ਚੰਡੀਗੜ੍ਹ :- ਸਿੱਖ ਕੌਮ ਮਨੁੱਖਤਾ ਦੀ ਬਹਿਤਰੀ ਅਤੇ ਆਪਣੀ ਕੌਮੀ ਆਜ਼ਾਦੀ ਦੀ ਪ੍ਰਾਪਤੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਜੱਦੋਜਹਿਦ ਕਰ ਰਹੀ ਹੈ। ਲਸ਼ਕਰ-ਏ-ਤੋਇਬਾ ਦੀ ਜਥੇਬੰਦੀ ਮੁਸਲਿਮ ਹੱਕਾਂ ਦੀ ਪ੍ਰਾਪਤੀ ਅਤੇ ਮੁਸਲਿਮ ਕੌਮ ਉਤੇ ਹੋ ਰਹੇ ਜ਼ਬਰ ਜੁਲਮ ਦੇ ਵਿਰੁੱਧ ਜੂਝ ਰਹੀ ਹੈ। ਭਲਾ … ਲਸ਼ਕਰ-ਏ-ਤੋਇਬਾ ਜਾਂ ਕੋਈ ਹੋਰ ਮੁਸਲਿਮ ਜਥੇਬੰਦੀ ਸਿੱਖ ਕੌਮ ਤੇ ਉਸਦੀ ਜਰਖੇਜ਼ ਧਰਤੀ ਪੰਜਾਬ ਸੂਬੇ ਦਾ ਨੁਕਸਾਨ ਕਿਵੇਂ ਕਰ ਸਕਦੀ ਹੈ? ਜਦੋਂ ਕਿ ਸਿੱਖ ਕੌਮ ਦੇ ਸੰਬੰਧ ਪਾਕਿਸਤਾਨ ਨਾਲ ਅਤੇ ਸਮੁੱਚੇ ਮੁਸਲਿਮ ਮੁਲਕਾਂ, ਆਰਗੇਨਾਈਜ਼ੇਸਨ ਆਫ ਇਸਲਾਮਿਕ ਕੰਟਰੀਜ਼ ਨਾਲ ਡੂੰਘੇ ਪਿਆਰ ਭਰੇ ਸੰਬੰਧ ਹਨ। ਭਾਖੜਾ ਡੈਮ, ਗੋਬਿੰਦ ਸਾਗਰ ਝੀਲ, ਪੌਂਗ ਡੈਮ, ਥੀਨ ਡੈਮ ਆਦਿ ਉੱਤੇ ਹਮਲੇ ਹੋਣ ਦੀਆਂ ਲਗਵਾਈਆਂ ਜਾ ਰਹੀਆਂ ਖਬਰਾਂ ਹਿੰਦੋਸਤਾਨੀ ਖੂਫੀਆਂ ਏਜੰਸੀਆਂ ਰਾਅ ਅਤੇ ਆਈ.ਬੀ ਦੇ ਸ਼ਰਾਰਤੀ ਦਿਮਾਗਾਂ ਦੀ ਕਾਂਢ ਹੈ।
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਕਿਲ੍ਹਾ ਸ: ਹਰਨਾਮ ਸਿੰਘ ਤੋਂ ਆਪਣੇ ਦਸਤਖਤਾਂ ਹੇਠ ਚੰਡੀਗੜ੍ਹ ਪ੍ਰੈੱਸ ਲਈ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ। ਉਹਨਾਂ ਯਾਦ ਦਿਵਾਉਂਦੇ ਹੋਏ ਕਿਹਾ ਕਿ ਬੀਤੇ ਸਮੇਂ ਵਿੱਚ ਵੀ ਹਿੰਦੋਸਤਾਨ ਦੀ ਮਕਾਰਤਾ ਭਰੀ ਹਕੂਮਤ ਨੇ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦਾ ਨੁਕਸਾਨ ਕਰਨ ਦੀ ਮੰਦਭਾਵਨਾ ਹਿੱਤ ਕਾਲੀਆਂ ਹਨੇਰੀਆਂ ਰਾਤਾਂ ਵਿੱਚ ਚੁੱਪ ਚੁਪੀਤੇ ਭਾਖੜਾ ਡੈਮ ਦੇ ਗੇਟ ਖੋਲ੍ਹ ਕੇ ਪੰਜਾਬ ਸੂਬੇ ਨੂੰ ਪਾਣੀ ਵਿੱਚ ਡੁਬੋ ਦਿੱਤਾ ਸੀ, ਜਿਸ ਵਿੱਚ ਪੰਜਾਬੀਆਂ ਅਤੇ ਸਿੱਖ ਕੌਮ ਦਾ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਉਹਨਾਂ ਕਿਹਾ ਕਿ ਅੱਜ ਜੋ ਲਸ਼ਕਰ-ਏ-ਤੋਇਬਾ ਦੀ ਜਥੇਬੰਦੀ ਦਾ ਨਾਮ ਵਰਤ ਕੇ ਖਬਰਾਂ ਲਗਵਾਈਆਂ ਜਾ ਰਹੀਆਂ ਹਨ। ਇਸ ਪਿੱਛੇ ਹਿੰਦ ਹਕੂਮਤ ‘ਤੇ ਬੈਠੀ ਕਾਂਗਰਸ ਜਮਾਤ ਤੇ ਵਿਰੋਧੀ ਜਮਾਤ ਭਾਜਪਾ ਵਿੱਚ ਬੈਠੇ ਮੁਤੱਸਵੀ ਸੋਚ ਵਾਲੇ ਲੋਕ ਅਤੇ ਹੋਰ ਫਿਰਕੂ ਸੰਗਠਨਾਂ ਜਿਹਨਾਂ ਨੇ ਇੱਕ ਸਾਂਝੀ ਸ਼ਾਜਿਸ ਅਧੀਨ ਬਲਿਊ ਸਟਾਰ ਦੀ ਫੌਜੀ ਕਾਰਵਾਈ ਸੀ, ਦੀ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਮੰਦਭਾਵਨਾ ਨੂੰ ਪ੍ਰਤੱਖ ਤੌਰ ‘ਤੇ ਜ਼ਾਹਿਰ ਕਰਦੀ ਹੈ। ਕਿਸੇ ਸਮੇਂ ਵੀ ਹਿੰਦ ਹਕੂਮਤ ਖੁਦ ਹੀ ਸਾਜਿਸ਼ੀ ਢੰਗ ਨਾਲ ਭਾਖੜਾ ਡੈਮ ਜਾਂ ਹੋਰ ਕਿਸੇ ਡੈਮ ਆਦਿ ਉੱਤੇ ਆਪਣੀ ਗੁਪਤ ਕਾਰਵਾਈ ਕਰਵਾ ਕੇ ਪੰਜਾਬ, ਸਿੱਖ ਕੌਮ ਅਤੇ ਪਾਕਿਸਤਾਨ ਨੂੰ ਤਬਾਹ ਕਰ ਸਕਦੀ ਹੈ ਕਿਉਂਕਿ ਇਹਨਾਂ ਡੈਮਾਂ ਦਾ ਪਾਣੀ ਨਹਿਰਾਂ ਰਾਹੀਂ ਪੰਜਾਬ ਅਤੇ ਪਾਕਿਸਤਾਨ ਵਿੱਚ ਹੀ ਜਾਂਦਾ ਹੈ ਤੇ ਇਸਦਾ ਨੁਕਸਾਨ ਵੀ ਸਿੱਖ ਕੌਮ ਅਤੇ ਮੁਸਲਿਮ ਕੌਮ ਨੂੰ ਹੀ ਹੋਣਾ ਹੈ। ਇਸ ਲਈ ਅਸੀਂ ਕੌਮਾਂਤਰੀ ਜਥੇਬੰਦੀ ਯੂ ਐਨ ਓ, ਅਮਨੈਸਟੀ ਇੰਟਰਨੈਸ਼ਨਲ, ਅਮੇਰੀਕਾ, ਬਰਤਾਨੀਆ ਅਤੇ ਹੋਰ ਜਮਹੂਰੀਅਤ ਪਸੰਦ ਮੁਲਕਾਂ ਨੂੰ ਇਹ ਜ਼ੋਰਦਾਰ ਅਪੀਲ ਕਰਦੇ ਹਾਂ ਕਿ ਉਹ ਹਿੰਦ ਹਕੂਮਤ ਦੀਆਂ ਸਿੱਖ, ਮੁਸਲਿਮ, ਇਸਾਈ ਅਤੇ ਪੰਜਾਬ ਮਾਰੂ ਸ਼ਾਜਿਸਾਂ ਉੱਤੇ ਡੂੰਘੀ ਨਜ਼ਰ ਰੱਖਣ ਤਾਂ ਕਿ ਹਿੰਦ ਹਕੂਮਤ ਆਪਣੀ ਘਿਨੌਣੀ ਸ਼ਾਜਿਸ ਵਿੱਚ ਕਾਮਯਾਬ ਨਾ ਹੋ ਸਕੇ।
ਦੂਸਰਾ ਕੌਮਾਂਤਰੀ ਕਾਨੂੰਨ ਮੁਤਾਬਿਕ ਡੈਮਾਂ, ਨਹਿਰਾਂ ਵਿੱਚ ਵੱਗਣ ਵਾਲੇ ਪਾਣੀਆਂ ਦਾ ਹੱਕ ਉਸ ਸੂਬੇ ਦਾ ਹੁੰਦਾ ਹੈ ਜਿਸ ਵਿੱਚ ਇਹ ਪਾਣੀ ਵਹਿੰਦਾ ਹੈ। ਹਿੰਦ ਹਕੂਮਤ ਲੰਮੇ ਸਮੇਂ ਤੋਂ ਪੰਜਾਬ ਦੀਆਂ ਨਹਿਰਾਂ ਦੇ ਪਾਣੀਆਂ ਅਤੇ ਪੰਜਾਬ ਦੇ ਡੈਮਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਉੱਤੇ ਜ਼ਬਰੀ ਡਾਕਾ ਮਾਰ ਕੇ ਦਿੱਲੀ ਅਤੇ ਦੂਸਰੇ ਸੂਬਿਆਂ ਨੂੰ ਦੇਣ ਦੀ ਗੈਰ ਕਾਨੂੰਨੀ ਕਾਰਵਾਈ ਕਰਦੀ ਆ ਰਹੀ ਹੈ ਜੋ ਕਿ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵੱਡੀ ਬੇਇਨਸਾਫੀ ਵੀ ਹੈ ਅਤੇ ਕੌਮਾਂਤਰੀ ਰਿਪੇਅਰਨ ਕਾਨੂੰਨ ਦੀ ਵੀ ਘੋਰ ਉਲੰਘਣਾ ਹੈ। ਸ: ਮਾਨ ਨੇ ਮੰਗ ਕਰਦੇ ਹੋਏ ਕਿਹਾ ਕਿ ਇਹਨਾਂ ਡੈਮਾਂ, ਹੈਡ ਵਰਕਸਾਂ ਅਤੇ ਨਹਿਰਾਂ ਦੇ ਪਾਣੀਆਂ ਦੇ ਮਸਲੇ ਇੰਟਰਨੈਸ਼ਨਲ ਕੋਰਟ ਆਫ ਹੇਗ ਵਿੱਚ ਲਿਜਾਏ ਜਾਣ ਤੇ ਫਿਰ ਕੌਮਾਂਤਰੀ ਅਦਾਲਤ ਰਾਹੀਂ ਹੋਣ ਵਾਲੇ ਫੈਸਲੇ ਨੂੰ ਲਾਗੂ ਕੀਤਾ ਜਾਵੇ।