ਕੁਦਰਤ ਦਾ ਗੇੜ ਹੀ ਐਸਾ ਹੈ ਕਿ ਮੇਰੇ ਮਾਤਾ 13 ਮਾਰਚ 2006 ਨੂੰ ‘ਚੜ੍ਹਾਈ’ ਕਰ ਗਏ ਸਨ ਅਤੇ ਬਾਪੂ ਜੀ ਤਕਰੀਬਨ ਤਿੰਨ ਸਾਲ ਬਾਅਦ 13 ਫ਼ਰਵਰੀ 2009 ਨੂੰ! ਅਜੇ ਮਾਤਾ ਜੀ ਦੀ ਬਰਸੀ ਵਿਚ ਪੂਰਾ ਇਕ ਮਹੀਨਾਂ ਰਹਿੰਦਾ ਸੀ ਕਿ ਸ਼ਾਮ ਨੂੰ ਇੰਗਲੈਂਡ ਦੇ ਟਾਈਮ ਨਾਲ਼ ਪੰਜ ਵੱਜ ਕੇ ਵੀਹ ਮਿੰਟ (ਇੰਡੀਆ ਦਾ ਟਾਈਮ ਰਾਤ 10:50) ‘ਤੇ ਫ਼ੋਨ ਆ ਗਿਆ ਕਿ ਬਾਪੂ ਜੀ ਭਾਰਤੀ ਸਮੇਂ ਅਨੁਸਾਰ ਰਾਤ ਦਸ ਵੱਜ ਕੇ ਪੰਜਾਹ ਮਿੰਟ ‘ਤੇ ਸਾਨੂੰ ‘ਅਲਵਿਦਾ’ ਆਖ, ‘ਚੰਗੇ-ਭਲੇ’ ਮਿੰਟ ਵਿਚ ‘ਚਲਾਣਾ’ ਕਰ ਗਏ ਹਨ। ਅਜੇ ਕੁਝ ਘੰਟੇ ਪਹਿਲਾਂ ਹੀ ਮੇਰੀ ਬਾਪੂ ਜੀ ਨਾਲ਼ ਫ਼ੋਨ ‘ਤੇ ਗੱਲ ਹੋ ਕੇ ਹਟੀ ਸੀ ਅਤੇ ਉਹ ਹਮੇਸ਼ਾ ਵਾਂਗ ਚੜ੍ਹਦੀ ਕਲਾ ਵਿਚ ਸਨ।
ਮੈਨੂੰ 13 ਤਾਰੀਕ ਬੜੀ ਹੀ ‘ਗ਼ੈਰ’ ਬਣ ਕੇ ਟੱਕਰੀ ਹੈ, ਜਿਸ ਨੇ ਮੇਰੇ ਕੋਲੋ ਮੇਰੀਆਂ ਦੁਨੀਆਂ ਦੀਆਂ ਦੋ ਬੜੀਆਂ ਕੀਮਤੀ ਚੀਜ਼ਾਂ ਖੋਹ-ਖਿੰਝ ਲਈਆਂ! 13 ਮਾਰਚ 2009 ਨੂੰ ਮੇਰੀ ਸਤਿਕਾਰਯੋਗ ਮਾਂ ਗੁਰਨਾਮ ਕੌਰ ਨੂੰ ‘ਅਲਵਿਦਾ’ ਆਖਿਆਂ ਪੂਰੇ ਤਿੰਨ ਸਾਲ ਹੋ ਗਏ ਹਨ। ਪਰ ਇੰਜ ਜਾਪਦਾ ਹੈ ਕਿ ਮਾਂ ਗਈ ਨੂੰ ਜੁੱਗੜੇ ਬੀਤ ਗਏ। ਜਦੋਂ ਕਦੇ ਇਕੱਲਾ ਬੈਠਾ ਹੁੰਦਾ ਹਾਂ ਤਾਂ ਮਾਂ ਦੀਆਂ ਕਈ ਗੱਲਾਂ ਮੈਨੂੰ ਆਪ ਮੁਹਾਰੇ ਹੀ ਚੇਤੇ ਆ ਜਾਂਦੀਆਂ ਹਨ। ਕੁਝ ਮੈਨੂੰ ਬਹੁਤ ਪਿਆਰੀਆਂ ਪਿਆਰੀਆਂ ਜਿਹੀਆਂ ਲੱਗਦੀਆਂ ਹਨ ਅਤੇ ਕੁਝ ਬੇਅਰਾਮ ਵੀ ਕਰ ਜਾਂਦੀਆਂ ਹਨ। ਵੈਸੇ ਤਾਂ ਹਰ ਮਾਂ ਆਪਣੇ ਪੁੱਤਰ ਨੂੰ ਬੇਥਾਹ ਪਿਆਰ ਕਰਦੀ ਹੈ। ਪਰ ਮੈਂ ਮਹਿਸੂਸ ਕਰਦਾ ਹਾਂ ਕਿ ਮੇਰੀ ਮਾਂ ‘ਮੈਨੂੰ’ ਬਹੁਤ ਪਿਆਰ ਕਰਦੀ ਸੀ। ਸ਼ਾਇਦ ‘ਲਾਡਲਾ’ ਅਤੇ ‘ਕੱਲਾ-’ਕੱਲਾ ਪੁੱਤ ਹੋਣ ਕਰਕੇ…? ਇਕ ਗੱਲ ਯਾਦ ਆ ਗਈ। ਇਕ ਸਵੇਰ ਅਕਬਰ ਬਾਦਸ਼ਾਹ ਆਪਣੇ ਪੁੱਤਰ ਸਲੀਮ ਨੂੰ ਆਪਣੀ ਬੁੱਕਲ਼ ਵਿਚ ਲਈ ਬੈਠਾ ਲਾਡ ਕਰ ਰਿਹਾ ਸੀ। ਉਸ ਦੀ ਘਰੇਲੂ ਨੌਕਰਾਣੀਂ ਜੈਦਾਂ ਪਿਉ ਪੁੱਤ ਦੀ ਸੇਵਾ ਵਿਚ ਹਾਜ਼ਰ ਸੀ। ਅਕਬਰ ਬਾਦਸ਼ਾਹ ਪੁੱਤਰ ਪ੍ਰੇਮ ਦੇ ਵੇਗ ਵਿਚ ਆ ਕੇ ਆਪਣੀ ਨੌਕਰਾਣੀਂ ਨੂੰ ਕਹਿੰਦਾ, “ਜੈਦਾਂ, ਕੀ ਦੁਨੀਆਂ ‘ਤੇ ਕਿਸੇ ਦਾ ਕੋਈ ਐਨਾਂ ਸੋਹਣਾਂ ਸੁਨੱਖਾ ਪੁੱਤਰ ਹੋਵੇਗਾ? ਜਾਹ ਸ਼ਾਮ ਤੱਕ ਪਤਾ ਕਰ ਕਿ ਕੀ ਸਲੀਮ ਜਿੰਨਾਂ ਸੋਹਣਾ ਕੋਈ ਹੋਰ ਵੀ ਕਿਸੇ ਦਾ ਪੁੱਤਰ ਹੈ? ਜੇ ਹੈ, ਤਾਂ ਮੇਰੇ ਸਾਹਮਣੇ ਲਿਆ ਕੇ ਪੇਸ਼ ਕਰ!” ਅਕਬਰ ਬਾਦਸ਼ਾਹ ਦਾ ਹੁਕਮ ਹੋਣ ‘ਤੇ ਨੌਕਰਾਣੀਂ ਚਲੀ ਗਈ। ਸ਼ਾਮ ਨੂੰ ਜਦ ਬਾਦਸ਼ਾਹ ਆਪਣੇ ਕੰਮਾਂ ਕਾਰਾਂ ਤੋਂ ਵਿਹਲਾ ਹੋ ਕੇ ਮਹਿਲੀਂ ਆਇਆ ਤਾਂ ਨੌਕਰਾਣੀਂ ਨੇ ਇਕ ਬੱਚਾ ਅਕਬਰ ਸਾਹਮਣੇਂ ਪੇਸ਼ ਕੀਤਾ, “ਲਓ ਜਹਾਂ ਪਨਾਂਹ..! ਆਹ ਬੱਚਾ ਮੈਨੂੰ ਦੁਨੀਆਂ ਦਾ ਸਭ ਤੋਂ ਸੋਹਣਾ ਬੱਚਾ ਲੱਗਿਆ, ਸੋ ਮੈਂ ਹਜ਼ੂਰ ਦੇ ਸਾਹਮਣੇਂ ਲੈ ਆਈ ਹਾਂ!” ਉਸ ਬੱਚੇ ਦੇ ਪਾਟੇ ਹੋਏ ਅੱਘੜ ਦੁੱਘੜੇ ਕੱਪੜੇ, ਨੱਕ ਵਗ ਰਿਹਾ ਸੀ, ਮਿੱਟੀ ਘੱਟੇ ਨਾਲ਼ ਲਿੱਬੜਿਆ ਅਤੇ ਨਾਲ਼ ਦੀ ਨਾਲ਼ ਰੋਂਦਾ ਹੋਇਆ ‘ਰੀਂ-ਰੀਂ’ ਵੀ ਕਰੀ ਜਾ ਰਿਹਾ ਸੀ! ਅਕਬਰ ਬਾਦਸ਼ਾਹ ਨੂੰ ਬੱਚੇ ਵੱਲ ਦੇਖ ਕੇ ਖਿਝ ਜਿਹੀ ਆਈ ਅਤੇ ਨੌਕਰਾਣੀਂ ਨੂੰ ਪੁੱਛਣ ਲੱਗਾ, “ਇਹ ਕੀ ਹੈ..?” ਤਾਂ ਨੌਕਰਾਣੀਂ ਬੜੀ ਨਿਮਰਤਾ ਨਾਲ਼ ਉਤਰ ਦੇਣ ਲੱਗੀ, “ਜਹਾਂ ਪਨਾਂਹ! ਆਪ ਨੇ ਦਾਸੀ ਨੂੰ ਹੁਕਮ ਕੀਤਾ ਸੀ ਕਿ ਸ਼ਾਮ ਤੱਕ ਕੋਈ ਸਲੀਮ ਜਿੰਨਾਂ ਸੋਹਣਾ ਪੁੱਤਰ ਪੇਸ਼ ਕਰ, ਸੋ ਮੈਂ ਕਰ ਦਿੱਤਾ! ਮੈਨੂੰ ਇਹ ਬੱਚਾ ਦੁਨੀਆਂ ਦਾ ਸਭ ਤੋਂ ਹੁਸੀਨ ਅਤੇ ਸੋਹਣਾ ਸੁਨੱਖਾ ਬੱਚਾ ਲੱਗਦਾ ਹੈ!” ਉਤਰ ਸੁਣ ਕੇ ਅਕਬਰ ਬਾਦਸ਼ਾਹ ਕੱਪੜਿਆਂ ਤੋਂ ਬਾਹਰ ਹੋ ਗਿਆ ਅਤੇ ਗੁੱਸੇ ਨਾਲ਼ ਚੰਗਿਆੜੇ ਛੱਡਣ ਲੱਗ ਪਿਆ, “ਗੁਸਤਾਖ਼ ਨੌਕਰਾਣੀਂ..! ਕੀ ਹੈ ਇਹ ਨਲ਼ੀਚੋਚਲ਼ ਜਿਹਾ ਬੱਚਾ? ਇਸ ਦਾ ਨੱਕ ਵਗ ਰਿਹਾ ਹੈ, ਕੱਪੜੇ ਪਾਟੇ ਹੋਏ ਹਨ, ਨਹਾਤਾ ਧੋਤਾ ਇਹ ਨਹੀਂ, ਮੁਸ਼ਕ ਮਾਰਦੈ, ਇਹਦਾ ਮੁਕਾਬਲਾ ਤੂੰ ਮੇਰੇ ਸ਼ਹਿਜ਼ਾਦੇ ਸਲੀਮ ਨਾਲ਼ ਕਰ ਰਹੀ ਹੈਂ? ਕਿਸ ਦਾ ਹੈ ਇਹ ਬੱਚਾ…?” ਅਕਬਰ ਬਾਦਸ਼ਾਹ ਦੀ ਗੱਲ ਸੁਣ ਕੇ ਨੌਕਰਾਣੀਂ ਫਿ਼ਰ ਸਤਿਕਾਰ ਵਿਚ ਲਿਫ਼ਦੀ ਹੋਈ ਬੋਲੀ, “ਜਹਾਂ ਪਨਾਂਹ! ਇਹ ਮੇਰਾ ਪੁੱਤਰ ਹੈ ਅਤੇ ਇਹੋ ਜਿਹਾ ਪੁੱਤਰ ਮੈਨੂੰ ਦੁਨੀਆਂ ‘ਤੇ ਕੋਈ ਸੋਹਣਾ ਨਹੀਂ ਲੱਗਦਾ…!” ਤਾਂ ਅਕਬਰ ਬਾਦਸ਼ਾਹ ‘ਮਾਂ’ ਦੀ ‘ਭਾਵਨਾ’ ਦੇਖ ਕੇ ਚੁੱਪ ਕਰ ਗਿਆ ਕਿ ਹਰ ਮਾਂ ਨੂੰ ਆਪਣਾ ਬੱਚਾ ਪਿਆਰਾ ਅਤੇ ਸਾਰੇ ਜੱਗ ਜਹਾਨ ਤੋਂ ਸੁਨੱਖਾ ਲੱਗਦਾ ਹੈ! ਚਾਹੇ ਉਹ ਗਰੀਬ ਜਾਂ ਲਿੱਬੜਿਆ ਤਿੱਬੜਿਆ ਹੀ ਕਿਉਂ ਨਾ ਹੋਵੇ? ਉਹ ਗੱਲ ਹੈ ਕਿ ਹਰ ਮਾਂ ਆਪਣੇ ਬੱਚੇ ਨੂੰ ਬੇਪਨਾਂਹ ਪਿਆਰ ਕਰਦੀ ਹੈ। ਸ਼ਾਇਦ ਮੇਰਾ ਇਹ ‘ਭਰਮ’ ਹੀ ਹੋਵੇ ਕਿ ‘ਮੇਰੀ’ ਮਾਂ ਮੇਰਾ ਜਿ਼ਆਦਾ ‘ਤੇਹ’ ਕਰਦੀ ਸੀ?
