ਲ਼ੁਧਿਆਣਾ 19 ਮਾਰਚ(ਪਰਮਜੀਤ ਸਿੰਘ ਬਾਗੜੀਆ)ਪੈਸੇਫਿਕ ਦੇਸ਼ ਨਿਊਜ਼ੀਲੈਂਡ ਵਿਚ ਵਸਦੇ ਸਿੱਖਾਂ ਵਲੋਂ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਂੇ ਵਰ੍ਹੇ ਦੀ ਆਮਦ ਮੌਕੇ ਵਿਸ਼ਾਲ ਧਾਰਮਿਕ ਸਮਾਗਮ ਤੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਨਿਊਜ਼ੀਲੈਂਡ ਸਿੱਖ ਸੁਸਾਇਟੀ ਆਕਲੈਂਡ ਅਤੇ ਨਿਊਜ਼ੀਲੈਂਡ ਸਿੱਖ ਸੁਪਰੀਮ ਕੌਂਸਲ ਵਲੋਂ ਸਾਂਝੇ ਤੌਰ ਤੇ ਉਲੀਕੇ ਇਸ ਪ੍ਰੋਗਰਾਮ ਅਨੁਸਾਰ ਗੁਰਦੁਆਰਾ ਕਲਗੀਧਰ ਸਕੂਲ ਰੋਡ ਟਾਕਾਨਿਨੀ,ਆਕਲੈਂਡ ਵਿਖੇ ਇਕ ਹਫਤਾ ਲਗਾਤਾਰ ਗੁਰਬਾਣੀ ਕੀਰਤਨ ਤੇ ਕਥਾ ਵਿਖਿਆਨ ਕਰਵਾਇਆ ਗਿਆ ਜਿਸ ਵਿਚ ਸਿੱਖ ਸੰਗਤਾਂ ਨੇ ਪੰਜਾਬ ਤੋਂ ਪੁੱਜੇ ਪ੍ਰਸਿੱਧ ਰਾਗੀ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਤੇ ਉੱਘੇ ਗੁਰਮਤਿ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਜੀ ਲੁਧਿਆਣਾ ਪਾਸੋਂ ਗੁਰਬਾਣੀ ਕੀਰਤਨ ਤੇ ਗੁਰਮਤਿ ਕਥਾ ਵਿਖਿਆਨ ਸਰਵਣ ਕੀਤਾ।ਆਖਿਰੀ ਦਿਨ ਰੈਣਸਬਾਈ ਕੀਰਤਨ ਵਿਚ ਨਿਊਜ਼ੀਲੈਂਡ ਵਸਦੀਆਂ ਸਿੱਖ ਸੰਗਤਾਂ ਨੇ ਦੂਰੋਂ-ਦੂਰੋਂ ਆ ਕੇ ਹਾਜ਼ਰੀ ਭਰੀ।ਇਸ ਮੌਕੇ ਪ੍ਰਬੰਧਕਾਂ ਵਲੋਂ ਭਾਈ ਸਰਵਣ ਸਿੰਘ ਭਰਾਤਾ ਸ਼ਹੀਦ ਭਾਈ ਸਤਵੰਤ ਸਿੰਘ ਦਾ ਉਚੇਚਾ ਸਨਮਾਨ ਕੀਤਾ ਗਿਆ।
ਇਸ ਮੌਕੇ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿਚ ਪੰਜਾਬ ਤੇ ਆਸਟ੍ਰੇਲੀਆ ਤੋ ਵਿਸ਼ੇਸ਼ ਤੌਰ ਤੇ ਪੁੱਜੇ ਕਬੱਡੀ ਖਿਡਾਰੀਆਂ ਨੇ ਆਪਣੀ ਖੇਡ ਦੇ ਜੌਹਰ ਵਿਖਾਏ।ਆਕਲੈਂਡ ਦੇ ਨੌਜਵਾਨ ਸਿੱਖ ਪ੍ਰਬੰਧਕ ਸ. ਕੁਲਦੀਪ ਸਿੰਘ ਵਾਈਟਰੋਜ਼ ਗਰੁੱਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਈ ਦਲਜੀਤ ਸਿੰਘ ਮੁੱਖ ਬੁਲਾਰਾ ਨਿਊਜੀਲੈਂਡ ਸਿੱਖ ਸੁਪਰੀਮ ਕੌਂਸਲ,ਭਾਈ ਮਨਪ੍ਰੀਤ ਸਿੰਘ ਮੁਖੀ ਧਾਰਮਿਕ ਵਿੰਗ,ਸ.ਹਰਜਿੰਦਰ ਸਿੰਘ ਜਿੰਦੀ ਪ੍ਰਧਾਨ ਸਿੱਖ ਸੁਸਾਇਟੀ,ਸ.