ਅੰਮ੍ਰਿਤਸਰ: – ਨਵੰਬਰ 1984 ’ਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਜਾਂਚ ਨੂੰ ਹੁਣ ਤੀਕ ਲਟਕਾਇਆ ਜਾ ਰਿਹਾ ਹੈ। ਇਨ੍ਹਾਂ ਕਤਲਾਂ ਦੇ ਦੋਸ਼ੀਆਂ ਦੀ ਜਾਂਚ ਮੁਕੰਮਲ ਕੀਤੇ ਜਾਣ ਵਿਚ ਦੇਰੀ ਕੀਤੇ ਜਾਣਾ ਇਨਸਾਫ ਨਾ ਦਿਤੇ ਜਾਣ ਦੇ ਤੁਲ ਹੈ ਅਤੇ ਅਜਿਹਾ ਕਰਕੇ ਦੇਸ਼ ਦੀ ਸਰਵ ਉੱਚ ਜਾਂਚ ਏਜੰਸੀ ਸਿੱਖਾਂ ਦੀਆਂ ਆਸਾਂ ’ਤੇ ਪੂਰੀ ਨਹੀਂ ਉਤਰੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਦਿੱਲੀ ’ਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਤੇ ਕਾਂਗਰਸੀ ਉਮੀਦਵਾਰ ਜਗਦੀਸ਼ ਟਾਈਟਲਰ ਨੂੰ ਸੀ.ਬੀ.ਆਈ. ਵਲੋਂ ਕਲੀਨ ਚਿੱਟ ਦਿੱਤੇ ਜਾਣ ਦੇ ਖਦਸ਼ੇ ’ਤੇ ਤਿੱਖਾ ਪ੍ਰੀਤਕਰਮ ਪ੍ਰਗਟ ਕਰਦਿਆਂ ਇਕ ਪ੍ਰੈਸ ਰਲੀਜ਼ ’ਚ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਜਗਦੀਸ਼ ਟਾਈਟਲਰ ਵਰਗੇ ਦੋਸ਼ੀਆਂ ਨੂੰ ਟਿਕਟਾਂ ਦਿੱਤੇ ਜਾਣ ਦੀ ਵੰਡ ਨੂੰ ਜਾਇਜ਼ ਠਹਿਰਾਉਣ ਲਈ ਅਜਿਹੇ ਪ੍ਰਪੰਚ ਰਚਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਵੰਬਰ 1984 ’ਚ ਹੋਏ ਸਿੱਖਾਂ ਦੇ ਕਤਲੇਆਮ ਸਬੰਧੀ ਵੱਖ-ਵੱਖ ਕਮਿਸ਼ਨਾਂ, ਦੇਸ਼ ਦੇ ਨਾਮਵਰ ਕਾਨੂੰਨੀ ਮਾਹਰਾਂ, ਪਬਲਿਕ ਯੂਨੀਅਨ ਫਾਰ ਡੈਮੋਕ੍ਰੇਟਿਕ ਰਾਈਟਸ (ਫੂਧ੍ਰ), ਪਬਲਿਕ ਯੂਨੀਅਨ ਫਾਰ ਸਿਵਲ ਲਿਬਰਟੀਜ਼ (ਫੂਛਲ਼) ਵਰਗੀਆਂ ਗੈਰ ਸਿੱਖ ਸੰਸਥਾਵਾਂ ਵਲੋਂ ਆਪਣੀਆਂ ਜਾਂਚ ਰਿਪੋਰਟਾਂ ’ਚ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਵਰਗਿਆਂ ਨੂੰ ਦੋਸ਼ੀ ਨਾਮਜ਼ਦ ਕਰ ਚੁੱਕੀਆਂ ਹਨ ਪਰ ਦੇਸ਼ ਦੀ ਸਰਵਉੱਚ ਜਾਂਚ ਏਜੰਸੀ 24 ਸਾਲ ਦਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਬਚਾਉਣ ਦੀ ਨੀਯਤ ਨਾਲ ਹੋਰ ਦੇਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰਿਆਂ ’ਤੇ ਚੱਲਣ ਵਾਲੀ ਇਸ ਜਾਂਚ ਏਜੰਸੀ ਤੋਂ ਸਿੱਖਾਂ ਨੂੰ ਕਿਸੇ ਇਨਸਾਫ ਦੀ ਆਸ ਨਹੀਂ ਰੱਖਣੀ ਚਾਹੀਦੀ।
ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਸਿੱਖਾਂ ਦੇ ਕਤਲਾਂ ਦੇ ਦੋਸ਼ੀਆਂ ਨੂੰ ਲੋਕ ਸਭਾ ਦੀਆਂ ਟਿਕਟਾਂ ਦੇ ਕੇ ਸਿੱਖਾਂ ਦੇ ਜਖਮਾਂ ਨੂੰ ਉਚੇੜਿਆ ਤੇ ਲੂਣ ਛਿੜਕਿਆ ਜਾ ਰਿਹਾ ਹੈ ਅਤੇ ਇਨ੍ਹਾਂ ਟਿਕਟਾਂ ਨੂੰ ਜਾਇਜ ਠਹਿਰਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ ਅਤੇ ਸਿੱਖਾਂ ਦੀ ਦੁਸ਼ਮਣ ਕਾਂਗਰਸ ਦੀ ਇਸ ਕਾਰਵਾਈ ਨਾਲ ਸਿੱਖ ਭਾਈਚਾਰੇ ’ਚ ਭਾਰੀ ਰੋਸ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ’ਚ ਕਈ ਸਿੱਖ ਲੀਡਰਾਂ ਨੇ ਵੀ ਅਜਿਹੇ ਦੋਸ਼ੀਆਂ ਨੂੰ ਸਜਾਵਾਂ ਦਿੱਤੇ ਜਾਣ ਦੀ ਬਜਾਏ ਲੋਕ ਸਭਾ ਦੀਆਂ ਟਿਕਟਾਂ ਦਿੱਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਗੌਰਵਮਈ ਵਿਰਸੇ ਤੇ ਸ਼ਾਨਾਮੱਤੇ ਇਤਿਹਾਸ ਵਾਲੇ ਸਿੱਖ ਭਾਈਚਾਰੇ ਦਾ ਜਨਮ ਹੀ ਮਨੁੱਖੀ ਅਧਿਕਾਰਾਂ ਤੇ ਸਮਾਜਿਕ ਕਦਰਾਂ ਦੀ ਰਾਖੀ ਲਈ ਹੋਇਆ ਹੈ ਅਤੇ ਦੇਸ਼ ਦੀ ਅਜ਼ਾਦੀ ਤੇ ਤਰੱਕੀ ਲਈ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ ਹੈ। ਪਰ ਕਾਂਗਰਸ ਨੇ ਸਿੱਖਾਂ ਦੇ ਕਾਤਲਾਂ ਨੂੰ ਟਿਕਟਾਂ ਦੇ ਕੇ ਦੇਸ਼ ਦੇ ਇਤਿਹਾਸ ਵਿਚ ਇਕ ਕਾਲਾ ਅਧਿਆਏ ਜੋੜ ਦਿੱਤਾ ਹੈ ਜਿਸ ਨੂੰ ਸਿੱਖ ਕਦੇ ਮੁਆਫ ਨਹੀਂ ਕਰਨਗੇ।