਤੇ ਅਮਲ ਕਰਨਾ ਹੈ ਕਿ ਜੇ ਉਸਨੇ ਗੁਰਸਿੱਖ ਸਦਵਾਉਣਾ ਹੈ ਤਾਂ ਉਸਨੂੰ ਗੁਰੂ ਦਰਸਾਈ ਰਹਿਤ ਤੇ ਧਾਰਨੀ ਬਣਨਾ ਪਵੇਗਾ, ਨਹੀਂ ਤਾਂ ਮਨਮੁੱਖ ਲਈ ਸਾਰੇ ਰਾਹ ਖੁੱਲੇ ਹਨ। ਸਿੱਖ ਹੋ ਕੇ ਕੇਸਾਂ ਦੀ ਬੇਅਦਬੀ ਕਰਨ ਵਾਲਾ ਗੁਰਸਿੱਖ ਨਹੀਂ, “ਸਿਰਗੁੰਮ” ਹੈ, “ਕੁਰਹਿਤੀਆ” ਹੈ। ਸਾਰੇ ਹੀ ਰਹਿਤਨਾਮੇ ਇਸ ਗੱਲ ਦੀ ਸ਼ਾਹਦੀ ਭਰਦੇ ਹਨ। ਦਸਮੇਸ਼ ਪਿਤਾ, ਹਜ਼ੂਰ ਦੇ ਹਜ਼ੂਰੀ ਕਵੀ ਭਾਈ ਨੰਦ ਲਾਲ ਜੀ ਪੰਜ ਕਕਾਰਾਂ ਨੂੰ ਸਿੱਖ ਹੋਣ ਦੀ ਨਿਸ਼ਾਨੀ ਦੱਸਦੇ ਹਨ। ਇਨ੍ਹਾਂ ਤੋਂ ਬਿਨ੍ਹਾਂ ਸਿੱਖ ਨਹੀਂ ਅਖਵਾਇਆ ਜਾ ਸਕਦਾ। ਇਹ ਹਨ-ਕੇਸ, ਕੜਾ, ਕਿਰਪਾਨ, ਕੱਛਾ, ਕੰਘਾ। ਪਰ ਕੇਸਾਂ ਤੋਂ ਬਿਨ੍ਹਾਂ ਦੂਸਰੇ ਚਾਰ ਕਕਾਰ ਬੇ-ਅਰਥ ਹਨ। ਭਾਈ ਸਾਹਿਬ ਕਥਨ ਕਰਦੇ ਹਨ:
ਨਿਸ਼ਾਨੇ ਸਿੱਖੀ ਪੰਜ ਹਰਫ਼ ਕਾਫ਼।
ਹਰਗਿਜ਼ ਨ ਬਾਸ਼ਦ ਈਂ ਪੰਜ ਮੁਆਫ਼।
ਕੜਾ ਕਾਰਦੋਂ ਕੱਛ ਕੰਘਾ ਬਿਦਾਂ।
ਬਿਲਾ ਕੇਸ ਹੇਚ ਅਸਤ ਲੁਮਲੇ ਨਿਸ਼ਾਂ।
ਗੁਰਬਿਲਾਸ ਪਾਤਸ਼ਾਹੀ ਦਸਵੀਂ ਅਨੁਸਾਰ ਗੁਰਦੇਵ ਦਾ ਹੁਕਮ ਹੈ-
ਬਿਨਾਂ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ।
ਗਹੋ ਕਾਨ ਤਾ ਕੌ, ਕਿਤੇ ਲੋ ਸਿਧਾਨੋ।
ਇਹੇ ਮੋਰ ਆਗਿਆ ਸੁਨ ਲੇ ਪਿਆਰੇ।
ਬਿਨਾ ਤੇਗ ਕੇਸੰ ਦਿਵੋ ਨ ਦਿਦਾਰੇ।
ਭਾਈ ਸਾਹਿਬ ਸਿੰਘ ਵਿਚ ਵੀ ਕਥਨ ਹੈ:
ਗੁਰ ਕੀ ਛਾਪ ਸਿਰ ਕੇਸ ਦੀ ਪਾਹੁਲ
ਦੇਇ ਉਤਾਰ ਸੋ ਬੇਮੁਖ ਜਾਨਹੁ।2॥
ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿਚ ਆਇਆ ਹੈ:
ਪਾਂਖਹੁ ਬਿਨ ਬਿਹੰਗ (ਪੰਛੀ) ਜਿਮ ਹੋਈ।
ਊਰਬ (ਉਨ) ਬਿਨਾ ਭੇਡ ਜਿਮ ਕੋਈ।
ਬਸਨ (ਬਸਤਰ) ਬਿਨਾਂ ਨਾਰੀ ਹੈ ਜੈਸੇ।
ਭਾਈ ਚਉਪਾ ਸਿੰਘ ਲਿਖਦੇ ਹਨ:
