ਅੰਮ੍ਰਿਤਸਰ:- ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਥਾਨਕ ਗੁਰੂ ਨਾਨਕ ਹਾਲ ਵਿਖੇ ਧਰਮ ਪ੍ਰਚਾਰ ਕਮੇਟੀ ਦੀ ਮੀਟਿੰਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਦੌਰਾਨ ਵੱਖ-ਵੱਖ ਗੁਰਦੁਆਰਾ ਸਾਹਿਬ ਨੂੰ ਸਹਾਇਤਾ ਦੇਣ ਤੋਂ ਇਲਾਵਾ, ਸੰਗੀਤ ਅਕੈਡਮੀ ਸ਼ੇਖਪੁਰ (ਹਰਿਆਣਾ) ਨੂੰ 9 ਲੱਖ 60 ਹਜ਼ਾਰ, ਸਿੱਖ ਕੌਂਸਲ (ਉੁੜੀਸਾ) ਨੂੰ ਲਿਟਰੇਚਰ ਲਈ 4 ਲੱਖ ਰੁਪਏ ਦੀ ਸਹਾਇਤਾ,ਗੁਰਦੁਆਰਾ ਗੁਰੂ ਸਾਹਿਬ ਮਹਿਰਾਜ (ਬਠਿੰਡਾ) ਵਿਖੇ ਗੁਰਮਤਿ ਸੰਗੀਤ ਵਿਦਿਆਲਾ ਖੋਲ੍ਹਣ ਦੀ ਪ੍ਰਵਾਨਗੀ, ਫੌਜ ਦੇ ਗੁਰਦੁਆਰਾ ਸਾਹਿਬ ਨੂੰ ਲੋੜੀਂਦੀ ਸਹਾਇਤਾ ਤੋਂ ਇਲਾਵਾ ਅਹਿਮ ਮਤੇ ਪਾਸ ਕੀਤੇ ਗਏ। ਇਸ ਤੋਂ ਇਲਾਵਾ ਹੋਰ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਲਿਟਰੇਚਰ ਅਤੇ ਹੋਰ ਲੋੜੀਂਦੀ ਸਹਾਇਤਾ ਦਿੱਤੀ ਗਈ ਹੈ। ਇਸ ਦੌਰਾਨ ਸੋਹਲਾਪੁਰ (ਮਹਾਂਰਾਸ਼ਟਰ) ਵਿਖੇ 4 ਸਿੱਖਾਂ ਦਾ ਜਬਰਦਸਤੀ ਧਰਮ ਪਰਿਵਰਤਨ ਦੇ ਮਾਮਲੇ ’ਤੇ ਗੰਭੀਰ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਪੈਸ਼ਲ ਡੈਲੀਗੇਟ ਭੇਜਣ ਅਤੇ ਮਹਾਰਾਸ਼ਟਰ ਸਰਕਾਰ ਨੂੰ ਦਖਲ ਦੇਣ ਦੀ ਅਪੀਲ ਵੀ ਕੀਤੀ ਗਈ।ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਾਬਾ ਅਮਰੀਕ ਸਿੰਘ ਕਾਰਸੇਵਾ ਵਾਲਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤੀ ਕਾਰਸੇਵਾ ਵਾਪਿਸ ਲੈ ਲਈ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਸ. ਦਲਮੇਘ ਸਿੰਘ, ਐਡੀ: ਸਕੱਤਰ ਸ. ਹਰਜੀਤ ਸਿੰਘ, ਸ. ਸੁਰਜੀਤ ਸਿੰਘ, ਸ. ਭਰਪੂਰ ਸਿੰਘ, ਸ. ਹਰਦਲਵੀਰ ਸਿੰਘ, ਸ. ਰਤਨ ਸਿੰਘ ਜਫਰਵਾਲ, ਸ. ਜੰਗਬਹਾਦਰ ਸਿੰਘ (ਸਾਰੇ ਮੈਂਬਰ ਧਰਮ ਪ੍ਰਚਾਰ ਕਮੇਟੀ), ਮੀਤ ਸਕੱਤਰ ਸ. ਮਨਜੀਤ ਸਿੰਘ, ਸ. ਵਿਕਰਮਜੀਤ ਸਿੰਘ ਮੀਡੀਆ ਸਲਾਹਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ. ਪਰਮਜੀਤ ਸਿੰਘ (ਪੀ.ਏ) ਵੀ ਹਾਜ਼ਰ ਸਨ। ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਜਬਰਦਸਤੀ ਧਰਮ ਪਰਿਵਰਤਨ ਜਿਥੇ ਇਕ ਜੁਲਮ ਹੈ ਉਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਕੌਮ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕਰੇਗੀ। ਜਥੇਦਾਰ ਅਵਤਾਰ ਸਿੰਘ ਨੇ ਲੰਡਨ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ ਮੰਦਭਾਗੀ ਘਟਨਾ ਬਾਰੇ ਉਹ ਬਹੁਤ ਜਲਦ ਪ੍ਰਧਾਨ ਮੰਤਰੀ ਡਾ: ਮਨਮੋਹਣ ਸਿੰਘ ਨੂੰ ਮਿਲਕੇ ਮਾਮਲੇ ਦੀ ਜਾਂਚ ਕਰਾਉਣ ਅਤੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਅਪੀਲ ਵੀ ਕਰਨਗੇ।