ਕਾਲੀਦਾਸ ਨੇ ਇਸਤਰੀ ਬਾਰੇ ਕੀ ਕਿਹਾ, ਕਾਲੀਦਾਸ ਦੇ ਸਬਦਾਂ ਚੋਂ ਖੋਜਣਾ ਪਵੇਗਾ ਪਰ ਇੱਕ ਗੱਲ ਜ਼ਰੂਰ ਹੈ ਕਿ ਕਾਲੀਦਾਸ ਨੇ ਇਸਤਰੀ ਬਾਰੇ ਕੁੱਝ ਬੁਰਾ ਨਹੀਂ ਕਿਹਾ। ਉਸਦੀ ਉਰਵਸ਼ੀ ਤੇ ਸ਼ਕੁੰਤਲਾ ਵੱਡੀਆਂ ਔਰਤਾਂ ਹਨ।
ਪੰਜਾਬੀ ਮਾਨਸਿਕਤਾ ਵਿੱਚ ਔਰਤਾਂ ਬਾਰੇ ਕਿਹੜੀਆਂ ਗੱਲਾਂ ਪ੍ਰਚਲਿਤ ਹਨ, ਅਸੀਂ ਜਾਣਦੇ ਹਾਂ। ਅਨੇਕ ਸਤਰਾਂ ਅਸੀਂ ਹਵਾ ਵਿੱਚ ਉਡਦੀਆਂ ਸੁਣਦੇ ਰਹਿੰਦੇ ਹਾਂ:
ਭੇਡ ਇਸ਼ਨਾਨਣ, ਤੀਵੀਂ ਗਿਆਨਣ
ਪ੍ਰੋ ਮੋਹਨ ਸਿੰਘ ਕਹਿੰਦੇ ਹਨ ਕਿ ਸਿਰਫ਼ ਕਾਲੀਦਾਸ ਹੀ ਇਸਤਰੀ ਦੇ ਦਿਲ ਨੂੰ ਸਮਝ ਸਕਿਆ:
ਸਾਰੇ ਪਰਦੇ ਚੀਰ ਕੇ ਪਰ ਲੰਘ ਗਈ ਤੇਰੀ ਨਜ਼ਰ
ਪੁਜ ਗਈ ਮੰਜ਼ਿਲ ਦੇ ਉਤੇ ਝਾਗ ਕੇ ਲੰਬਾ ਸਫ਼ਰ
ਔਰਤ ਜਿੱਥੇ ਸੁੰਦਰਤਾ ਦੀ ਦੁਪਹਿਰ ਹੈ, ਓਥੇ ਸਿਆਣਪ ਸਵੱਛਤਾ ਤੇ ਲੱਜਾ ਦੀ ਵੀ ਪ੍ਰਤੀਕ ਹੈ। ਪਤੀ ਸੇਵਾ ਤੇ ਦਇਆ ‘ਚ ਸਦਾ ਮੂਹਰਲੀ ਲਕੀਰ ਚ ਆਉਂਦੀ ਹੈ ਉਹ। ਸੱਚੀ,ਮਿੱਠ ਬੋਲੜੀ ਕਹਾਣੀ ਤੇ ਪ੍ਰਸੰਨਤਾ ਦੀ ਤਸਵੀਰ ਹੈ ਔਰਤ। ਧੀਰਜ ਉੱਦਮ ਤੇ ਸੰਜ਼ਮ ਦਾ ਸੂਰਜ ਹੈ ਔਰਤ। ਰਸੋਈ ਤੇ ਧਾਗਿਆਂ ਦੀ ਸਿਆਣਪ ਓਹਦੇ ਪੋਟਿਆਂ ਚ ਹੀ ਵਸਦੀ ਹੈ। ਬੱਚਿਆਂ ਲਈ ਉਹ ਰੱਬ ਵਰਗਾ ਆਸਰਾ ਹੈ, ਘਰ ਦੀ ਸਜਾਵਟ ਤੇ ਮਹਿਮਾਨਾਂ ਲਈ ਸੱਜਰੀ ਸਵੇਰ ਵਰਗੀ ਮੁਸਕਰਾਹਟ ਹੈ ਔਰਤ। ਸਜੀ ਹੋਈ ਸੋਹਣੀ ਔਰਤ ਵਾਂਗ ਸਰਘ਼ੀ ਦਾ ਰੰਗ ਨਵੇਂ ਦਿਨ ਤੇ ਨਵੀਨ ਰਾਹ ਲਿਖਦਾ 2 ਹਰੇਕ ਨੂੰ ਕੁਝ ਨਵਾਂ ਸਿਰਜਣ ਨੂੰ ਆਖਦਾ ਹੈ। ਕਾਲੀ ਜੇਹੀ ਰਾਤ ਚੋਂ ਜਰਾ ਪੈਰ ਜਦੋਂ ਵੀ ਬਾਹਰ ਆਉਂਦੇ ਹਨ-ਚੰਨ ਦੀ ਕਾਤਰ ਵੱਲ ਵੀ ਤੇ ਨਵੀਂ ਸਵੇਰ ਦੀ ਤਾਂਘ ਵੱਲ ਵੀ ਆਸ ਚਮਕਦੀ ਹੈ। ਸੱਜਰਾ ਦਿਨ ਕਹਿੰਦਾ ਹੈ ਸੋਹਣੀ ਔਰਤ ਵਾਂਗ ਕਿ ਤੂੰ ਕੋਈ ਉੱਚੀ ਸੋਚ ਸਿਰਜ,ਸਰਘ਼ੀ ਆਪੇ ਖਿੜ੍ਹ ਪਵੇਗੀ-ਦੂਰ ਹੋ ਜਾਣਗੇ ਹਨੇਰੇ-ਸੂਰਜ ਨੂੰ ਚਾਰ ਦਿਨ ਜਗਣ ਲਈ ਕਹਿ ਤੇ ਉੱਠ ਪੱਬਾਂ ਤੇ ਕੋਈ ਮੰਜਿ਼ਲ ਬੰਨ੍ਹ ਰਾਹ ਤਾਂ ਯਾਰ ਆਪੇ ਹੀ ਉੱਸਰ ਜਾਂਦੇ ਹਨ- ਅਸੀ ਕਵਿਤਾ ਵਿੱਚ ਨਾਰੀ-ਮਨ ਦੇ ਆਤਮ ਪ੍ਰਕਾਸ਼ ਦੇ ਦੀਦਾਰ ਕਰ ਸਕਦੇ ਹਾਂ।
ਪੰਜਾਬੀ ਦੇ ਪ੍ਰਸੰਗ ਵਿੱਚ ਕਦੀ ਵੇਲਾ ਸੀ ਕਿ ਪੰਜਾਬੀ ਨਾਰ ਲੋਕ ਗੀਤਾਂ ਦੇ ਓਹਲੇ ਵਿੱਚ ਬੇਨਾਮ ਰੂਪ ਵਿੱਚ ਆਪਣੇ ਆਪੇ ਦਾ ਪ੍ਰਗਟਓ ਕਰਦੀ ਸੀ:
ਸੁਤੀ ਪਈ ਦੇ ਸਰ੍ਹਾਣੇ ਰਿੱਛ ਬੰਨ੍ਹ ਕੇ
ਨੋਟ ਗਿਣਾ ਲਏ ਮਾਪਿਆਂ
ਅੱਧੀ ਤੇਰੀ ਆਂ ਮੁਲਾਹਜ਼ੇਦਾਰਾ
ਅੱਧੀ ਮੈਂ ਗਰੀਬ ਜੱਟ ਦੀ
ਤੇਰੀ ਸੱਜਰੀ ਪੈੜ ਦਾ ਰੇਤਾ
ਚੁਕ ਚੁਕ ਲਾਵਾਂ ਹਿੱਕ ਨੂੰ
ਕੀ ਤੂੰ ਘੋਲ ਕੇ ਤਵੀਤ ਪਲਾਏ
ਵੇ ਲੱਗੀ ਤੇਰੇ ਮਗਰ ਫਿਰਾਂ
ਜਿੰਦ ਯਾਰ ਦੀ ਬੁੱਕਲ ਵਿੱਚ ਨਿਕਲੇ
ਸੁਰਗਾਂ ਨੂੰ ਜਾਣ ਹੱਡੀਆਂ
ਜਦੋਂ ਸਮਾਜ ‘ਚ ਰਸਮ-ਰਿਵਾਜ,ਵਿਸ਼ਵਾਸ਼ ਵੀ ਟੁੱਟ ਜਾਂਦੇ ਹਨ ਜਾਂ ਅਦਲ ਬਦਲ ਜਾਂਦੇ ਹਨ ਤਾਂ ਤਬਦੀਲੀ ਸਿਰਜਦੀ ਜਾਂਦੀ ਹੈ, ਦਿਨਾਂ ਤੇ ਨਿਖਾਰ, ਰਾਤ ਚ ਚਾਨਣੀ ਖਿੜ੍ਹਦੀ ਹੈ –ਕਪਾਹ ਦੇ ਫੁੱਟਾਂ ਵਰਗੀ -ਸਮੇਂ ਦਾ ਦੂਸਰਾ ਨਾਂ ਤਬਦੀਲੀ ਹੁੰਦਾ ਹੈ-। ਕਈ ਵਾਰ ਧਾਰਮਿਕ ਫਿਰਕੇ, ਰਾਜਨੀਤਕ ਪਾਰਟੀਆਂ ਜੋ ਸਮੇਂ ਦੀ ਤੋਰ ਨਾਲ ਤੁਰਨੋ ਇੰਨਕਾਰੀ ਹੋਣ ਕਾਰਨ ਅਸੁਖਾਵਾਂ ਮਹੌਲ ਸਿਰਜਦੀਆਂ ਹਨ ਤਾਂ ਲੋਕਾਂ ਦੇ ਰਾਸ ਨਹੀਂ ਆਉਂਦਾ। ਈਸਾਈ ਮੱਤ ਫਿਰਕਿਆਂ ‘ਚ ਇੰਜ ਦੋਫ਼ਾੜ ਹੋਇਆ ਸੀ ਤੇ ਇੱਕ ਦੂਜੇ ਦੇ ਹੱਥ ਖ਼ੂਨ ਚ ਧੋਣ ਲੱਗ ਪਿਆ ਸੀ।
ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ
ਵਿੱਚੇ ਬੇੜੀ ਵਿੱਚੇ ਚੱਪੂ, ਵਿਚੇ ਮੰਝ ਮੁਹਾਣੇ
ਪਰ ਕਵੀ ਮੋਹਨ ਸਿੰਘ ਨੇ ਕਿਹਾ ਕਿ ਪੁਰਖ ਦੇ ਦਿਲ ਦੀ ਗਹਿਰਾਈ ਦੀ ਗੱਲ ਵੀ ਠੀਕ ਹੋਵੇਗੀ ਪਰ ਅਸਲ ਗਹਿਰਾ ਦਿਲ ਪੁਰਖ ਦਾ ਨਹੀਂ ਇਸਤਰੀ ਦਾ ਹੁੰਦਾ ਹੈ।
ਉਹ ਲਿਖਦੇ ਹਨ:
ਇਸਤਰੀ ਦਾ ਦਿਲ ਸਮੁੰਦਰ ਕੋਈ ਪਾ ਸਕਿਆ ਨਾ ਥਾਹ
ਇਕ ਰਹੱਸ ਡੂੰਘਾ ਨਾ ਸਕਿਆ ਕੋਈ ਉਸ ਤੋਂ ਘੁੰਡ ਲਾਹ
ਕੋਈ ਭਰ ਕੇ ਰਹਿ ਗਿਆ ਆਹ,
ਕੋਈ ਬੱਸ ਕਹਿ ਸਕਿਆ ਵਾਹ
ਪੀਲੂ :
ਭੱਠ ਰੰਨਾਂ ਦੀ ਦੋਸਤੀ, ਖੁਰੀ ਜਿਨ੍ਹਾਂ ਦੀ ਮੱਤ
ਹੱਸ ਹੱਸ ਲਾਉਦੀਆਂ ਯਾਰੀਆਂ, ਰੋ ਰੋ ਦਿੰਦੀਆਂ ਦੱਸ
ਪਟੇ ਪਟਾਉਦੀਆਂ ਯਾਰ ਦੇ ਸੀਨੇ ਦੇ ਕੇ ਲੱਤ
:
ਮੰਦਾ ਕੀਤਾ ਸਾਹਿਬਾਂ ਮੇਰਾ ਤਰਕਸ਼ ਟੰਗਿਆ ਜੰਡ
ਵਾਰਿਸ ਦੀ ਹੀਰ:
ਵਾਰਿਸ ਰੰਨ, ਤਲਵਾਰ, ਫ਼ਕੀਰ, ਘੋੜਾ,
ਚਾਰੇ ਥੋਕ ਇਹ ਕਿਸੇ ਦੇ ਯਾਰ ਨਾਹੀਂ
ਪਰ ਵਾਰਿਸ ਦੀ ਹੀਰ ਕਹਿੰਦੀ ਹੈ:
ਵਾਰਿਸ ਸ਼ਾਹ ਨਾ ਮੁੜਾਂਗੀ ਰਾਂਝਣੇ ਤੋਂ,
ਭਾਂਵੇਂ ਬਾਪ ਦੇ ਬਾਪ ਦਾ ਬਾਪ ਆਵੇ