ਗੁਰ ਕਾ ਸਿੱਖ ਕੇਸ ਮੁਹਰ ਨਿਸ਼ਾਨੀ ਸਿਖੀ ਦੀ ਜਾਣੇ।
ਕੇਸ ਗੁਰੂ ਦੀ ਮੋਹਰ ਛਾਪ ਹਨ। ਜਿਸ ਪਾਸ ਗੁਰੂ ਦੀ ਮੋਹਰ ਹੈ, ਉਹ ਕੁਦਰਤੀ ਹੈ- ਇਸ ਦੀ ਕੀਮਤੀ ਨੂੰ ਜਾਣਦਾ ਹੋਇਆ, ਇਨ੍ਹਾਂ ਦੇ ਮਹੱਤਵ ਨੂੰ ਬਣਾਈ ਰੱਖਣ ਲਈ ਇਨ੍ਹਾਂ ਦੀ ਸੇਵਾ-ਸੰਭਾਲ ਕਰੇਗਾ। ਇਹੀ ਕਾਰਨ ਹੈ ਕਿ ਸਿੱਖ ਆਪਣੇ ਗੌਰਵਮਈ ਸਰੂਪ ਦੀ ਪਹਿਚਾਣ ਕਰਕੇ, ਉਚ ਆਚਰਨ ਦਾ ਸਾਕਾਰ ਸਰੂਪ ਹੈ, ਕਿਉਂਕਿ ਕੇਸ ਉੱਚ ਆਚਰਨ, ਚੰਗੇ ਇਖਲਾਕ ਦੇ ਪ੍ਰਤੀਕ ਹਨ।
ਮੁਗਲ ਕਾਲ ਵਿਚ ਸਿੱਖਾਂ ਨੂੰ ਸਿੱਖੀ ਸਰੂਪ ਭਾਵ ਕੇਸਾਧਾਰੀ ਸਰੂਪ ਰੱਖਣ ਲਈ ਬਹੁਤ ਵੱਡੀ ਕੀਮਤ ਚਕਾਉਣੀ ਪਈ। ਸਿੱਖਾਂ ਦਾ ਸ਼ਿਕਾਰ ਕਰਨ ਵਾਲੀ ਮੁਗਲ ਹਕੂਮਤ ਪਾਸ ਸਿੱਖਾਂ ਦੀ ਹੀ ਪਹਿਚਾਣ ਸੀ-ਸਿੱਖਾਂ ਦਾ ਕੇਸਾਧਾਰੀ ਸਰੂਪ। ਹਜ਼ਾਰਾਂ ਉਦਾਹਰਣਾਂ ਹਨ ਕਿ ਸਿੱਖਾਂ ਨੇ ਸਿਰ ਤਾਂ ਦੇ ਦਿਤੇ ਪਰ ਕੇਸ ਕਤਲ ਨਹੀਂ ਕਰਵਾਏ। ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਗਏ – ਇਸ ਨਾਲ ਕੇਸ, ਸਿੱਖੀ, ਸਿਦਕ, ਭਰੋਸੇ ਦਾ ਲਖਾਇਕ ਬਣੇ। ਇਤਿਹਾਸ ਵਿਚੋਂ ਇਕ ਵੀ ਉਦਾਹਰਣ ਅਜਿਹੀ ਨਹੀਂ ਮਿਲਦੀ ਕਿ ਇਕ ਵੀ ਗੁਰੂ ਕੇ ਅਖਵਾਉਣ ਵਾਲੇ ਗੁਰਸਿੱਖ ਨੇ ਜੀਵਨ ਦੀ ਸ਼ਰਤ ’ਤੇ ਕੇਸ ਕਟਾਏ ਹੋਣ। ਸਗੋਂ ਸਾਡੀ ਪੰਥਕ ਅਰਦਾਸ ਵਿਚ ਪਹਿਲਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ ਦੀ ਮੰਗ ਕੀਤੀ ਗਈ ਕਿ ਹੇ ਸਤਿਗੁਰੂ ਅਸਾਂ ਨੂੰ ਇਤਨਾ ਬਲ-ਉਤਸ਼ਾਹ ਬਖਸ਼ਣਾ ਕਿ ਅਸੀਂ ਸਿੱਖੀ ਕੇਸਾਂ ਸੰਗ ਨਿਭਾ ਸਕੀਏ! ਇਹ ਕੇਸਧਾਰੀ ਸਰੂਪ ਦੇ ਧਾਰਨੀ ਲੋਕ ਹੀ ‘ਸਿਰਦਾਰ’ ਅਖਵਾਏ, ਨਹੀਂ ਤਾਂ ਬਾਊ ਜੀ ਤਾਂ ਆਮ ਪ੍ਰਚਲਤ ਹੈ ਹੀ ਸੀ!
