ਪਟਿਆਲਾ – ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ, ਨਿਰਪੱਖ , ਬਿਨਾਂ ਕਿਸੇ ਡਰ ਭੈਅ ਅਤੇ ਨਿਰਵਿਘਨ ਤੌਰ ’ਤੇ ਨੇਪਰੇ ਚੜਾਉਣ ਲਈ ਜਿੱਥੇ ਪੰਜਾਬ ਪੁਲਿਸ, ਪੰਜਾਬ ਆਰਮਡ ਪੁਲਿਸ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਵੇਗੀ, ਉਥੇ ਕੇਂਦਰ ਸਰਕਾਰ ਤੋਂ ਵੀ ਪੈਰਾ ਮਿਲਟਰੀ ਫੋਰਸਿਜ਼ ਦੀਆਂ 200 ਕੰਪਨੀਆਂ ਦੀ ਮੰਗ ਕੀਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਸ਼੍ਰੀ ਕੇ.ਕੇ. ਅੱਤਰੀ ਡਾਇਰੈਕਟਰ ਜਨਰਲ ਆਫ ਪੁਲਿਸ ਨੇ ਪੁਲਿਸ ਲਾਈਨ ਪਟਿਆਲਾ ਵਿਖੇ ਪਟਿਆਲਾ ਰੇਂਜ ਵਿੱਚ ਪੈਂਦੇ ਪੁਲਿਸ ਦੇ ਉੱਚ ਅਧਿਕਾਰੀਆਂ, ਪਟਿਆਲਾ, ਸੰਗਰੂਰ, ਫਤਿਹਗੜ੍ਹ ਸਾਹਿਬ, ਮੋਹਾਲੀ ਅਤੇ ਬਰਨਾਲਾ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਤੋਂ ਇਲਾਵਾ ਐਸ.ਪੀਜ਼, ਡੀ.ਐਸ.ਪੀਜ਼ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਣ ਅਤੇ ਉਹਨਾਂ ਦੀ ਇੰਨ-ਬਿਨ ਪਾਲਣਾਂ ਕਰਨ ਹਿੱਤ ਅਤੇ ਚੋਣਾਂ ਦੌਰਾਨ ਅਮਨ, ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਸਬੰਧੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਹਨਾਂ ਆਖਿਆ ਕਿ ਚੋਣ ਕਮਿਸ਼ਨ ਵੱਲੋਂ ਪੁਲਿਸ ਨੂੰ ਚੋਣਾਂ ਸਬੰਧੀ ਜੋ ਵੀ ਹਦਾਇਤਾਂ ਪ੍ਰਾਪਤ ਹੋਈਆਂ ਹਨ, ਉਸ ਉਤੇ ਪੂਰੀ ਤਰ੍ਹਾਂ ਅਮਲ ਕੀਤਾ ਜਾਵੇਗਾ ਅਤੇ ਚੋਣਾਂ ਦੌਰਾਨ ਕਿਸੇ ਵੀ ਵਿਅਕਤੀ ਨੂੰ ਅਮਨ ਕਾਨੂੰਨ ਦੀ ਵਿਵਸਥਾ ਨੂੰ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਪੰਜਾਬ ਪੁਲਿਸ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖ਼ਤ ਕਰਵਾਈ ਕਰੇਗੀ ਅਤੇ ਭੈੜੇ ਅਨਸਰਾਂ ’ਤੇ ਸਖ਼ਤ ਨਿਗਾਹ ਰੱਖੀ ਜਾਵੇਗੀ।
ਡਾਇਰੈਕਟਰ ਜਨਰਲ ਆਫ ਪੁਲਿਸ ਨੇ ਕਿਹਾ ਕਿ ਚੋਣਾਂ ਦੌਰਾਨ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ 70 ਫੀਸਦੀ ਪੰਜਾਬ ਪੁਲਿਸ ਤੋਂ ਇਲਾਵਾ 50 ਫੀਸਦੀ ਪੰਜਾਬ ਆਰਮਡ ਪੁਲਿਸ ਦੇ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਕੇਂਦਰ ਵੱਲੋਂ ਮੁਹੱਈਆ ਕਰਵਾਈ ਜਾਣ ਵਾਲੀ ਪੈਰਾ ਮਿਲਟਰੀ ਫੋਰਸਿਜ਼ ਵੀ ਚੋਣ ਸਬੰਧੀ ਆਪਣੀ ਡਿਊਟੀ ਨਿਭਾਵੇਗੀ। ਪੱਤਰਕਾਰਾਂ ਵੱਲੋਂ ਕੇਂਦਰ ਸਰਕਾਰ ਤੋਂ ਪੈਰਾ ਮਿਲਟਰੀ ਫੋਰਸਿਜ਼ ਦੀਆਂ 200 ਕੰਪਨੀਆਂ ਦੀ ਮੰਗ ਘੱਟ ਹੋਣ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਇਸ ਨੂੰ ਦੁਬਾਰਾ ਵੀ ਵਿਚਾਰਿਆ ਜਾ ਸਕਦਾ ਹੈ ਲੋੜ ਪੈਣ ’ਤੇ ਹੋਰ ਕੰਪਨੀਆਂ ਵੀ ਮੰਗਵਾਈਆਂ ਜਾ ਸਕਦੀਆਂ ਹਨ । ਪੱਤਰਕਾਰਾਂ ਵੱਲੋਂ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਵਿੱਚ ਸੀਨੀਆਰਤਾ ਸਬੰਧੀ ਪਾਏ ਜਾਂਦੇ ਰੋਸ ਬਾਰੇ ਉਹਨਾਂ ਕਿਹਾ ਕਿ ਬਿਨਾਂ ਕਿਸੇ ਵਿਤਕਰੇ ਤੋਂ ਸਨਿਓਰਿਟੀ ਤਿਆਰ ਕੀਤੀ ਜਾ ਰਹੀ ਹੈ , ਪੰਜਾਬ ਪੁਲਿਸ ਵਿੱਚ ਸੀਨੀਆਰਤਾ ਲਿਸਟ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਬਗਾਬਤ ਨਹੀਂ ਹੈ ਸਗੋਂ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਕ੍ਰਮਚਾਰੀ ਦਾ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਦਾ ਇਕੋ ਇੱਕ ਨਿਸ਼ਾਨਾ ਹੈ, ਤਾਂ ਜੋ ਪੰਜਾਬ ਵਿੱਚ ਮੁਕੰਮਲ ਤੌਰ ’ਤੇ ਅਮਨ ਅਤੇ ਸ਼ਾਂਤੀ ਰਹੇ ਅਤੇ ਚੋਣਾਂ ਅਮਨ ਪੂਰਵਕ ਢੰਗ ਨਾਲ ਨੇਪੜੇ ਚੜ੍ਹ ਸਕਣ। ਉਹਨਾਂ ਪੱਤਰਕਾਰਾਂ ਵੱਲੋਂ ਕੁਝ ਪੁਲਿਸ ਵਾਲਿਆਂ ਵੱਲੋਂ ਦਿਨ ਪ੍ਰਤੀ ਦਿਨ ਸਮਾਜ ਦੇ ਲੋਕਾਂ ਨਾਲ ਕੀਤੇ ਜਾਂਦੇ ਦੁਰਵਿਹਾਰ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਪ੍ਰੰਤੂ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਅਜਿਹੀ ਗਲਤੀ ਕਰਦਾ ਹੈ ਤਾਂ ਉਸ ਦੀ ਜਾਂਚ ਕਰਵਾਈ ਜਾਵੇਗੀ ਅਤੇ ਜੇਕਰ ਜਾਂਚ ਵਿੱਚ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਉਸ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਸ਼੍ਰੀ ਜੇ.ਪੀ.ਵਿਰਦੀ ਏ.ਡੀ.ਜੀ.ਪੀ. (ਲਾਅ ਐਂਡ ਆਰਡਰ), ਸ਼੍ਰੀ ਗੁਰਦੇਵ ਸਿੰਘ ਸਹੋਤਾ ਆਈ.ਜੀ.ਪਟਿਆਲਾ ਜੋਨ, ਸ਼੍ਰੀ ਐਸ.ਕੇ. ਅਸਥਾਨਾਂ ਡੀ..ਆਈ.ਜੀ. ਪਟਿਆਲਾ ਜੋਨ, ਸ਼੍ਰੀ ਦੀਪਿੰਦਰ ਸਿੰਘ ਡਿਪਟੀ ਕਮਿਸ਼ਨਰ, ਸ਼੍ਰੀ ਐਮ.ਐਸ. ਚਾਹਲ ਏ.ਆਈ.ਜੀ. (ਰੇਲਵੇ), ਸ਼੍ਰੀ ਅਰਪਿਤ ਸ਼ੁਕਲਾ ਜ਼ਿਲ੍ਹਾ ਪੁਲਿਸ ਮੁਖੀ ਪਟਿਆਲਾ, ਸ਼੍ਰੀ ਜਤਿੰਦਰ ਸਿੰਘ ਔਲਖ ਜ਼ਿਲ੍ਹਾ ਪੁਲਿਸ ਮੁਖੀ ਮੋਹਾਲੀ, ਸ਼੍ਰੀ ਨੋਨਿਹਾਲ ਸਿੰਘ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ, ਸ਼੍ਰੀ ਸ਼ਿਵ ਕੁਮਾਰ ਜ਼ਿਲ੍ਹਾ ਪੁਲਿਸ ਮੁਖੀ ਬਰਨਾਲਾ, ਸ਼੍ਰੀ ਕੋਸਤੁਵ ਸ਼ਰਮਾ ਜ਼ਿਲ੍ਹਾ ਪੁਲਿਸ ਮੁਖੀ ਫਤਿਹਗੜ੍ਹ ਸਾਹਿਬ ਤੋਂ ਇਲਾਵਾ ਪਟਿਆਲਾ ਰੇਂਜ ਦੇ ਐਸ.ਪੀਜ਼ ਅਤੇ ਡੀ.ਐਸ.ਪੀਜ਼ ਵੀ ਮੌਜੂਦ ਸਨ।