ਅੰਮ੍ਰਿਤਸਰ: -ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਿਥੇ ਸਿੱਖ ਕੌਮ ਨੂੰ ਆਉਣ ਵਾਲੀ ਸਮੱਸਿਆਂ ਦੇ ਫੌਰੀ ਹੱਲ ਲਈ ਕਦਮ ਚੁੱਕੇ ਜਾ ਰਹੇ ਹਨ ਉਥੇ ਧਰਮ ਪ੍ਰਚਾਰ, ਪਤਿਤ ਹੋ ਚੁਕੱ ਨੌਜਵਾਨਾਂ ਨੂੰ ਸਿੱਖੀ ਸਰੂਪ ’ਚ ਲਿਆਉਣ ਲਈ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਲੋਂ ਭਰੂਣ ਹੱਤਿਆ, ਦਹੇਜ ਪ੍ਰਥਾ, ਨਸ਼ਿਆਂ ਵਰਗੀਆਂ ਲਾਹਣਤਾਂ ਨੂੰ ਜੜੋ ਪੁੱਟਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸ. ਰਘੁਜੀਤ ਸਿੰਘ (ਕਰਨਾਲ) ਨੇ ਕੀਤਾ। ਜਿਥੇ ਉਨ੍ਹਾਂ ਲੰਗਰ ਵਿਚ ਸੇਵਾ ਨਿਭਾਈ ਉਥੇ ਸੰਗਤਾਂ ਨੂੰ ਸੇਵਾ ਲਈ ਪ੍ਰੇਰਿਤ ਵੀ ਕੀਤਾ ਅਤੇ ਸੇਵਾ ਦੇ ਮਹੱਤਵ ਉਪਰ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸੇਵਾ ਨਾਲ ਜਿਥੇ ਮਨੁੱਖ ਪਾਪ ਮੁਕਤ ਹੋ ਜਾਂਦਾ ਹੈ ਉਥੇ ਸਿਮਰਨ ਨਾਲ ਮਨੁੱਖ ਦੀ 84 ਦੀ ਯੋਨ ਵੀ ਕੱਟੀ ਜਾਂਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਡੀਆ ਸਲਾਹਕਾਰ ਸ. ਵਿਕਰਮਜੀਤ ਸਿੰਘ, ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਸ. ਸਿਮਰਜੀਤ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ. ਹਰਭਜਨ ਸਿੰਘ, ਬਾਬਾ ਸੁਬੇਗ ਸਿੰਘ, ਬਾਬਾ ਗੁਰਮਿੰਦਰ ਸਿੰਘ, ਬਾਬਾ ਬੀਰ ਸਿੰਘ, ਸ. ਹਰਭਜਨ ਸਿੰਘ, ਬੀਬੀ ਕਰਤਾਰ ਕੌਰ, ਬਾਬਾ ਸੁਰਜੀਤ ਸਿੰਘ, ਬੀਬੀ ਅਮਰਜੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਇਸੇ ਤਰ੍ਹਾਂ ਸੋਨੀਪਤ (ਹਰਿਆਣਾ) ਤੋਂ ਸੇਵਾ ਲਈ ਜਥਾ ਟਰੱਕ ਯੂਨੀਅਨ ਦੇ ਪ੍ਰਧਾਨ ਸ. ਸੁਰਿੰਦਰ ਸਿੰਘ ਦਹੀਆ ਅਤੇ ਸ. ਮਨਜੀਤ ਸਿੰਘ ਦੀ ਅਗਵਾਈ ਵਿਚ ਆਇਆ। ਇਸ ਤੋਂ ਇਲਾਵਾ ਫਰੀਦਾਬਾਦ (ਹਰਿਆਣਾ) ਤੋਂ ਵੀ ਜਥਾ ਸ. ਇੰਦਰਜੀਤ ਸਿੰਘ ਅਤੇ ਸ. ਬਰਿਜ ਮੋਹਣ ਸਿੰਘ ਦੀ ਅਗਵਾਈ ਵਿਚ ਆਇਆ। ਇਸ ਦੌਰਾਨ ਸ. ਇੰਦਰਪਾਲ ਸਿੰਘ, ਸ. ਜਸਵੰਤ ਸਿੰਘ, ਸ. ਹਰਬੰਸ ਸਿੰਘ, ਸ. ਜੋਗਿੰਦਰ ਸਿੰਘ ਸੀ: ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ), ਸ. ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਬੰਗਾ ਸਾਹਿਬ ਰੋਹਤਕ, ਸ. ਬਿੰਦਰਪਾਲ ਸਿੰਘ ਅਤੇ ਸ. ਮਨਜੀਤ ਸਿੰਘ ਤੋਂ ਇਲਾਵਾ ਹੋਰ ਸੰਗਤ ਵੀ ਮੌਜੂਦ ਸੀ। ਲੰਗਰ ਹਾਲ ਵਿਚ ਅੱਜ ਪਾਣੀਪਤ ਅਤੇ ਰੋਹਤਕ ਤੋਂ ਆਈ ਸੰਗਤ ਨੇ ਵੀ ਸੇਵਾ ਬਾਖੂਬੀ ਨਿਭਾਈ।