ਵਿਚ ਪ੍ਰਦੇਸਾਂ ਦੇ,
ਮੈਂਨੂੰ ਨਾ ਵਿਆਹੀਂ ਬਾਬਲਾ।
ਨਾ ਕਰੋ ਮੈਂਨੂੰ ਮਜਬੂਰ,
ਨਾ ਕਰੋ ਅੰਮੜੀ ਤੋਂ ਦੂਰ,
ਮੇਰੇ ਤੇ ਇਹ ਜੁਲਮ ਨਾ ਕਮਾਈਂ ਮੇਰੇ ਬਾਬਲਾ,
ਵਿਚ ਪ੍ਰਦੇਸਾਂ ਦੇ,
ਮੈਂਨੂੰ ਨਾ ਵਿਆਹੀਂ ਬਾਬਲਾ।
ਛੋਟੇ ਭੈਣਾਂ ਤੇ ਭਰਾਵਾਂ ਮੈਂਨੂੰ ਯਾਦ ਬੜਾ ਆਉਂਣਾ,
ਦੁੱਖ ਆਪਣਾ ਮੈਂ ਉੱਥੇ ਦੱਸੋ ਕਿਸ ਨੂੰ ਸੁਣਾਉਂਣਾ,
ਆਪਣਿਆਂ ਤੋਂ ਦੂਰ ਨਾ ਕਰਾਈਂ ਮੇਰੇ ਬਾਬਲਾ,
ਵਿਚ ਪ੍ਰਦੇਸਾਂ ਦੇ,
ਮੈਂਨੂੰ ਨਾ ਵਿਆਹੀਂ ਮੇਰੇ ਬਾਬਲਾ।
ਕੱਲੀ ਉੱਥੇ ਜਾਣਾ ਏ ਸਮੁੰਦਰਾਂ ਤੋਂ ਪਾਰ ਮੈਂ,
ਛੱਡ ਜਾਣਾ ਏਥੇ ਮੇਰਾ ਸਾਰਾ ਪ੍ਰਵਾਰ ਮੈਂ,
ਜਿੰਦੜੀ ਨੂੰ ਦੁੱਖੜਾ ਨਾ ਲਾਈਂ ਮੇਰੇ ਬਾਬਲਾ,
ਵਿਚ ਪ੍ਰਦੇਸਾਂ ਦੇ,
ਮੈਂਨੂੰ ਨਾ ਵਿਆਹੀਂ ਮੇਰੇ ਬਾਬਲਾ।
ਇੰਡੀਆ ‘ਚ ਜੰਮੀ ਅਤੇ ਇਥੇ ਵੱਡੀ ਹੋਈ,
ਪ੍ਰਦੇਸ ਬਾਰੇ ਮੈਨੂੰ ਜਾਣਕਾਰੀ ਵੀ ਨਹੀਂ ਕੋਈ,
ਇਹੋ-ਜਿਹੇ ਸੰਯੋਗ ਨਾ ਮਿਲਾਈਂ ਮੇਰੇ ਬਾਬਲਾ,
ਵਿਚ ਪ੍ਰਦੇਸਾਂ ਦੇ,
ਮੈਂਨੂੰ ਨਾ ਵਿਆਹੀਂ ਮੇਰੇ ਬਾਬਲਾ।
ਆਪਸ ‘ਚ ਨਹੀਂ ਮਿਲਣੇ ਵਿਚਾਰ ਸਾਡੇ ਬਾਬਲਾ,
ਉਨ੍ਹਾਂ ਦਾ ਏ ਵੱਖ ਸਭਿਆਚਾਰ ਮੇਰੇ ਬਾਬਲਾ,
ਮੇਰੇ ਕੋਲੋਂ ਜਾਣੀ ਨਹੀਂ ਨਿਭਾਈ ਮੇਰੇ ਬਾਬਲਾ,
ਵਿਚ ਪ੍ਰਦੇਸਾਂ ਦੇ,
ਮੈਂਨੂੰ ਨਾ ਵਿਆਹੀਂ ਮੇਰੇ ਬਾਬਲਾ।