ਅੰਮ੍ਰਿਤਸਰ – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵਲੋਂ ਪਤਿਤਪੁਣੇ ਅਤੇ ਡੇਰਾਵਾਦ ਨੂੰ ਠੱਲ ਪਾਉਣ ਲਈ 2 ਸਾਲ ਤੋਂ ਮਾਲਵੇ ‘ਚ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਅਤੇ ਧਰਮ ਪ੍ਰਚਾਰ ਦੇ ਮੁੱਖੀ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਧਰਮ ਪ੍ਰਚਾਰ ਲਹਿਰ ਅਤੇ ਸਿੱਖ ਵਿਰਸਾ ਸੰਭਾਲ ਮੁਹਿੰਮ ਤਹਿਤ 28ਵੇਂ ਗੇੜ ਲਈ ਪ੍ਰਚਾਰ ਮੁਹਿੰਮ ਅੱਜ ਭਾਈ ਗੁਰਦਾਸ ਹਾਲ ਤੋਂ ਅਰਦਾਸ ਉਪਰੰਤ ਰਵਾਨਾਂ ਹੋਈ। ਇਸ ਦੌਰਾਨ ਮਾਲਵੇ ਦੇ ਬਠਿੰਡਾ ਹਲਕੇ ਦੇ ਦੱਸਾਂ ਪਿੰਡਾਂ ਵਿਚ ਧਾਰਮਿਕ ਸਮਾਗਮ ਅਤੇ ਅੰਮ੍ਰਿਤ ਸੰਚਾਰ ਸਮਾਗਮ ਕਰਵਾਏ ਜਾਣਗੇ। 28ਵੇਂ ਗੇੜ ਦੀ ਧਰਮ ਪ੍ਰਚਾਰ ਵਹੀਰ ਦਾ ਪਹਿਲਾ ਸਮਾਗਮ 30 ਮਾਰਚ ਨੂੰ ਪਿੰਡ ਬੀਬੀਵਾਲਾ ਵਿਖੇ ਹੋਵੇਗਾ। ਇਸ ਤੋਂ ਅਗਲੇ ਸਮਾਗਮ ਪਿੰਡ ਸੇਮਾਂ, ਪੂਹਲੀ, ਪੂਹਲਾ, ਬਾਠ, ਲਹਿਰਾ ਮੁਹੱਬਤ, ਲਹਿਰਾ ਖਾਨਾ, ਲਹਿਰਾ ਬੇਗਾ, ਭੁੱਚੋ ਖੁਰਦ ਅਤੇ 8 ਅਪ੍ਰੈਲ ਨੂੰ ਮੁੱਖ ਸਮਾਗਮ ਪਿੰਡ ਭੁੱਚੋ ਕਲਾਂ ਵਿਖੇ ਹੋਵੇਗਾ।
ਜਥੇਦਾਰ ਬਲਦੇਵ ਸਿੰਘ ਨੇ ਭਾਈ ਗੁਰਦਾਸ ਹਾਲ ਵਿਖੇ ਵਹੀਰ ਰਵਾਨਾ ਹੋਣ ਤੋਂ ਪਹਿਲਾ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਵਾਨਤ ਸਿੱਖ ਰਹਿਤ ਮਰਯਾਦਾ ‘ਚ ਚਲਾਈ ਜਾ ਰਹੀ ਧਰਮ ਪ੍ਰਚਾਰ ਲਹਿਰ ਨਿਰੋਲ ਧਾਰਮਿਕ ਹੋਵੇਗੀ ਅਤੇ ਸੰਗਤਾਂ ਨੂੰ ਗੁਰੂ ਗ੍ਰੰਥ ਅਤੇ ਪੰਥ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਨੇ ਕੇਸ ਕਤਲ ਕੀਤੇ ਹਨ ਜਾਂ ਨਸ਼ਾ ਕਰਦੇ ਹਨ ਉਹਨਾਂ ਤੱਕ ਨਗਰ ਕੀਰਤਨ ਦੌਰਾਨ ਘਰ-ਘਰ ਦੇ ਅੱਗੋਂ ਲੰਘਦਿਆਂ ਨਿਜੀ ਪਹੁੰਚ ਕੀਤੀ ਜਾਵੇਗੀ ਜਿਹੜੇ ਨੌਜਵਾਨ ਕੇਸ ਰੱਖਣ ਲਈ ਅੱਗੇ ਆਉਣਗੇ ਉਨ੍ਹਾਂ ਦੇ ਸਿਰਾਂ ਤੇ ਹਰਿਮੰਦਰ ਸਾਹਿਬ ਤੋਂ ਲਿਆਂਦੇ ਸਿਰੋਪਾਉ ਬੰਨ੍ਹ ਕੇ ਮੁੜ ਕੇਸ ਕਤੱਲ ਨਾ ਕਰਨ ਦਾ ਪ੍ਰਣ ਕਰਵਾਇਆ ਜਾਵੇਗਾ ਅਤੇ ਜਿਹੜੇ ਨੌਜਵਾਨ ਨਸ਼ਾ ਛੱਡਣ ਤੋਂ ਅਸਮੱਰਥ ਹਨ ਉਨ੍ਹਾਂ ਦਾ ਇਲਾਜ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਧੀਨ ਚੱਲ ਰਹੇ ‘ਨਸ਼ਾ ਛੁਡਾਊ ਕੇਂਦਰ’ ਵਿਚ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਅਗੇ ਕਿਹਾ ਕਿ ਸਿੱਖ ਸੰਗਤਾਂ ਨੂੰ ਸਭਿਆਚਾਰਕ ਅਤੇ ਸਮਾਜਿਕ ਬੁਰਾਈਆ, ਦਹੇਜ ਦੀ ਲਾਹਨਤ, ਬੇਟੀਆਂ ਅਤੇ ਬੇਟਿਆਂ ਦੀਆਂ ਆਨੰਦ ਕਾਰਜ ਰਸਮਾਂ ਗੁਰਮਤਿ ਸਿਧਾਂਤਾਂ ਮੁਤਾਬਿਕ ਸਾਦੇ ਢੰਗ ਨਾਲ ਕਰਾਉਣੀਆਂ, ਲੋੜਵੰਦ ਅਤੇ ਗਰੀਬ ਬੇਟੀਆਂ ਦੇ ਆਨੰਦ ਕਾਰਜ ਸਮੂਹਿਕ ਰੂਪ ‘ਚ ਇਤਿਹਾਸਕ ਗੁਰਦੁਆਰਿਆ ‘ਚ ਸ਼੍ਰੋਮਣੀ ਕਮੇਟੀ ਵਲੋਂ ਕਰਵਾਏ ਜਾਨਗੇ।
ਇਨ੍ਹਾਂ ਸਮਾਗਮਾਂ ਦੌਰਾਨ ਸ਼੍ਰੀ ਗੁਰੂ ਰਾਮਦਾਸ ਮੈਡੀਕਲ ਹਸਪਤਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਇਆ ਜਾਵੇਗਾ ਜਿਸ ਵਿਚ ਮਾਹਿਰ ਡਾਕਟਰਾਂ ਵੱਲੋਂ ਮਰੀਜਾ ਦਾ ਮੁਫ਼ਤ ਚੈਕਅਪ ਕੀਤਾ ਜਾਵੇਗਾ ਅਤੇ ਦਵਾਈਆਂ ਦਿੱਤੀਆਂ ਜਾਣਗੀਆ। ਅੰਮ੍ਰਿਤਪਾਨ ਕਰਨ ਵਾਲੇ ਪ੍ਰਾਣੀਆਂ ਨੂੰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁ: ਪ੍ਰ: ਕਮੇਟੀ) ਵਲੋਂ ਮੁਫ਼ਤ ਕਕਾਰ ਅਤੇ ਧਾਰਮਿਕ ਲਿਟਰੇਚਰ ਦਿੱਤਾ ਜਾਵੇਗਾ। ਇਸ ਮੋਕੇ ਐਡੀਸ਼ਨਲ ਸਕੱਤਰ ਹਰਜੀਤ ਸਿੰਘ, ਜਨਰਲ ਕੌਂਸਲ ਮੈਂਬਰ ਸੁਖਰਾਜ ਸਿੰਘ ਵੇਰਕਾ, ਪ੍ਰੇਸ ਸਕੱਤਰ ਗੁਰਿੰਦਰ ਸਿੰਘ ਰਾਜਾ, ਮਹਾਂਵੀਰ ਸਿੰਘ ਸੁਲਤਾਨਵਿੰਡ ਹਾਜ਼ਰ ਸਨ। ਇਨ੍ਹਾਂ ਸਮਾਗਮਾ ਦੌਰਾਨ ਤਮਿੰਦਰ ਸਿੰਘ ਮੀਡੀਆਂ ਸਹਾਇਕ ਧਰਮ ਪ੍ਰਚਾਰ, ਕਿਰਪਾਲ ਸਿੰਘ ਬਾਦੀਆ, ਸ੍ਰੀ ਹਰਿਮੰਦਰ ਸਾਹਿਬ ਤੋਂ ਪੁਜੇ ਹਜ਼ੂਰੀ ਰਾਗੀ ਜਥੇ, ਸ਼ਿੰਗਾਰਾ ਸਿੰਘ ਸਾਜਣ ਅਤੇ ਬਲਦੇਵ ਸਿੰਘ ਲੋਂਗੋਵਾਲ ਦੇ ਢਾਢੀ ਜਥੇ ,ਪ੍ਰਚਾਰਕ ਸਰਬਜੀਤ ਸਿੰਘ ਸੋਹੀਆ, ਇੰਦਰਜੀਤ ਸਿੰਘ, ਕੁਲਰਾਜ ਸਿੰਘ ਵੱਲਾ, ਮਨਜੀਤ ਸਿੰਘ ਕਾਦੀਆਂ, ਗੁਰਵਿੰਦਰ ਸਿੰਘ, ਤਜਿੰਦਰ ਸਿੰਘ, ਧਰਮੀ ਫੋਜੀ ਮੇਹਰ ਸਿੰਘ, ਮੇਜਰ ਸਿੰਘ ਡੇਮਰੂ, ਕਾਬਲ ਸਿੰਘ, ਕਾਲਾ ਸਿੰਘ ਤੋਂ ਇਲਾਵਾ ਗੰ੍ਰਥੀ ਭਾਈ ਸੁਖਵਿੰਦਰ ਸਿੰਘ, ਮੁਖਤਾਰ ਸਿੰਘ ਸੁਲਤਾਨਵਿੰਡ, ਭਾਈ ਬਲਵੰਤ ਸਿੰਘ ਬੱਚੀਵਿੰਡ ਵੀ ਧਰਮ ਪ੍ਰਚਾਰ ਵਹੀਰ ਦੇ ਨਾਲ ਚੱਲ ਰਹੇ ਹਨ।