ਦਸਮ ਗ੍ਰ੍ਰੰਥ ਦੇ ਚਰਿਤ੍ਰ ਕਥਨਾਂ ਵਿੱਚ ਇਸਤਰੀ ਕਾਮ ਤੇ ਛਲ ਦਾ ਮੁਜੱਸਮਾ ਹੈ।
ਨੀਤਸ਼ੇ ਦਾ ਜ਼ਰਦੁਸ਼ਤ ਕਹਿੰਦਾ ਹੈ: ਮੇਰੀਆਂ ਗੱਲਾਂ ਬੱਚਿਆਂ ਤੇ ਔਰਤਾਂ ਲਈ ਨਹੀਂ ਹਨ
ਅਰਸਤੂ ਅਨੁਸਾਰ ਔਰਤ ਕੁੱਝ ਵਿਸ਼ੇਸ਼ਤਾਵਾਂ ਦੀ ਘਾਟ ਕਾਰਣ ਹੀ ਔਰਤ ਹੈ। ਹੁਣ ਦੀ ਲੋਕਧਾਰਾ ਦਾ ਮੱਤ ਹੈ ਕਿ ਤੀਵੀਆਂ ਵਿੱਚ ਨੌ ਸੌ ਛਿਅੱਤਰ ਚਲਿੱਤਰ ਹੁੰਦੇ ਨੇ
ਇਕ ਕਥਨ ਹੈ: ਔਰਤ ਪਿਆਰ ਪ੍ਰਾਪਤ ਕਰਨ ਲਈ ਸਰੀਰਕ ਸੰਯੋਗ ਕਰਦੀਆਂ ਹਨ, ਪੁਰਖ ਸਰੀਰਕ ਸੰਯੋਗ ਪ੍ਰਾਪਤ ਕਰਨ ਲਈ ਪਿਆਰ ਕਰਦੇ ਹਨ।
ਕਿਸੇ ਨੇ ਕਿਹਾ: ਪੁਰਖ ਦਾ ਸੰਘਰਸ਼ ਬ੍ਰਹਿਮੰਡ ਨਾਲ, ਨਾਰੀ ਦਾ ਪੁਰਸ਼ ਨਾਲ।
ਇਕ ਨਾਰੀ ਲੇਖਿਕਾ ਦਾ ਗਿਲਾ ਹੈ: ਪੁਰਖ ਲਈ ਪਿਆਰ ਉਸਦੀ ਜ਼ਿੰਦਗੀ ਦਾ ਇੱਕ ਹਿੱਸਾ ਹੁੰਦਾ ਹੈ ਤੇ ਔਰਤ ਲਈ ਪਿਆਰ ਉਸਦਾ ਪੂਰਾ ਸੰਸਾਰ।
ਨਾਰੀਵਾਦੀ ਨੇ ਕਿਹਾ: ਅੱਜ ਤੱਕ ਔਰਤ ਬਾਰੇ ਜੋ ਕੁੱਝ ਵੀ ਪੁਰਸ਼ ਨੇ ਕਿਹਾ, ਉਸ ਉਤੇ ਸ਼ੱਕ ਕੀਤਾ ਜਾਣਾ ਚਾਹੀਦਾ, ਕਿਉਕਿ ਪੁਰਖ ਜੱਜ ਵੀ ਆਪ ਹੀ ਹੈ ਤੇ ਮੁਜਰਿਮ ਵੀ ਆਪ।
ਮਾਰਕਸ ਨੇ ਕਿਹਾ: ਔਰਤ ਤੇ ਪੁਰਸ਼ ਦਾ ਰਿਸ਼ਤਾ ਸਭ ਤੋਂ ਵੱਧ ਕੁਦਰਤੀ ਹੈ। ਵਿਕਾਸ ਦੌਰਾਨ ਅਸੀਂ ਦੇਖਣਾ ਹੈ ਕਿ ਕੁਦਰਤੀ ਅਵਸਥਾ ਤੋਂ ਅੱਗੇ ਵਧਦਿਆਂ ਉਸ ਨੇ ਇਸ ਰਿਸ਼ਤੇ ਦਾ ਕਿਹੋ ਜਿਹਾ ਮਾਨਵੀ ਸਰੂਪ ਬਣਾਇਆ।
