ਫਤਿਹਗੜ੍ਹ ਸਾਹਿਬ :- ਕੈਪਟਨ ਕੰਵਲਜੀਤ ਸਿੰਘ ਸਹਿਕਾਰਤਾ ਵਜ਼ੀਰ ਪੰਜਾਬ ਦੇ ਅਕਾਲ ਚਲਾਣੇ ‘ਤੇ ਗਹਿਰਾ ਦੁੱਖ ਪ੍ਰਗਟਾਉਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਂਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕਿਹਾ ਹੈ ਕਿ ਉਹ ਇੱਕੋ ਇੱਕ ਅਜਿਹੇ ਇਨਸਾਨ ਸਨ ਜੋ ਬਾਦਲ ਦਲ ਵਿੱਚ ਵਿਚਰਦੇ ਹੋਏ ਵੀ ਆਪਣੀ ਜ਼ਮੀਰ ਨੂੰ ਮਰਨ ਨਹੀਂ ਸਨ ਦਿੰਦੇ ਭਾਵੇਂ ਕਿ ਬਾਦਲ ਦਲ ਵਿੱਚ ਅਣਖ, ਗੈਰਤ ਵਾਲੇ ਨੂੰ ਅੱਛਾ ਨਹੀਂ ਸਮਝਿਆ ਜਾਂਦਾ। ਕੈਪਟਨ ਸਾਹਿਬ ਵੱਲੋਂ ਆਮ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸਰੀਕ ਹੋਣ ਦੇ ਸਭਾਅ ਅਤੇ ਹਰ ਵਰਗ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਦੀ ਵੱਡਮੁੱਲੀ ਸੋਚ ਦੀ ਬਦੌਲਤ, ਉਹਨਾਂ ਦਾ ਸਤਿਕਾਰ ਹਰ ਆਤਮਾ ਕਰਦੀ ਸੀ। ਇਸ ਲਈ ਹੀ ਅੱਜ ਹਰ ਆਤਮਾ ਗਮਗੀਨ ਹੈ, ਅਸੀਂ ਉਹਨਾਂ ਦੀ ਆਤਮਾ ਦੀ ਸ਼ਾਤੀ ਲਈ ਅਰਦਾਸ ਕਰਦੇ ਹਾਂ।
ਸ: ਮਾਨ ਨੇ ਕੈਪਟਨ ਕੰਵਲਜੀਤ ਸਿੰਘ ਦੇ ਹੋਏ ਐਕਸੀਡੈਟ ਨੂੰ ਇੱਕ ਅਚਾਨਕ ਵਾਪਰਿਆ ਹਾਦਸਾ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਾਡੀ ਨਜ਼ਰ ਵਿੱਚ ਇਹ ਇੱਕ ਸਿਆਸੀ ਡੂੰਘੀ ਸ਼ਾਜਿਸ ਦੀ ਭੇਟ ਚੜੇ ਹਨ ਜਿਸ ਪਿੱਛੇ ਸਿਆਸੀ ਦਿਮਾਗ ਕੰਮ ਕਰਦੇ ਹੋਣਗੇ ਕਿਉਂਕਿ ਇਸ ਹੋਏ ਐਕਸੀਡੈਟ ਦੀਆਂ ਪ੍ਰਤੱਖ ਚੋਰ ਮੋਰੀਆਂ, ਇਸ ਸ਼ਾਜਿਸ ਨੂੰ ਜਾਹਿਰ ਕਰਦੀਆਂ ਹਨ ਕਿ ਜੋ ਦੋ ਟਰੱਕ ਸਾਹਮਣੇ ਆਏ ਹਨ, ਉਹਨਾਂ ਦੋਵਾਂ ਦੀ ਰਜਿਸਟ੍ਰੇਸ਼ਨ ਹਰਿਆਣੇ ਦੀ ਹੈ ਤੇ ਦੋਵੇ ਹੀ ਟਰੱਕਾਂ ਦੇ ਡਰਾਈਵਰ, ਪਾਇਲਟ ਕਾਰ ਤੇ ਗੰਨਮੈਨ ਨਾਲ ਹੋਣ ਦੇ ਬਾਵਜੂਦ ਵੀ ਦੋੜਨ ਵਿੱਚ ਕਿਸ ਤਰ੍ਹਾ ਸਫਲ ਹੋ ਗਏ? ਕੈਪਟਨ ਸਾਹਿਬ ਦੇ ਸਕਿਉਰਟੀ ਗਾਰਡਾਂ ਤੇ ਪਾਇਲਟ ਨੇ ਉਹਨਾਂ ਦਾ ਪਿੱਛਾ ਕਿਉਂ ਨਾ ਕੀਤਾ? ਤੀਸਰਾ ਜੋ ਇਸ ਸ਼ਾਜਿਸ ਨੂੰ ਹੋਰ ਗਹਿਰਾ ਕਰਦਾ ਹੈ ਕਿ ਕੈਪਟਨ ਸਾਹਿਬ ਕਦੀ ਵੀ ਫਰੰਟ ਸੀਟ ਤੇ ਨਹੀਂ ਸਨ ਬੈਠਦੇ। ਇਹ ਪਹਿਲੀ ਵਾਰ ਫਰੰਟ ਸੀਟ ਤੇ ਬੈਠੇ ਸਨ। ਜਿਸਦੀ ਗੁਪਤ ਸੂਚਨਾ ਕਿਸੇ ਨੇ ਸ਼ਾਜਿਸਕਾਰੀਆਂ ਨੂੰ ਜ਼ਰੂਰ ਦਿੱਤੀ ਹੋਵੇਗੀ। ਫਿਰ ਬਾਦਲ ਦਲ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋਈ ਉਥਲ ਪੁੱਥਲ ਤੇ ਰੋਜ਼ਾਨਾ ਹੀ ਬਾਦਲ ਦਲੀਆਂ ਵੱਲੋਂ ਪਾਰਟੀ ਨੂੰ ਅਲਵਿਦਾ ਕਹਿਣ ਦੀ ਹੋ ਰਹੀਆਂ ਕਾਰਵਾਈਆਂ ਅਜਿਹੀ ਕਿਸੇ ਵੀ ਸ਼ਾਜਿਸ ਨੂੰ ਜਨਮ ਦੇਣ ਤੋਂ ਇਨਕਾਰ ਨਹੀ ਕੀਤਾ ਸਕਦਾ।
ਇਸ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਮੰਗ ਕਰਦਾ ਹੈ ਕਿ ਕੈਪਟਨ ਸਾਹਿਬ ਦੇ ਹੋਏ ਦੇਹਾਂਤ ਦੀ ਘਟਨਾ ਦੀ ਜਾਂਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਕਿਸੇ ਨਿਰਪੱਖ ਤੇ ਇਮਾਨਦਾਰ ਸੀਟਿੰਗ ਜੱਜ ਤੋਂ ਕਰਵਾਈ ਜਾਵੇ ਤੇ ਸੱਚਾਈ ਤੋਂ ਪੰਜਾਬ ਨਿਵਾਸੀਆਂ ਨੂੰ ਤੇ ਉਹਨਾਂ ਦੇ ਚਾਹੁਣ ਵਾਲਿਆ ਨੂੰ ਜਾਣੂ ਕਰਵਾਇਆ ਜਾਵੇ।