ਜੋ ਵਾਸੀ ਹੈ “ਕੇਸਗੜ੍ਹ” ਦਾ ਉਹ ਕੇਸਾਂ ਤੋਂ ਬਿਨਾਂ ਕਿਸ ਤਰ੍ਹਾਂ ਰਹਿ ਸਕਦਾ ਹੈ! ਅਰਦਾਸ ਦੇ ਇਹ ਸ਼ਬਦ, ਕਿਸੇ ਗੁਰਸਿੱਖ ਨੂੰ ਵਿਸਰ ਨਹੀ ਸਕਦੇ ਕਿ – “ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ‘ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆ ਕੀਤੀਆਂ, ਧਰਮ ਨਹੀ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਿਨ੍ਹਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ! ਬੋਲੋ ਜੀ ਵਾਹਿਗੁਰੂ!
ਕੀ ਅਰਦਾਸ ਦੇ ਇਸ ਬੰਦ ਨੂੰ ਸਵੇਰੇ-ਸ਼ਾਮ ਯਾਦ ਕਰਨ ਵਾਲਾ ਗੁਰਸਿੱਖ ‘ਕੇਸਾਂ ਤੋਂ ਬਿਨਾਂ ਹੋ ਸਕਦਾ ਹੈ? ਹਰਗਿਜ਼ ਨਹੀਂ! ਗੁਰਸਿੱਖਾਂ ਵਿਚ ਦੁਫੇੜ ਪਾਉਣ, ਨਵੀਂ ਦੁਬਿਧਾ ਪੈਦਾ ਕਰਨ ਲਈ ਕਈ ਨਾਸਤਿਕ ਬਿਰਤੀਆਂ ਦੇ ਧਾਰਨੀ ਲੋਕ – ਗੁਰਸਿੱਖ ਦੇ ਸਰੂਪ ਬਾਰੇ ਵਿਵਾਦ ਖੜ੍ਹਾ ਕਰ ਰਹੇ ਹਨ ਕਿ ਸਿੱਖ ਸਦਾਉਣ ਵਾਲੇ ਲਈ ਇਹ ਜਰੂਰੀ ਨਹੀਂ ਕਿ ਉਹ ਕੇਸਾਧਾਰੀ ਹੋਵੇ।
ਗੁਰਦੁਆਰੇ ਸਭ ਦੇ ਸਾਂਝੇ ਹਨ ਇਸ ਲਈ ਸਹਿਜਧਾਰੀ (ਇਨ੍ਹਾਂ ਅਨੁਸਾਰੀ ਕਲੀਨ ਸੇਵਨ) ਗੁਰਦੁਆਰਾ ਪ੍ਰਬੰਧ ਵਿਚ ਹਿੱਸੇਦਾਰ ਹਨ। ਕਿਤਨੀ ਹਾਸੋਹੀਣੀ ਤੇ ਬੇਅਰਥ ਦਲੀਲ ਹੈ! ਕੱਲ੍ਹ ਨੂੰ ਇਹ ਲੋਕ ਕਹਿਣਗੇ ਕਿ ਗੁਰਦੁਆਰਿਆਂ ਵਿਚ ਹਿੰਦੂ, ਇਸਾਈ, ਮੁਸਲਮਾਨ, ਬੋਧੀ, ਜੋਗੀ ਆਦਿ ਆ ਸਕਦੇ ਹਨ – ਇਸ ਕਰਕੇ ਇਨ੍ਹਾਂ ਨੂੰ ਪ੍ਰਬੰਧ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ?
ਜੋ (ਸਿੱਖ) ਕੇਸ ਕਤਲ ਕਰਦਾ ਹੈ ਉਹ “ਸਿਰਗੁੰਮ” ਹੈ। ਸਿੱਖ ਨਹੀਂ, ਫਿਰ ਕੇਸਾਂ ਨੂੰ ਤਿਲਾਂਜਲੀ ਦੇਣ ਵਾਲਾ “ਸਹਿਜਧਾਰੀ” ਕਿਵੇਂ ਬਣ ਗਿਆ? ਗੁਰਦੁਆਰੇ ਸਿੱਖ ਧਰਮ ਅਸਥਾਨ ਹਨ ਤੇ ਇਨ੍ਹਾਂ ਦਾ ਪ੍ਰਬੰਧ ਰਹਿਤ-ਬਹਿਤ ਦੇ ਧਾਰਨੀ-ਅੰਮ੍ਰਿਤਧਾਰੀ-ਸੂਝਵਾਨ ਗੁਰਸਿੱਖਾਂ ਨੂੰ ਹੀ ਕਰਨਾ ਚਾਹੀਦਾ ਹੈ।