ਫਤਿਹਗੜ੍ਹ ਸਾਹਿਬ, :- “ਹਿੰਦੋਸਤਾਨ ਵਿੱਚ ਪੈਦਾ ਹੋਣ ਵਾਲੀ ਦਹਿਸ਼ਤਗਰਦੀ, ਕਤਲੇਆਮ ਅਤੇ ਫਿਰਕੂ ਨਫਰਤ ਭਾਜਪਾ ਜਮਾਤ ਦੀ ਕੁੱਖ ਵਿੱਚੋਂ ਪੈਦਾ ਹੋਏ ਹਨ। ਜਿਸਨੇ ਮੁਲਕ ਵਿੱਚ “ਹਿੰਦੂਤਵ ਤੇ ਹਿੰਦੀ” ਦੀ ਧੌਂਸ ਨੂੰ ਲਾਗੂ ਕਰਨ ਲਈ ਘੱਟ ਗਿਣਤੀ ਮੁਸਲਿਮ, ਇਸਾਈ ਅਤੇ ਸਿੱਖ ਕੌਮ ਦੇ ਵਿਧਾਨਿਕ ਅਤੇ ਸਮਾਜਿਕ ਹੱਕ ਹਕੂਕਾਂ ਉੱਤੇ ਜ਼ਬਰੀ ਡਾਕਾ ਮਾਰਿਆ ਹੋਇਆ ਹੈ ਤੇ ਘੱਟ ਗਿਣਤੀ ਕੌਮਾਂ ਨਾਲ ਦੂਸਰੇ ਦਰਜੇ ਦਾ ਵਿਵਹਾਰ ਕੀਤਾ ਜਾ ਰਿਹਾ ਹੈ।”
ਇਹ ਵਿਚਾਰ ਅੱਜ ਇੱਥੇ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਰਾਜਨਾਥ ਸਿੰਘ ਵੱਲੋਂ “ਪੋਟਾ” ਕਾਨੂੰਨ ਬਣਾਉਣ ਦੇ ਪ੍ਰਗਟਾਏ ਗਏ ਮਨੁੱਖਤਾ ਵਿਰੋਧੀ ਵਿਚਾਰਾਂ ਦੀ ਪੁਰਜ਼ੋਰ ਨਿਖੇਧੀ ਕਰਦੇ ਹੋਏ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਹਿੰਦ ਹਕੂਮਤ ਉੱਤੇ ਰਾਜ-ਭਾਗ ਕਰਨ ਵਾਲੀਆਂ ਜਮਾਤਾਂ ਭਾਜਪਾ ਤੇ ਕਾਗਰਸ ਨੇ ਹੁਣ ਤੱਕ ਜਿੰਨੇ ਵੀ ਪੋਟਾ, ਐਨ ਐਸ ਏ, ਟਾਡਾ ਆਦਿ ਕਾਲੇ ਕਾਨੂੰਨ ਬਣਾਏ, ਉਹਨਾਂ ਦੀ ਦੁਰਵਰਤੋਂ ਕੇਵਲ ਘੱਟ ਗਿਣਤੀ ਕੌਮਾਂ ਵਿਰੁੱਧ ਹੀ ਹੁੰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਮੁਸਲਿਮ, ਇਸਾਈ ਤੇ ਸਿੱਖਾਂ ਦੇ ਕਾਤਿਲ ਤਾਂ ਅੱਜ ਵੀ ਪੂਰੀ ਆਜ਼ਾਦੀ ਨਾਲ ਮੁਲਕ ਵਿੱਚ ਦਨਦਨਾਉਂਦੇ ਫਿਰਦੇ ਹਨ, ਜਿਹਨਾ ਉੱਤੇ ਨਾਸਾ ਲੱਗਣਾ ਚਾਹੀਦਾ ਹੈ। ਉਹਨਾਂ ਨੂੰ ਭਾਜਪਾ ਅਤੇ ਕਾਂਗਰਸ ਜਮਾਤਾਂ ਪਾਰਟੀ ਟਿਕਟਾਂ ਅਤੇ ਉੱਚ ਅਹੁਦੇ ਦੇ ਕੇ ਨਿਵਾਜਦੀਆਂ ਆ ਰਹੀਆ ਹਨ। ਪਰ ਸਿੱਖ, ਮੁਸਲਿਮ ਅਤੇ ਇਸਾਈਆਂ ਉੱਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਜ਼ਬਰੀ ਠੋਸ ਕੇ ਗੈਰ ਕਾਨੂੰਨੀ ਤਰੀਕੇ ਬੰਦੀ ਬਣਾਇਆ ਹੋਇਆ ਹੈ ਅਤੇ ਉਹਨਾਂ ਉੱਤੇ ਅਣਮਨੁੱਖੀ ਢੰਗਾਂ ਦੀ ਵਰਤੋਂ ਕਰਕੇ ਤਸ਼ੱਦਦ ਹੋ ਰਹੇ ਹਨ। ਇੱਥੋਂ ਤੱਕ ਇੱਕ ਬੇਕਸੂਰ ਮੁਸਲਿਮ ਬੀਬੀ ਪ੍ਰਵੀਨ ਖਾਨ ਕੌਰ ਨੂੰ ਕਾਲੇ ਕਾਨੂੰਨਾਂ ਤਹਿਤ ਅੱਜ ਵੀ ਬੰਦੀ ਬਣਾਇਆ ਹੋਇਆ ਹੈ। ਰਣਜੀਤ ਸਿੰਘ ਕੁੱਕੀ ਜਿਸਨੇ ਆਪਣੀ ਬਣਦੀ ਸਜ਼੍ਹਾ ਤੋਂ ਤਿੰਨ ਸਾਲ ਵੱਧ 17 ਸਾਲ ਦੀ ਲੰਮੀ ਕੈਦ ਭੁਗਤ ਲਈ ਹੈ, ਉਸਨੂੰ ਫਿਰ ਗ੍ਰਿਫਤਾਰ ਕਰਕੇ ਬੰਦੀ ਬਣਾ ਦਿੱਤਾ ਗਿਆ ਹੈ ਜੋ ਕਾਲੇ ਕਾਨੂੰਨਾਂ ਦੇ ਜ਼ੁਲਮ ਦੀ ਮੂੰਹ ਬੋਲਦੀ ਤਸਵੀਰ ਹੈ।
ਉਹਨਾਂ ਕਿਹਾ ਕਿ ਭਾਜਪਾ ਦੀ ਮੁਤੱਸਵੀ ਅਤੇ ਕਾਂਗਰਸ ਦੀ ਮਕਾਰਤਾ ਭਰੀ ਜਮਾਤ ਇਸ ਮੁਲਕ ਵਿੱਚ ਕਿੰਨ੍ਹੇ ਵੀ ਸਖਤ ਤੇ ਕਾਲੇ ਕਾਨੂੰਨ ਬਣਾ ਦੇਵੇ, ਇਹ ਦੋਵੇਂ ਜਮਾਤਾਂ ਮੁਲਕ ਵਿੱਚ ਅਮਨ-ਚੈਨ ਅਤੇ ਜਮਹੂਰੀਅਤ ਨੂੰ ਉਦੋਂ ਤੱਕ ਕਾਇਮ ਨਹੀਂ ਰੱਖ ਸਕਣਗੀਆਂ ਜਦੋਂ ਤੱਕ ਘੱਟ ਗਿਣਤੀ ਕੌਮਾਂ ਦੇ ਵਿਧਾਨਿਕ, ਸਮਾਜਿਕ ਅਤੇ ਮਾਲੀ ਹੱਕ-ਹਕੂਕਾਂ ਨੂੰ ਕੁਚਲਣ ਤੋਂ ਤੋਬਾ ਨਹੀਂ ਕਰ ਲੈਂਦੀਆਂ ਤੇ ਇਹਨਾਂ ਕੌਮਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਨਹੀਂ ਕਰ ਦਿੰਦੀਆਂ। ਉਹਨਾਂ ਕਿਹਾ ਕਿ ਕਿਸੇ ਮੁਲਕ, ਸੂਬੇ, ਪਿੰਡ ਜਾਂ ਸ਼ਹਿਰ ਵਿੱਚ ਕਾਲੇ ਕਾਨੂੰਨਾਂ ਦੀ ਆੜ ਨਾਲ ਸ਼ਾਂਤੀ ਸਥਾਪਿਤ ਨਹੀਂ ਕੀਤੀ ਜਾ ਸਕਦੀ। ਉਸਨੂੰ ਕਾਇਮ ਰੱਖਣ ਲਈ ਮਨੁੱਖਤਾ ਪੱਖੀ “ਸਰਬੱਤ ਦੇ ਭਲੇ” ਦੀ ਗੁਰੂ ਸਾਹਿਬਾਨ ਵਾਲੀ ਸੋਚ ਨੂੰ ਅਮਲੀ ਰੂਪ ਦੇ ਕੇ ਹੀ ਕਾਇਮ ਰੱਖਿਆ ਜਾ ਸਕਦਾ ਹੈ। ਉਹਨਾਂ ਮੁਲਕ ਨਿਵਾਸੀਆਂ ਨੂੰ ਜ਼ੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਉਹ ਭਾਜਪਾ ਅਤੇ ਕਾਂਗਰਸ ਜਮਾਤਾਂ ਦੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਵਿਰੁੱਧ ਦ੍ਰਿੜਤਾ ਨਾਲ ਖਲੋ ਜਾਣ ਅਤੇ ਆਪੋ ਆਪਣੇ ਵੋਟ ਹੱਕ ਦੀ ਸਹੀ ਵਰਤੋਂ ਕਰਦੇ ਹੋਏ, ਇੱਥੇ ਇਨਸਾਫ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਵਿੱਚ ਭੂਮਿਕਾ ਨਿਭਾਉਣ।