ਲੁਧਿਆਣਾ – ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਪੰਜਾਬ ਸਰਕਾਰ ਦੇ ਸਹਿਕਾਰਤਾ, ਰੱਖਿਆ ਸੇਵਾਵਾਂ ਦੀ ਭਲਾਈ, ਸ਼ਿਕਾਇਤ ਨਿਵਾਰਣ, ਪੈਨਸ਼ਨ ਅਤੇ ਪੈਨਸ਼ਨਰਾਂ ਦੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਕੈਪਟਨ ਕੰਵਲਜੀਤ ਸਿੰਘ ਦੀ ਮੌਤ ਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਕੈਪਟਨ ਸਾਹਿਬ ਅਚਾਨਕ ਕਾਰ ਹਾਦਸੇ ਦਾ ਨਹੀਂ ਬਲਕਿ ਇਕ ਡੂੰਘੀ ਤੇ ਘਟੀਆ ਰਾਜਨੀਤਕ ਸਾਜਿਸ਼ ਦਾ ਸ਼ਿਕਾਰ ਹੋਏ ਹਨ। ਗਰੇਵਾਲ ਨੇ ਕਿਹਾ ਕਿ ਉਨ੍ਹਾ ਦੀ ਜਾਨ ਨੂੰ ਵੀ ਖਤਰਾ ਹੈ, ਰਾਜ ਭਾਗ ਤੇ ਕਾਬਜ਼ ਮਾਫੀਆ, ਗੱਦੀ ਤੇ ਕਾਬਜ਼ ਰਹਿਣ ਲਈ ਕਿਸ ਹੱਦ ਤੱਕ ਜਾ ਸਕਦਾ ਹੈ ਇਸ ਸਬੰਧੀ ਕਦੇ ਕਿਸੇ ਪੰਜਾਬ ਵਾਸੀ ਨੇ ਕਦੇ ਵੀ ਸੋਚਿਆ ਵੀ ਨਹੀਂ ਹੋਣਾ। ਗਰੇਵਾਲ ਨੇ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦਾ ਉਨ੍ਹਾ ਨਾਲ ਦਿਲੀ ਪਿਆਰ ਸੀ ਅਕਸਰ ਕੈਪਟਨ ਸਾਹਿਬ ਉਨ੍ਹਾ ਨਾਲ ਆਪਣੇ ਮਨ ਦੀ ਗੱਲ ਕਰ ਲਿਆ ਕਰਦੇ ਸਨ। ਗਰੇਵਾਲ ਨੇ ਕਿਹਾ ਕਿ ਆਖਰ ਉਹੀ ਕੁਝ ਵਾਪਰ ਜਿਸਦਾ ਖਦਸ਼ਾ ਕੈਪਟਨ ਕੰਵਲਜੀਤ ਸਿੰਘ ਨੇ ਕੁਝ ਦਿਨ ਪਹਿਲਾਂ ਉਨ੍ਹਾ ਨਾਲ ਸਾਂਝਾ ਕੀਤਾ ਸੀ ਅਤੇ ਮੈਨੂੰ ਵੀ ਧਿਆਨ ਨਾਲ ਰਹਿਣ ਲਈ ਕਿਹਾ ਸੀ। ਉਨ੍ਹਾ ਕਿਹਾ ਕਿ ਇਸ ਮਾਮਲੇ ਦੀ ਜਾਂਚ ਪ੍ਰਦੇਸ਼ ਦੀ ਬਜਾਏ ਸੀ.ਬੀ.ਆਈ. ਜਾਂ ਕਿਸੇ ਹੋਰ ਕੇਂਦਰੀ ਖੁਫੀਆ ਏਜੰਸੀ ਤੋਂ ਕਰਵਾਈ ਜਾਵੇ। ਗਰੇਵਾਲ ਨੇ ਕਿਹਾ ਕਿ ਅਚਾਨਕ ਵੱਡੇ ਹਾਦਸੇ ਕਾਰਨ ਕੈਪਟਨ ਸਾਹਿਬ ਦਾ ਪਰਿਵਾਰ ਭਾਰੀ ਸਦਮੇਂ ਵਿਚ ਹੈ। ਕੈਪਟਨ ਕੰਵਲਜੀਤ ਸਿੰਘ ਦੇ ਪਰਵਾਰ ਸਦਮੇਂ ਵਿਚ ਹੋਣ ਕਾਰਣ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕਰਨੀਂ ਪਰਿਵਾਰ ਦਾ ਨਹੀਂ ਬਲਕਿ ਦੋਸਤਾਂ, ਮਿੱਤਰਾਂ ਅਤੇ ਵਰਕਰਾਂ ਦਾ ਫਰਜ਼ ਬਣਦਾ ਹੈ। ਉਨ੍ਹਾ ਕਿਹਾ ਕਿ ਜਦੋਂ ਜਰੂਰਤ ਪਈ ਉਹ ਇਸਦਾ ਖੁਲਾਸਾ ਕੇਂਦਰੀ ਜਾਂਚ ਏਜੰਸੀ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਪਾਸ ਖੁਲਕੇ ਅਤੇ ਬਿਨਾਂ ਕਿਸੇ ਡਰ ਭੈ ਦੇ ਕਰਨਗੇ ਅਤੇ ਗਵਾਹੀ ਵੀ ਦੇਣਗੇ ਤਾਂ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਚਿੱਕੜ ਤੋਂ ਬਚੇ ਹੋਏ, ਬੇਦਾਗ, ਸਾਫ ਸੁਥਰੇ, ਸੱਚੇ ਸੁੱਚੇ, ਦਰਵੇਸ਼ ਸਿਆਸਤਦਾਨਾਂ ਦੇ ਸਿਅਸੀ ਕਤਲਾਂ ਤੇ ਰੋਕ ਲਗ ਸਕੇ।
ਕੈਪਟਨ ਕੰਵਲਜੀਤ ਸਿੰਘ ਡੂੰਘੀ ਤੇ ਘਟੀਆ ਰਾਜਨੀਤਕ ਸਾਜਿਸ਼ ਦਾ ਸ਼ਿਕਾਰ ਹੋਏ – ਗਰੇਵਾਲ
This entry was posted in ਪੰਜਾਬ.
BJYM President Sukhminderpal Singh Grewal