ਮਸ਼ਹੂਰ ਪੁਸਤਕ ਦ ਸੈਕਿੰਡ ਸੈਕਸ ਦੀ ਲੇਖਿਕਾ ਸਿਮੋਨ ਦ ਬੋਵੀਅਰ ਲਿਖਦੀ ਹੈ ਕਿ ਨਾਰੀ ਤੇ ਪੁਰਸ਼ ਵਿਚਕਾਰ ਮੌਲਿਕ ਬੁਨਿਆਦੀ ਫ਼ਰਕ ਤਾਂ ਰਹਿਣਗੇ ਹੀ। ਉਨ੍ਹਾਂ ਦੀ ਕਾਮਨਾਮਈ ਜ਼ਿੰਦਗੀ, ਉਨ੍ਹਾਂ ਦੀ ਸੰਵੇਦਨਸ਼ੀਲਤਾ, ਉਨ੍ਹਾਂ ਦੀ ਕਾਮੁਕ ਦੁਨੀਆਂ ਦੇ ਸੁਹਜ ਸੁਆਦ ਅਲੱਗ ਹਨ। ਇਸਤਰੀ ਦੀ ਮੁਕਤੀ ਇਨ੍ਹਾਂ ਨੂੰ ਖ਼ਤਮ ਨਹੀਂ ਕਰੇਗੀ, ਬਲਕਿ ਇੱਕ ਮਹੱਤਵਪੂਰਣ ਨਵੀਂ ਸਾਰਥਿਕਤਾ ਨੂੰ ਇਜ਼ਹਾਰ ਮਿਲੇਗਾ।
ਅਸੀਂ ਇਸ ਗੱਲੋਂ ਖੁਸ਼ਕਿਸਮਤ ਹਾਂ ਕਿ ਅਸੀਂ ਉਸ ਯੁਗ ਵਿੱਚ ਜੀ ਰਹੇ ਹਾਂ ਜਿਸ ਵਿੱਚ ਨਾਰੀ ਮਨ ਦਾ ਅਵਚੇਤਨ ਪੁੰਨਿਆਂ ਵਿੱਚ ਸਮੁੰਦਰ ਵਾਂਗ ਉਛਲ ਰਿਹਾ ਹੈ, ਉਹ ਦਿਲ ਜਿਸ ਦੀ ਥਾਹ ਲੈਣ ਲਈ ਪੁਰਖ ਕਵੀ ਤਰਸਦੇ ਸਨ, ਆਪਣੇ ਅਨੁਮਾਨ ਲਾਉਦੇ ਸਨ ਜਾਂ ਉਸ ਉਤੇ ਆਪਣੇ ਉਲਾਰ ਥੋਪਦੇ ਸਨ, ਉਹ ਅੱਜ ਖ਼ੁਦ ਆਪਣੀ ਥਾਹ ਦਾ ਤਰਜਮਾਨ ਬਣ ਗਿਆ ਹੈ।
ਔਰਤ ਸੰਸਕਾਰ ਵੰਡਦੀ ਹੈ, ਓਹੀ ਨਿੱਤ ਨਵੀਂਆਂ ਹਵਾਵਾਂ ਨੂੰ ਮਿਲਦੇ ਹਨ। ਔਰਤ ਦੇ ਉੱਕਰੇ ਗਏ ਸੰਸਕਾਰ, ਵਿਚਾਰ ਤੇ ਹੋਰ ਕਲਾਵਾਂ ਸਮੇਂ ਦੇ ਸਫ਼ੇਦ ਪੰਨਿਆਂ ‘ਤੇ ਸਦਾ ਉੱਕਰੀਆਂ ਜਾਂਦੀਆਂ ਹਨ। ਫਿਰ ਸਮਾਂ ਉਹੀੇ ਵਿਚਾਰ ਤੇ ਕਲਾਵਾਂ ਨੂੰ ਜੇਬਾਂ ਚ ਪਾ ਕੇ ਰੱਖਦਾ ਹੈ ਤੇ ਰਾਹਾਂ ਦੀਆਂ ਪੈੜਾਂ ਤੇ ਸਦਾ ਲਿਖਦਾ ਰਹਿੰਦਾ ਹੈ। ਔਰਤ ਚੰਨ ਵਰਗੀ ਲੋਅ ਹੈ, ਰੌਸ਼ਨੀ ਹੈ ਨਵੇਂ ਦਿੰਹੁ ਵਰਗੀ। ਔਰਤ ‘ਚ ਅਰਸ਼ਾਂ ਜੇਡਾ ਜ਼ੇਰਾ ਹੈ ਤੇ ਨੀਲੇ ਪਾਣੀਆਂ ਵਰਗੀ ਨਰਮ ਤੇ ਸੋਹਣੀ ਟੋਰ ਵੀ ਹੈ। ਔਰਤ ਇਕ ਪਵਿੱਤਰ ਧਰਤ ਹੈ, ਕਈ ਅਰਸ਼ਾਂ ਨਾਲੋ ਸੁੰਦਰ ਤੇ ਜੱਗ-ਜਨਮਦਾਤੀ।