ਲੁਧਿਆਣਾ: – ਪ੍ਰਸਿੱਧ ਪੰਜਾਬੀ ਗੀਤਕਾਰ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲਾ ਦੇ ਨਵੇਂ ਛਪੇ ਦੋ ਗੀਤ ਸੰਗ੍ਰਹਿ ਚਾਨਣ ਦੀ ਫੁਲਕਾਰੀ ਅਤੇ ਜੁਗਨੀ ਸੱਚ ਕਹਿੰਦੀ ਨੂੰ ਅੱਜ ਕਿਸਾਨ ਮੇਲੇ ਮੌਕੇ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬ ਗੀਤਕਾਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਆਪਣੀਆ ਕਲਮਾਂ ਤਿੱਖੀਆਂ ਕਰਨ ਅਤੇ ਗਿਆਨ ਵਿਗਿਆਨ ਨੂੰ ਵੀ ਦਿਲਚਸਪ ਅੰਦਾਜ਼ ਨਾਲ ਆਪਣੇ ਗੀਤਾਂ ਵਿੱਚ ਸ਼ਾਮਿਲ ਕਰਨ। ਉਨ੍ਹਾਂ ਆਖਿਆ ਕਿ ਅਸਾਂ ਸਾਰਿਆਂ ਨੇ ਸਾਂਝੇ ਯੱਗ ਵਿੱਚ ਆਪੋ ਆਪਣੇ ਜ਼ਿੰਮੇ ਲੱਗੇ ਕਾਰਜਾਂ ਦੀ ਆਹੂਤੀ ਪਾਉਣੀ ਹੈ ਅਤੇ ਇਸ ਨਾਲ ਹੀ ਪੰਜਾਬ ਨੂੰ ਫਿਰ ਖੁਸ਼ਹਾਲੀ ਦੇ ਰਾਹ ਤੋਰਿਆ ਜਾ ਸਕੇਗਾ। ਉਨ੍ਹਾਂ ਆਖਿਆ ਕਿ ਗੀਤ ਸਿਫਰ ਮੰਨੋਰੰਜਨ ਨਹੀਂ ਸਗੋਂ ਸਮਾਜਿਕ ਸੁਨੇਹੇ ਵਾਲਾ ਵੀ ਹੋਣਾ ਚਾਹੀਦਾ ਹੈ ਅਤੇ ਇਸ ਕੰਮ ਵਿੱਚ ਹਰਦੇਵ ਦਿਲਗੀਰ ਪਹਿਲਾਂ ਨਾਲੋਂ ਵੱਧ ਸ਼ਕਤੀ ਨਾਲ ਜੁਟਣਗੇ। ਉਨ੍ਹਾਂ ਆਖਿਆ ਕਿ ਭਰੂਣ ਹੱਤਿਆ, ਨਸ਼ਾਖੋਰੀ, ਕੰਮਚੋਰੀ ਅਤੇ ਆਪਣੀ ਧਰਤੀ ਨਾਲ ਮੋਹ ਕਮਜ਼ੋਰ ਪੈਣਾ ਨਵੀਆਂ ਕੁਰੀਤੀਆਂ ਹਨ ਜਿਨ੍ਹਾਂ ਦੇ ਖਿਲਾਫ ਗੀਤਕਾਰ ਅਤੇ ਗਾਇਕ ਰਲ ਕੇ ਹੰਭਲਾ ਮਾਰ ਸਕਦੇ ਹਨ। ਉਨ੍ਹਾਂ ਸ੍ਰੀ ਦਿਲਗੀਰ ਨੂੰ ਕਿਹਾ ਕਿ ਉਹ ਆਪਣੀ ਸਿਰਜਾਣਤਮਕ ਸ਼ਕਤੀ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨਾਲ ਪੱਕੇ ਤੌਰ ਤੇ ਜੋੜਨ।
ਇਸ ਕਿਤਾਬ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵੱਲੋਂ ਛਪਦੇ ਮਾਸਕ ਪੱਤਰ ਚੰਗੀ ਖੇਤੀ ਦੇ ਸੰਪਾਦਕ ਗੁਰਭਜਨ ਗਿੱਲ ਨੇ ਆਖਿਆ ਕਿ ਹਰਦੇਵ ਦਿਲਗੀਰ ਦੇ ਗੀਤਾਂ ਵਿੱਚੋਂ ਪੰਜਾਬ ਦੀਆਂ ਮਲਵਈ ਸੁਆਣੀਆਂ, ਮਾਲਵੇ ਦੇ ਚੋਬਰਾਂ, ਇਥੋਂ ਦੇ ਟਿੱਬਿਆਂ, ਰੋਹੀਆਂ ਵਿੱਚ ਕੰਮ ਕਰਦੇ ਮਿਹਨਤੀ ਕਾਮਿਆਂ ਦੇ ਚਾਵਾਂ, ਮਲਾਰਾਂ, ਪਿਆਰਾਂ ਅਤੇ ਨੁਹਾਰਾਂ ਦਾ ਅਕਸ ਸਦੀਵ ਰੂਪ ਵਿੱਚ ਨਜ਼ਰੀ ਆਉਂਦਾ ਹੈ। ਉਨ੍ਹਾਂ ਆਖਿਆ ਕਿ ਜਿਹੜਾ ਕੰਮ ਕਈ ਵਾਰ ਕਿਸੇ ਚਿਤਰਕਾਰ ਤੋਂ ਨਹੀਂ ਹੁੰਦਾ, ਹਰਦੇਵ ਦਿਲਗੀਰ ਉਸ ਨੂੰ ਸ਼ਬਦਾਂ ਨਾਲ ਕਰ ਦਿੰਦਾ ਹੈ। ਇਸ ਪੁਸਤਕ ਦੇ ਪ੍ਰਕਾਸ਼ਨ ਤੇ ਮੁਬਾਰਕ ਦਿੰਦਿਆਂ ਡਾ: ਜਗਤਾਰ ਧੀਮਾਨ ਨੇ ਆਖਿਆ ਕਿ ਪਿਛਲੇ 50 ਸਾਲਾਂ ਦੀ ਲਗਾਤਾਰ ਗੀਤ ਸਿਰਜਣਾ ਨਾਲ ਹਰਦੇਵ ਦਿਲਗੀਰ ਨੇ ਤਿੰਨ ਪੀੜ੍ਹੀਆਂ ਨੂੰ ਪੰਜਾਬੀ ਸਭਿਆਚਾਰ ਦੇ ਵੱਖ-ਵੱਖ ਪੱਖਾਂ ਤੋਂ ਜਾਣੂੰ ਕਰਵਾਇਆ ਹੈ।
ਇਸ ਕਿਤਾਬ ਦੇ ਰਿਲੀਜ਼ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਪਰਮਜੀਤ ਸਿੰਘ ਮਿਨਹਾਸ, ਨਿਰਦੇਸ਼ਕ ਪਸਾਰ ਸਿੱਖਿਆ ਡਾ: ਦਲਜੀਤ ਸਿੰਘ ਢਿੱਲੋਂ, ਅਪਰ ਨਿਰਦੇਸ਼ਕ ਸੰਚਾਰ ਡਾ: ਜਗਤਾਰ ਸਿੰਘ ਧੀਮਾਨ, ਡਾ: ਕਮਲ ਮਹਿੰਦਰਾ, ਡਾ: ਜਸਵਿੰਦਰ ਭੱਲਾ ਵੀ ਹਾਜ਼ਰ ਸਨ।