ਲੁਧਿਆਣਾ -ਟਰਾਂਟੋ ਵੱਸਦੇ ਪ੍ਰਸਿੱਧ ਪੰਜਾਬੀ ਕਵੀ ਅਤੇ ਫਿਲਮ ਨਿਰਮਾਤਾ ਬਲਬੀਰ ਸਿਕੰਦ ਦੀ ਕਾਵਿ ਪੁਸਤਕ ‘ਮੇਰੇ ਗੀਤ ਕੁਸੈਲੇ ਹੋਏ’ ਨੂੰ ਰਿਲੀਜ਼ ਕਰਦਿਆਂ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸਾਸ਼ਤਰੀ ਅਤੇ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ: ਸਰਦਾਰਾ ਸਿੰਘ ਜੌਹਲ ਨੇ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਲਿਖਾਰੀ, ਕਲਾਕਾਰ ਅਤੇ ਚਿੱਤਰਕਾਰ ਅਸਲ ਅਰਥਾਂ ਵਿੱਚ ਪੰਜਾਬ ਦੇ ਰਾਜਦੂਤ ਹਨ ਜੋ ਸਾਡੀਆਂ ਭਾਵਨਾਵਾਂ ਅਤੇ ਲੋੜਾਂ ਥੋੜਾਂ ਦੀ ਪੇਸ਼ਕਾਰੀ ਆਪਣੀਆਂ ਰਚਨਾਵਾਂ ਵਿੱਚ ਅਕਸਰ ਕਰਦੇ ਹਨ। ਉਨ੍ਹਾਂ ਆਖਿਆ ਕਿ ਲੁਧਿਆਣਾ ਵਿੱਚ ਪੈਦਾ ਹੋ ਕੇ ਸ਼੍ਰੀ ਸਿਕੰਦ ਨੇ ਉੱਘੇ ਗੀਤਕਾਰ ਨੰਦ ਲਾਲ ਨੂਰਪੁਰੀ ਜੀ ਦੀ ਸੰਗਤ ਵਿੱਚ ਲਿਖਣਾ ਸ਼ੁਰੂ ਕਰਕੇ ਜਿਹੜੀ ਬੁ¦ਦੀ ਛੋਹੀ ਹੈ ਉਹ ਪੰਜਾਬੀ ਲੋਕ ਮਨ ਦੀ ਸਹੀ ਤਰਜ਼ਮਾਨੀ ਕਰਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੁਖਦੇਵ ਸਿੰਘ ਭਵਨ ਵਿਖੇ ਇਕ ਸਾਦਾ ਰਸਮ ਦੌਰਾਨ ਇਹ ਕਿਤਾਬ ਰਿਲੀਜ਼ ਕੀਤੀ ਗਈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਇਸ ਮੌਕੇ ਆਪਣੇ ਉਤਸ਼ਾਹੀ ਬੋਲਾਂ ਵਿੱਚ ਕਿਹਾ ਕਿ ਬਲਬੀਰ ਸਿੰਘ ਸਿਕੰਦ ਵਰਗੇ ਲੇਖਕ ਜਦ ਇਸ ਯੂਨੀਵਰਸਿਟੀ ਵਿੱਚ ਆ ਕੇ ਰਚਨਾ ਪੇਸ਼ ਕਰਦੇ ਹਨ ਤਾਂ ਸਾਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ ਕਿਉਂਕਿ ਇਹ ਸੰਸਥਾ ਡਾ: ਮਹਿੰਦਰ ਸਿੰਘ ਰੰਧਾਵਾ, ਕੁਲਵੰਤ ਸਿੰਘ ਵਿਰਕ, ਪ੍ਰੋਫੈਸਰ ਮੋਹਨ ਸਿੰਘ, ਅਜਾਇਬ ਚਿਤਰਕਾਰ ਅਤੇ ਸੁਰਜੀਤ ਪਾਤਰ ਦੀ ਛੋਹ ਪ੍ਰਾਪਤ ਧਰਤੀ ਹੈ। ਉਨ੍ਹਾਂ ਆਖਿਆ ਕਿ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਨੂੰ ਜੋ ਪ੍ਰਵਾਸੀ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਜਿੰਮੇਂਵਾਰੀ ਸੌਂਪੀ ਗਈ ਹੈ ਉਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।
ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਲੇਖਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਿਲਮ ਅਦਾਕਾਰ ਧਰਮਿੰਦਰ ਅਤੇ ਉਨ੍ਹਾਂ ਦੇ ਛੋਟੇ ਵੀਰ ਅਜੀਤ ਦਿਓਲ ਦੇ ਸਾਥੀ ਰਹੇ ਬਲਬੀਰ ਸਿਕੰਦ ਖੁਦ ਵੀ ਅੰਬਰੀ ਫਿਲਮ ਦੇ ਨਿਰਮਾਤਾ ਹਨ ਅਤੇ ਉਨ੍ਹਾਂ ਦੇ ਲਿਖੇ ਗੀਤ ਪਾਕਿਸਤਾਨ ਦੇ ਪ੍ਰਸਿੱਧ ਗਾਇਕਾਂ ਇਕਬਾਲ ਬਾਹੂ, ਸ਼ਾਜੀਆ ਮਨਜੂਰ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਗਾਇਆ। ਇਸ ਮੌਕੇ ਗੁਰਭਜਨ ਗਿੱਲ ਨੇ ਬਲਬੀਰ ਸਿਕੰਦ ਦੀ ਸ਼ਾਇਰੀ ਨੂੰ ਨੰਦ ਲਾਲ ਨੂਰਪੁਰੀ ਦੀ ਸ਼ਾਇਰੀ ਦੇ ਬਹੁਤ ਨੇੜੇ ਗਿਣਦਿਆਂ ਆਖਿਆ ਕਿ ਪੰਜਾਬੀ ਜ਼ੁਬਾਨ ਵਿਚੋਂ ਅਲੋਪ ਹੋ ਰਹੀ ਪੇਂਡੂ ਚਾਸ਼ਣੀ ਨਾਲ ਭਰਪੂਰ ਇਹ ਰਚਨਾਵਾਂ ਸਾਡੇ ਲਈ ਵਿਸ਼ਵ ਕੋਸ਼ੀ ਮਹੱਤਤਾ ਰੱਖਦੀਆਂ ਹਨ।
ਅੰਮ੍ਰਿਤਸਰ ਦੇ ਸਾਬਕਾ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਦੇ ਸਪੈਸ਼ਲ ਪ੍ਰਿੰਸੀਪਲ ਸੈਕਟਰੀ ਸ: ਕਾਹਨ ਸਿੰਘ ਪਨੂੰ ਅਤੇ ਪੀ ਏ ਯੂ ਪ੍ਰਬੰਧਕੀ ਬੋਰਡ ਦੀ ਮੈਂਬਰ ਸਰਦਾਰਨੀ ਸੁਪਿੰਦਰ ਕੌਰ ਚੀਮਾ ਤੋਂ ਇਲਾਵਾ ਬੇਸਿਕ ਸਾਇੰਸ ਕਾਲਜ ਦੇ ਡੀਨ ਡਾ: ਤੇਜਵੰਤ ਸਿੰਘ ਨੇ ਵੀ ਸ: ਬਲਬੀਰ ਸਿੰਘ ਸਿਕੰਦ ਨੂੰ ਇਸ ਪੁਸਤਕ ਦੇ ਪ੍ਰਕਾਸ਼ਨ ਤੇ ਮੁਬਾਰਕਬਾਦ ਦਿੱਤੀ।