ਇਕ ਗੱਲ ਮੈਨੂੰ ਬਹੁਤ ਵਾਰ ਯਾਦ ਆਉਂਦੀ ਹੈ। ਮੇਰੀਆਂ ਚਾਰੇ ਚਾਰੇ ਭੈਣਾਂ ਹੀ ਮੇਰੇ ਤੋਂ ਵੱਡੀਆਂ ਹਨ। 44 ਸਾਲ ਦੀ ਉਮਰ ਨੂੰ ਢੁੱਕੇ ਨੂੰ ਉਹ ਮੈਨੂੰ ਅਜੇ ਵੀ ਕੱਲ੍ਹ ਦਾ ‘ਜੁਆਕ’ ਹੀ ਸਮਝਦੀਆਂ ਹਨ। ਸਾਂਝੇ ਘਰ ਵਿਚ ਦੋ ਭੈਣਾਂ ਦਾ ਇਕੱਠੀਆਂ ਦਾ ਵਿਆਹ ਕੀਤਾ ਗਿਆ ਸੀ। ਭੈਣਾਂ ਦਾ ਵਿਆਹ ਕਰਨ ਤੋਂ ਬਾਅਦ ਸਾਂਝੇ ਘਰ ਵਿਚ ਵੰਡੀਆਂ ਪੈ ਗਈਆਂ। ਚਾਚੇ ਅੱਡ ਹੋ ਗਏ। ਘਰ ਅਤੇ ਜ਼ਮੀਨ ਵੀ ਵੰਡੀ ਗਈ। ਮੇਰੇ ਬਾਪੂ ਜੀ ਭੈਣਾਂ ਭਰਾਵਾਂ ਵਿਚੋਂ ਸਭ ਤੋਂ ਵੱਡੇ ਸਨ। ਕਹਿਣ ਦਾ ਮਤਲਬ ਅੱਡ ਹੋਣ ਤੋਂ ਬਾਅਦ ਸਾਡੇ ਘਰ ‘ਤੇ ਗ਼ਰੀਬੀ ਆ ਗਈ। ਉਸ ਵਕਤ ਸਾਡੀ ਮਾਂ ਨੇ ਕਿਸੇ ਸੰਕਟ ਭਰੇ ਸਮੇਂ ਲਈ ਦਸ ਰੁਪਏ ਲਕੋ ਕੇ ਆਪਣੇ ਸੰਦੂਕ ਵਿਚ ਰੱਖੇ ਹੋਏ ਸਨ। ਉਸ ਵੇਲ਼ੇ ਦਸ ਰੁਪਏ ਦਾ ਵੀ ਕਾਫ਼ੀ ਮੁੱਲ ਸੀ। ਇਕ ਦਿਨ ਸਾਡੀ ਮਾਂ ਨੇ ਕਿਤੇ ਜਾਣਾ ਸੀ। ਪਰ ਮਾਂ ਨੂੰ ਸੰਦੂਕ ਵਿਚ ਰੱਖੇ ਦਸ ਰੁਪਏ ਨਹੀਂ ਮਿਲ਼ ਰਹੇ ਸਨ। ਜਦ ਮੈਂ ਸਕੂਲੋਂ ਆਇਆ ਤਾਂ ਮਾਂ ਬੜੀ ਅਵਾਜ਼ਾਰ ਹੋਈ ਖੜ੍ਹੀ, ਸੋਚਾਂ ਵਿਚ ਪਈ ਹੋਈ ਸੀ। ਉਸ ਸਮੇਂ ਮਾਂ ਲਈ ਦਸ ਰੁਪਏ ਪੈਦਾ ਕਰਨੇ ਇਕ ਜੰਗ ਜਿੱਤਣ ਜਾਂ ਮੋਰਚਾ ‘ਸਰ’ ਕਰਨ ਵਾਲ਼ੀ ਗੱਲ ਸੀ। ਕਿਸੇ ਤੋਂ ਮੰਗਣ ਜਾਣਾ ਮੇਰੀ ਅਣਖ਼ੀ ਮਾਂ ਨੂੰ ਅੱਕ ਚੱਬਣ ਬਰਾਬਰ ਸੀ। ਮਾਂ ਨੇ ਗਰੀਬੀ ਵੀ ਬਹੁਤ ਦੇਖੀ ਅਤੇ ਬਾਅਦ ਵਿਚ ਅਮੀਰੀ ਵੀ! ਪਰ ਉਹ ਹਮੇਸ਼ਾ ਰੱਬ ਦੀ ਰਜ਼ਾ ਵਿਚ ਰਾਜ਼ੀ ਹੀ ਰਹੀ। ਕਿਸੇ ਅੱਗੇ ਹੱਥ ਨਹੀਂ ਅੱਡਿਆ! ਗਰੀਬੀ ਵਿਚ ‘ਮਰੂੰ-ਮਰੂੰ’ ਨਹੀਂ ਕੀਤਾ ਅਤੇ ਚਾਰ ਪੈਸੇ ਹੱਥ ਵਿਚ ਆਉਣ ‘ਤੇ ਪੈਰ ਨਹੀਂ ਛੱਡੇ! ਮਾਂ ਨੇ ਮੈਨੂੰ ਜਿ਼ੰਦਗੀ ਵਿਚ ਕਦੇ ਵੀ ਝਿੜਕਿਆ ਨਹੀਂ ਸੀ, ਕੁੱਟਣਾ ਤਾਂ ਇਕ ਪਾਸੇ ਦੀ ਗੱਲ ਰਹੀ! ਉਦੋਂ ਮੈਂ ਅਜੇ ਪ੍ਰਾਇਮਰੀ ਸਕੂਲ ਵਿਚ ਪੜ੍ਹਦਾ ਸੀ। ਮੇਰੇ ਸਕੂਲੋਂ ਆਉਣ ਸਮੇਂ ਮਾਂ ਖਿੜ ਜਾਂਦੀ ਸੀ। ਪਰ ਅੱਜ ਮਾਂ ਨੂੰ ਅਥਾਹ ਦੁਖੀ ਜਿਹਾ ਦੇਖ ਕੇ ਮੇਰਾ ਦਿਲ ਵੀ ਦੁਖੀ ਹੋ ਗਿਆ। ਚਾਹੇ ਮੈਂ ਅਜੇ ਬੱਚਾ ਹੀ ਸੀ। ਪਰ ਮਾਂ ਦਾ ਦੁੱਖ ਸੁੱਖ ਜ਼ਰੂਰ ਸਮਝਦਾ ਸੀ।
-”ਕੀ ਗੱਲ ਹੋ ਗਈ ਬੀਜੀ..?” ਅਚਾਨਕ ਮੇਰੇ ਮੂੰਹੋਂ ਨਿਕਲ਼ ਗਿਆ।
-”ਜੱਗਿਆ, ਐਥੇ ਸੰਦੂਖ ‘ਚ ਪਏ ਦਸ ਰੁਪਈਏ ਤੂੰ ਚੱਕੇ ਐ…?” ਮਾਂ ਨੇ ਪਹਿਲੀ ਵਾਰ ਸਖ਼ਤ ਲਫ਼ਜ਼ਾਂ ਵਿਚ ਪੁੱਛ-ਗਿੱਛ ਕੀਤੀ।
-”ਨਹੀਂ ਬੀਜੀ..!” ਮੈਂ ਹੈਰਾਨ ਜਿਹੇ ਹੋਏ ਨੇ ਸੱਚਾ ਉਤਰ ਦਿੱਤਾ।
-”ਤੇ ਹੋਰ ਕੀਹਨੇ ਚੱਕੇ ਐ..? ਤੇਰੇ ਬਿਨਾ ਤਾਂ ਮੇਰੇ ਸੰਦੂਖ ਨੂੰ ਕੋਈ ਹੱਥ ਈ ਨ੍ਹੀ ਲਾਉਂਦਾ!”
ਦਸ ਰੁਪਏ ਮੈਂ ਵਾਕਿਆ ਹੀ ਨਹੀਂ ਲਏ ਸਨ ਅਤੇ ਨਾ ਹੀ ਮੈਨੂੰ ਪੈਸਿਆਂ ਦਾ ਕੋਈ ਪਤਾ ਹੀ ਸੀ। ਪਰ ਪਤਾ ਨਹੀਂ ਕਿਸ ‘ਤੇ ਖਿਝੀ ਮਾਂ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਮਾਂ ਦਾ ਦੁਖੀ ਚਿਹਰਾ ਦੇਖ ਕੇ ਰੋਣ ਲੱਗ ਪਿਆ। ਨਾਲ਼ੇ ਤਾਂ ਮਾਂ ਮੈਨੂੰ ਕੁੱਟੀ ਜਾ ਰਹੀ ਸੀ ਅਤੇ ਨਾਲ਼ ਦੀ ਨਾਲ਼ ਆਪ ਵੀ ਰੋਈ ਜਾ ਰਹੀ ਸੀ। ਉਤਨਾ ਮੈਨੂੰ ਮਾਂ ਦੀ ਕੁੱਟ ਦਾ ਦੁੱਖ ਨਹੀਂ ਸੀ, ਜਿੰਨਾਂ ਮੈਨੂੰ ਉਸ ਦੇ ਦਿਲ ਦੁਖੀ ਹੋਣ ਦਾ ਸੀ। ਕਿਉਂਕਿ ਜਿ਼ੰਦਗੀ ਵਿਚ ਮੇਰੀ ਮਾਂ ਨੇ ਮੈਨੂੰ ਸਿਰਫ਼ ‘ਇਕ’ ਵਾਰ ਹੀ ਕੁੱਟਿਆ ਸੀ ਅਤੇ ਉਹ ਵੀ ਬਿਨਾਂ ਕਿਸੇ ਕਸੂਰ ਤੋਂ! ਉਹਨਾਂ ਦਸ ਰੁਪਈਆਂ ਦਾ ਮੈਨੂੰ ਅੱਜ ਤੱਕ ਨਹੀਂ ਪਤਾ ਕਿ ਕਿਸ ਨੇ ਲਏ ਸਨ? ਅਤੇ ਨਾ ਹੀ ਮਾਂ ਦਾ ਦਿਲ ਦੁਖੀ ਕਰਨ ਲਈ ਮੈਂ ਮੁੜ ਕਦੇ ਪੁੱਛਿਆ। ਕਿਉਂਕਿ ਇਹ ਮੇਰੇ ਲਈ ਅਤੇ ਸ਼ਾਇਦ ਮੇਰੀ ਮਾਂ ਲਈ ਵੀ ਜਿ਼ੰਦਗੀ ਵਿਚ ਸਭ ਤੋਂ ‘ਦੁਖਦਾਈ’ ਸਮਾਂ ਸੀ। ਮਾਲਸ਼ਾਂ ਕਰਕੇ ਨਹਾਉਣ ਵਾਲ਼ੀ ਮਾਂ ਨੇ ਜਿ਼ੰਦਗੀ ਵਿਚ ਮੇਰੇ ‘ਤੇ ਸਿਰਫ਼ ਇੱਕੋ ਇਕ ਵਾਰ ਹੱਥ ਚੁੱਕਿਆ ਸੀ। ਪੁਰਾਣੇਂ ਜ਼ਖ਼ਮਾਂ ਨੂੰ ਉਚੇੜਨ ਤੋਂ ਬਚਣ ਲਈ ਉਹਨਾਂ ਦਸ ਰੁਪਈਆਂ ਬਾਰੇ ਮੈਂ ਜਿ਼ੰਦਗੀ ਵਿਚ ਕਦੇ ਵੀ ਮਾਂ ਕੋਲ਼ੋਂ ਨਾ ਪੁੱਛਿਆ। ਮੈਨੂੰ ਪਤਾ ਸੀ ਕਿ ਮੇਰੀ ਮਾਂ ਦੁਖੀ ਹੋਵੇਗੀ। ਇਸ ਦੁੱਖ ਨੂੰ ਦਫ਼ਨਾਉਣ ਲਈ ਮੈਂ ਅੱਜ ਤੱਕ ਕਿਸੇ ਕੋਲ਼ ਗੱਲ ਨਹੀਂ ਸੀ ਖੋਲ੍ਹੀ!
…..ਫਿ਼ਰ ਪਤਾ ਨਹੀਂ ਕਿੰਨੇ ਸਾਲਾਂ ਬਾਅਦ ਜਦ ਮੇਰੀ ਮਾਂ ਨੂੰ ਦੂਜੀ ਵਾਰ ਅਧਰੰਗ ਦਾ ਅਟੈਕ ਹੋਇਆ ਤਾਂ ਮੈਂ ਤੁਰੰਤ ਫ਼ਲਾਈਟ ਲੈ ਕੇ ਲੰਡਨ ਤੋਂ ਡਾਕਟਰ ਸ਼ਾਮ ਸੁੰਦਰ ਦੇ ਹਸਪਤਾਲ ਮੋਗੇ ਪਹੁੰਚਿਆ। ਡਾਕਟਰ ਸ਼ਾਮ ਸੁੰਦਰ ਬੜਾ ਬੀਬਾ ਇਨਸਾਨ ਹੈ। ਜਦ ਵੀ ਮਾਂ ਬਿਮਾਰ ਹੋ ਕੇ ਡਾਕਟਰ ਸ਼ਾਮ ਸੁੰਦਰ ਦੇ ਹਸਪਤਾਲ ਦਾਖ਼ਲ ਹੋਈ, ਜਿੰਨਾਂ ਚਿਰ ਮੈਂ ਪੰਜਾਬ ਨਹੀਂ ਪੁੱਜਿਆ, ਡਾਕਟਰ ਸ਼ਾਮ ਸੁੰਦਰ ਨੇ ਮੈਨੂੰ ਹਮੇਸ਼ਾ ਹੀ ਆਪਣੇ ਮੋਬਾਇਲ ਤੋਂ ਫ਼ੋਨ ਕਰਕੇ ਮੈਨੂੰ ਮਾਂ ਦੀ ਹਾਲਤ ਬਾਰੇ ਜਾਣੂੰ ਕਰਵਾਇਆ। ਕਈ ਵਾਰ ਡਾਕਟਰ ਸ਼ਾਮ ਸੁੰਦਰ ਮੈਨੂੰ ਭਾਰਤ ਦੇ ਟਾਈਮ ਅਨੁਸਾਰ ਅੱਧੀ ਅੱਧੀ ਰਾਤੋਂ ਵੀ ਫ਼ੋਨ ਕਰਦਾ ਰਿਹਾ। ਉਸ ਦਾ ਸਹਾਇਕ ਡਾਕਟਰ ਲਖਵਿੰਦਰ ਸਿੰਘ ਲੱਖਾ ਅਤੇ ਬਾਕੀ ਸਟਾਫ਼ ਵੀ ਮੇਰੇ ਅੱਛੇ ਦੋਸਤ ਹਨ।
ਮਾਂ ਕੁਝ ਕੁ ਠੀਕ ਸੀ। ਡਾਕਟਰ ਸ਼ਾਮ ਸੁੰਦਰ ਮੇਰਾ ਬੜਾ ਸੁਹਿਰਦ ਮਿੱਤਰ ਹੈ! ਮਾਂ ਦੀ ਦੁਆਈ ਚੱਲਦੀ ਰਹੀ। ਚੌਥੇ ਦਿਨ ਡਾਕਟਰ ਨੇ ਮਾਂ ਨੂੰ ਛੁੱਟੀ ਦੇ ਦਿੱਤੀ ਅਤੇ ਅਸੀਂ ਮਾਂ ਨੂੰ ਪਿੰਡ ਲੈ ਆਏ। ਅਗਲੇ ਦਿਨ ਮੈਂ ਨਹਾ ਧੋ ਕੇ ਮਾਂ ਦੇ ਮੰਜੇ ਕੋਲ਼ ਧੁੱਪੇ ਕੁਰਸੀ ਡਾਹੀ ਬੈਠਾ ਸੀ ਕਿ ਮੇਰੀ ਪੱਤੋ ਹੀਰਾ ਸਿੰਘ ਵਾਲ਼ੀ ਭੈਣ ਮਾਂ ਦਾ ਪਤਾ ਕਰਨ ਆ ਗਈ। ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰ ਰਹੇ ਸਾਂ। ਘਰੇ ਕੰਮ ਕਰਦੀ ਕੁੜੀ ਬਲਜੀਤ ਕੌਰ ਚਾਹ ਬਣਾ ਕੇ ਲੈ ਆਈ। ਚਾਹ ਪੀਂਦੀ ਮੇਰੀ ਭੈਣ ਨੇ ਕੁਰਸੀ ਮਾਂ ਦੇ ਮੰਜੇ ਦੇ ਹੋਰ ਨੇੜੇ ਕਰ ਲਈ ਅਤੇ ਮੈਨੂੰ ਚੋਰਾਂ ਵਾਂਗ ਸੰਬੋਧਿਤ ਹੋਈ, “ਵੇ ਵੀਰਾ..!” ਉਸ ਨੇ ਮੇਰੇ ਵੱਲ ਇੰਜ ਦੇਖਿਆ, ਜਿਵੇਂ ਕੋਈ ਬਹੁਤੀ ਭੇਦ ਦੀ ਗੱਲ ਕਰਨੀ ਹੋਵੇ!
-”ਹਾਂ ਜੀ ਭੈਣ ਜੀ…?” ਮੈਂ ਵੀ ਸੁਚੇਤ ਜਿਹਾ ਹੋ ਗਿਆ।
-”ਤੂੰ ਬਾਹਲ਼ੀਆਂ ਆਬਦੀਆਂ ਫ਼ੋਟੋ-ਫ਼ੂਟੋ ਅਖ਼ਬਾਰਾਂ-ਅਖ਼ਬੂਰਾਂ ‘ਚ ਨਾ ਦਿਆ ਕਰ, ਮੈਨੂੰ ਤਾਂ ਭਰਾਵਾ ਲੱਗਦੈ ਡਰ!”
-”ਕਿਉਂ ਭੈਣ ਜੀ..? ਕਾਹਤੋਂ..?” ਮੈਂ ਹੈਰਾਨ ਜਿਹਾ ਹੋ ਕੇ ਪੁੱਛਿਆ।
-”ਵੇ ਵੀਰਾ..! ਸਾਡੇ ਗੁਆਂਢ ਹੈਗਾ ਕੁੜੀਆਂ ਦਾ ਕਾਲਜ..! ਜਦੋਂ ਤੇਰੀ ਕਹਾਣੀਂ-ਘੂਣੀਂ ਤੇ ਤੇਰੀ ਫ਼ੋਟੋ ਅਖ਼ਬਾਰ ‘ਚ ਆਉਂਦੀ ਐ ਤਾਂ ਅੱਧੀ ਛੁੱਟੀ ਵੇਲ਼ੇ ਕੁੜੀਆਂ ਤੇ ਮਾਸਟਰਨੀਆਂ ਤੇਰੀ ਫ਼ੋਟੋ ਵਾਲ਼ਾ ਅਖ਼ਬਾਰ ਚੱਕ ਕੇ ਮੇਰੇ ਕੋਲ਼ੇ ਆ ਬੈਠਦੀਐਂ, ਤੇ ਦੱਸਦੀਐਂ…ਕੁੜ੍ਹੇ ਤੇਰੇ ਭਰਾ ਦੀ ਕਹਾਣੀਂ ਆਈ ਐ ਅਖ਼ਬਾਰ ‘ਚ ਤੇ ਨਾਲ਼ੇ ਆਈ ਐ ਫ਼ੋਟੋ…ਤੇ ਭਰਾਵਾ ਮੈਂ ਤਾਂ ਉਦੋਂ ਈ ਡਰਦੀ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਉਨੀਂ ਐਂ…!” ਉਹ ਮੇਰੇ ਅਤੇ ਮਾਂ ਕੋਲ਼ ਬੈਠੀ ਡਰਿਆਂ ਵਾਂਗ ਗੱਲਾਂ ਕਰ ਰਹੀ ਸੀ।
-”ਚੱਲ ਮੱਥਾ ਟੇਕਣਾ ਤਾਂ ਕੋਈ ਮਾੜੀ ਗੱਲ ਨ੍ਹੀ ਭੈਣ ਜੀ, ਪਰ ਤੂੰ ਡਰਦੀ ਕਿਸ ਗੱਲੋਂ ਐਂ..?”