ਰਣਵੀਰ ਸਿੰਘ ਲਾਲੀ ਵਾਈਟਰੋਜ਼ ਗਰੁੱਪ ਵਾਲੇ ਸੈਕਟਰੀ ਅਤੇ ਵਰਿੰਦਰ ਬਰੇਲੀ ਮੁਖੀ ਸਪੋਰਟਸ ਵਿੰਗ ਦੇ ਸਹਿਯੋਗ ਨਾਲ ਕਬੱਡੀ ਦੇ ਸਥਾਨਕ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਦੇ ਮੁਕਾਬਲੇ ਕਰਵਾਏ ਗਏ।ਮੈਲਬੌਰਨ,ਆਸਟ੍ਰੇਲੀਆ ਤੋਂ ਸ. ਗੁਰਬਖਸ਼ ਸਿੰਘ ਬੈਂਸ ਦੀ ਅਗਵਾਈ ਵਿਚ ਇਕ ਕਬੱਡੀ ਟੀਮ ਪੁੱਜੀ ਹੋਈ ਸੀ।ਨਿਊਜ਼ੀਲੈਂਡ ਵਸਦੇ ਕਬੱਡੀ ਖਿਡਾਰੀਆਂ ਦੀਆਂ ਟੀਮਾਂ ਦੇ ਹੋਏ ਮੁਕਾਬਲੇ ਵਿਚ ਦੁਆਬਾ ਦੀ ਟੀਮ ਫਸਟ ਤੇ ਵਾਈਟਰੋਜ਼ ਕਬੱਡੀ ਟੀਮ ਸੈਕਿੰਡ ਰਹੀ।ਦੁਆਬਾ ਟੀਮ ਵਲੋਂ ਇੰਦਰਜੀਤ ਸਿੰਘ ਕਾਲਕਟ ਦੀ ਅਗਵਾਈ ਵਿਚ ਖੇਡੇ ਖਿਡਾਰੀਆਂ ਅੰਗਰੇਜ਼,ਪੰਡਤ,ਜੱਸਾ ਤੇ ਸੋਨੀ ਵਧੀਆ ਖੇਡੇ ਜਦਕਿ ਵਾਈਟਰੋਜ਼ ਟੀਮ ਵਲੋਂ ਗਿੰਦਾ ਮਹੇੜੂ ਤੇ ਕੁਲਦੀਪ ਸਿੰਘ ਨੇ ਵਧੀਆਂ ਕਬੱਡੀਆਂ ਪਾਈਆਂ ਅਤੇ ਇਸ ਟੀਮ ਦੇ ਜਾਫੀ ਰਿੱਕੀ,ਲੱਖਾ ਤੇ ਮਨਦੀਪ ਨੇ ਵੀ ਚੰਗੇ ਜੱਫੇ ਲਾਏ।ਅੰਤਰਰਾਸ਼ਟਰੀ ਮੈਚਾਂ ਵਿਚ ਇੰਡੀਆ ਦੀ ਟੀਮ ਫਸਟ ਤੇ ਨਿਊਜ਼ੀਲੈਂਡ ਦੀ ਟੀਮ ਸੈਕਿੰਡ ਰਹੀ।ਅੰਤਰਰਾਸ਼ਟਰੀ ਪੱਧਰ ਦੇ ਮੈਚਾਂ ਵਿਚ ਪ੍ਰਸਿੱਧ ਖਿਡਾਰੀਆਂ ਪਾਲਾ ਜਲਾਲਪੁਰ,ਗੋਰਾ ਖੀਰਾਂਵਾਲੀ,ਇੰਦਰਜੀਤ ਸਿੰਘ ਤੁੰਨਾ ਚਮਿਆਰਾ,ਜੱਗਾ ਲੱਲੀਆਂ,ਸੁੱਖਾ ਫੈੇਸਲਾਬਾਦ, ਸੋਨੂ ਜੰਪ,ਫੌਜੀ ਭੋਲੇਕੇ ਗੁਰਦਾਸਪੁਰ,ਰਾਜੂ ਖੋਜੇਵਾਲ,ਗੱਜਣ ਫੱਤੂ ਨੰਗਲ,ਹੈਪੀ ਮਨਸੂਰਵਾਲ,ਜੱਗਾ ਸ਼ਿਕਾਰ ਮਾਛੀਆਂ, ਸੰਜੀਵ ਪੰਡਤ ਸੁਰਖਪੁਰ ਨੇ ਆਪਣੀ ਸੋਹਣੀ ਖੇਡ ਦਾ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿਚੋਂ ਸਿੱਖ ਕਬੱਡੀ ਖਿਡਾਰੀਆਂ ਦਾ ਨਿਊਜ਼ੀਲੈਂਡ ਦੀਆਂ ਸਿੱਖ ਸੰਗਤਾਂ ਵਲੋਂ ਵਿਸ਼ੇਸ਼ ਮਾਣ ਸਤਿਕਾਰ ਵੀ ਕੀਤਾ ਗਿਆ।ਮੈਚਾਂ ਦੀ ਰੈਫਰੀ ਵਿੰਦਰ ਸੈਦੋਵਾਲ ਤੇ ਸਤਕਰਤਾਰ ਧੁੱਗਾ ਵਲੋ ਕੀਤੀ ਗਈ। ਕਬੱਡੀ ਦੀ ਕੁਮੈਂਟਰੀ ਲਈ ਹਰ ਸਾਲ ਵਾਂਗ ਇਸ ਵਾਰ ਵੀ ਮਾਈਕ ਮੱਖਣ ਅਲੀ ਹਵਾਲੇ ਸੀ।ਟੂਰਨਾਮੈਂਟ ਵਿਚ ਸਥਾਨਕ ਲੇਬਰ ਪਾਰਟੀ ਦੇ ਆਗੂ ਮੁਖ ਮਹਿਮਾਨਾਂ ਵਜੋਂ ਪੁੱਜੇ ਹੋਏ ਸਨ।ਪ੍ਰਬੰਧਕਾਂ ਵਲੋਂ ਇਨ੍ਹਾਂ ਮੁੱਖ ਮਹਿਮਾਨਾਂ ਸਮੇਤ ਸਿੱਖ ਮਹਿਮਾਨਾਂ ਤੇ ਕਬੱਡੀ ਖਿਡਾਰੀਆਂ ਤੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।