-”ਵੇ ਮੈਂ ਤਾਂ, ਤਾਂ ਡਰਦੀ ਐਂ ਭਰਾਵਾ ਬਈ ਤੈਨੂੰ ਕਿਸੇ ਦੀ ਨਜ਼ਰ ਨਾ ਲੱਗਜੇ…!”
ਮੇਰੀ ਮਾਂ ਅਤੇ ਮੈਂ ਭੈਣ ਜੀ ਦੀ ਬੇਹੂਦੀ ਗੱਲ ‘ਤੇ ਉਚੀ-ਉਚੀ ਹੱਸ ਪਏ।
-”ਲੈ ਦੇਖਲਾ ਪੁੱਤ..! ਜੇ ਤੇਰੀ ਆਹ ਭੈਣ ਨਾ ਹੁੰਦੀ ਤਾਂ…!” ਮਾਂ ਹੱਸੀ ਜਾ ਰਹੀ ਸੀ।
-”ਮੈਨੂੰ ਤਾਂ ਲੋਕਾਂ ਦੀਆਂ ਨਜ਼ਰਾਂ ਮਾਰ ਲੈਂਦੀਆਂ..!” ਮੈਂ ਮਾਂ ਦੀ ਅਧੂਰੀ ਗੱਲ ਪੂਰੀ ਕੀਤੀ।
ਮਾਂ ਉਚੀ-ਉਚੀ ਹੱਸੀ ਜਾ ਰਹੀ ਸੀ। ਮਾਂ ਦਾ ਇਹ ਖੁੱਲ੍ਹ ਕੇ ਹੱਸਿਆ ਹਾਸਾ ਜ਼ਾਹਿਰਾ ਤੌਰ ‘ਤੇ ‘ਆਖਰੀ’ ਹਾਸਾ ਸੀ।
ਮਾਂ ਦੇ ਪੂਰਾ ਠੀਕ ਹੋਣ ‘ਤੇ ਮੈਂ ਲੰਡਨ ਵਾਪਿਸ ਆ ਗਿਆ।
ਕੁਝ ਕੁ ਮਹੀਨੇ ਬੀਤੇ ਤਾਂ ਮਾਂ ਨੂੰ ਅਧਰੰਗ ਦਾ ਤੀਜਾ ਅਤੇ ‘ਆਖਰੀ’ ਦੌਰਾ ਪਿਆ। ਤੀਜੇ ਦੌਰੇ ਕਾਰਨ ਮਾਂ ਦੀ ਜ਼ੁਬਾਨ ਖੜ੍ਹ ਗਈ ਅਤੇ ਉਹ ਬੋਲਣ ਤੋਂ ਅਸਮਰੱਥ ਹੋ ਗਈ ਸੀ। ਉਸ ਦੀਆਂ ਅੱਖਾਂ ਹਰਕਤ ਕਰਦੀਆਂ ਸਨ, ਗੱਲ ਸਮਝ ਵੀ ਲੈਂਦੀ। ਪਰ ਬੋਲਣੋਂ ਮਾਂ ਆਹਰੀ ਸੀ। ਪੱਤੋ ਹੀਰਾ ਸਿੰਘ ਵਾਲ਼ੀ ਭੈਣ ਦੀ ਹਾਜ਼ਰੀ ਵਿਚ ਮਾਂ ਦਾ ਖੁੱਲ੍ਹ ਕੇ ਹੱਸਿਆ ਹਾਸਾ ਮੈਨੂੰ ਅਜੇ ਵੀ ਕਦੇ ਕਦੇ ਯਾਦ ਆ ਜਾਂਦਾ ਹੈ ਅਤੇ ਮੇਰਾ ਮਨ ਕੀਰਨਾਂ ਪਾਉਣ ਵਾਲ਼ਾ ਹੋ ਜਾਂਦਾ ਹੈ….!