ਲਾਹੌਰ-ਪਾਕਿਸਤਾਨੀ ਫੌਜਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਲਾਹੌਰ ਵਿਚ ਪੁਲਿਸ ਸਿਖਲਾਈ ਕੇਂਦਰ ‘ਤੇ ਦੁਬਾਰਾ ਕਬਜ਼ਾ ਕਰ ਲਿਆ ਹੈ। ਦਹਿਸ਼ਤਗਰਦਾਂ ਨੇ ਕੇਂਦਰ ‘ਤੇ ਸੋਮਵਾਰ ਨੂੰ ਹਮਲਾ ਕਰ ਦਿੱਤਾ ਸੀ।
ਅੰਦਰੂਨੀ ਸੁਰੱਖਿਆ ਮਾਮਲਿਆਂ ਦੇ ਇਕ ਅਧਿਕਾਰੀ ਨੇ ਦਸਿਆ ਕਿ ਚਾਰ ਦਹਿਸ਼ਤਗਰਦ ਮਾਰੇ ਗਏ ਹਨ ਅਤੇ ਤਿੰਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁਲ ਮਿਲਾਕੇ ਕਿੰਨੇ ਲੋਕ ਮਾਰੇ ਗਏ ਹਨ ਇਸਦੀ ਪੁਸ਼ਟੀ ਕੀਤੀ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਅੰਦਾਜ਼ਨ 40 ਲੋਕਾਂ ਦੀ ਮੌਤ ਹੋਈ ਹੈ। ਕੁਝ ਬੰਦੂਕਧਾਰੀਆਂ ਨੇ ਸੋਮਵਾਰ ਨੂੰ ਪੁਲਿਸ ਸਿਖਲਾਈ ਕੇਂਦਰ ‘ਤੇ ਹਮਲਾ ਕਰ ਦਿੱਤਾ ਸੀ। ਬੰਦੂਕਧਾਰੀਆਂ ਦਾ ਨਿਸ਼ਾਨਾ ਬਣੇ ਪੁਲਿਸ ਸਿਖਲਾਈ ਕੇਂਦਰ ਤੋਂ ਕੁਝ ਪੁਲਿਸ ਮੁਲਾਜ਼ਮ ਪਹਿਲਾਂ ਹੀ ਬਾਹਰ ਆ ਗਏ ਸਨ ਅਤੇ ਉਹ ਸੁਰਖਿਅਤ ਸਨ।
ਕੇਂਦਰ ਦੀ ਘੇਰਾਬੰਦੀ ਅੰਦਾਜ਼ਨ ਅੱਠ ਘੰਟਿਆਂ ਤੱਕ ਚਲੀ। ਅੰਦਾਜ਼ਨ 10-15 ਮਿੰਟਾਂ ਦੀ ਗੋਲੀਬਾਰੀ ਤੋਂ ਬਾਅਦ ਅਧਿਕਾਰੀਆਂ ਨੇ ਐਲਾਨ ਕੀਤਾ ਕਿ ਨਾਕੇਬੰਦੀ ਖ਼ਤਮ ਹੋ ਗਈ ਹੈ। ਇਹ ਪੁਲਿਸ ਕੇਂਦਰ ਵਾਘਾ ਸਰਹੱਦ ਦੇ ਨਜ਼ਦੀਕ ਹੈ। ਕੇਂਦਰ ‘ਤੇ ਕੰਟਰੋਲ ਕਰਨ ਦੀ ਕੀਤੀ ਗਈ ਕੋਸਿ਼ਸ਼ ਦੌਰਾਨ ਜਦ ਫੌਜਾਂ ਨੇ ਕੰਪਲੈਕਸ ਵਿਚ ਦਾਖਲ ਹੋਣ ਦੀ ਕੋਸਿ਼ਸ਼ ਕੀਤੀ ਸੀ ਤਾਂ ਬੰਦੂਕਧਾਰੀਆਂ ਨੇ ਗਰਨੇਡਾਂ ਨਾਲ ਹਮਲਾ ਕੀਤਾ।
ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਮੰਤਰੀ ਰਹਿਮਾਨ ਮਲਿਕ ਨੇ ਕਿਹਾ ਹੈ ਕਿ ਇਹ ਯੋਜਨਾਬੱਧ, ਸੰਗਠਤ ਅਤੇ ਅਤਿਵਾਦੀ ਹਮਲਾ ਸੀ। ਇਹ ਦਿਸਦਾ ਹੈ ਕਿ ਸਾਡੇ ਦੇਸ਼ ਦੇ ਦੁਸ਼ਮਣ ਕਿਸ ਹੱਦ ਤੱਕ ਜਾ ਸਕਦੇ ਹਨ। ਪਰ ਇਹ ਕਹਿਣ ਗਲਤ ਹੈ ਕਿ ਪਾਕਿਸਤਾਨ ਵਿਚ ਕਾਨੂੰਨ ਪ੍ਰਬੰਧ ਖ਼ਤਮ ਹੋ ਗਿਆ ਹੈ। ਰਹਿਮਾਨ ਮਲਿਕ ਨੇ ਕਿਹਾ, ਕਿ ਇਹ ਹਮਲੇ ਮੁੰਬਈ ਜਿਹੇ ਹਨ। ਜਦ ਤੱਕ ਹਮਲੇ ਦੇ ਜਿ਼ੰਮੇਵਾਰ ਲੋਕਾਂ ਨੂੰ ਫੜ ਨਹੀਂ ਲੈਂਦੇ ਅਤੇ ਅੱਗੇ ਜਾਂਚ ਨਹੀਂ ਕਰਦੇ, ਅਸੀਂ ਨਹੀਂ ਕਹਿ ਸਕਦੇ ਕਿ ਇਸ ਹਮਲੇ ਦੇ ਪਿੱਛੇ ਕੌਣ ਹੈ।” ਉਨ੍ਹਾਂ ਨੇ ਕਿਹਾ, “ਇਸ ਗੱਲ ਦੀ ਜਾਂਚ ਕੀਤੀ ਜਾਵੇਗੀ ਕਿ ਹਮਲਾਵਰਾਂ ਨੂੰ ਹਥਿਆਰ ਅਤੇ ਪੈਸਾ ਕਿਥੋਂ ਮਿਲ ਰਿਹਾ ਹੈ। ਅਜਿਹੀਆਂ ਬੰਦੂਕਾਂ ਕਿਥੋਂ ਮਿਲ ਰਹੀਆਂ ਹਨ, ਗਰਨੇਡ ਕਿਥੋਂ ਹਾਸਲ ਹੋ ਰਹੇ ਹਨ। ਅਧਿਕਾਰੀਆਂ ਮੁਤਾਬਕ ਹਮਲਾਵਰ ਪੁਲਿਸ ਦੀ ਵਰਦੀ ਪਾਕੇ ਅਕਾਦਮੀ ਵਿਚ ਦਾਖ਼ਲ ਹੋਏ।
ਇਕ ਨਿਊਜ਼ ਏਜੰਸੀ ਅਨੁਸਾਰ ਇਕ ਪੁਲਿਸ ਅਧਿਕਾਰੀ ਮੁਹੰਮਦ ਅਫ਼ਜ਼ਲ ਨੇ ਦਸਿਆ ਕਿ ਸੋਮਵਾਰ ਨੂੰ ਸਵੇਰੇ ਜਿਸ ਵੇਲੇ ਪੁਲਿਸ ਅਧਿਕਾਰੀ ਪਰੇਡ ਕਰ ਰਹੇ ਸਨ, ਉਸ ਵੇਲੇ ਬੰਦੂਕਧਾਰੀਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੇ ਗੋਲੀਬਾਰੀ ਤੋਂ ਇਲਾਵਾ ਗਰਨੇਡਾਂ ਦੀ ਵਰਤੋਂ ਵੀ ਕੀਤੀ। ਇਸ ਜਗ੍ਹਾ ਦੀ ਘੇਰਾਬੰਦੀ ਕਰ ਦਿੱਤੀ ਗਈ ਸੀ ਅਤੇ ਕਮਾਂਡੋ ਦਸਤੇ, ਪਾਕਿਸਤਾਨ ਰੇਂਜਰਜ਼ ਨੂੰ ਤੈਨਾਤ ਕੀਤਾ ਗਿਆ ਸੀ। ਅੰਦਾਜ਼ਨ ਇਕ ਮਹੀਨਾ ਪਹਿਲਾਂ ਬੰਦੂਕਧਾਰੀਆਂ ਨੇ ਲਾਹੌਰ ਵਿਚ ਸ੍ਰੀਲੰਕਾਈ ਟੀਮ ‘ਤੇ ਹਮਲਾ ਕੀਤਾ ਸੀ। ਉਸ ਹਮਲੇ ਦੌਰਾਨ ਛੇ ਪੁਲਿਸ ਵਾਲੇ ਮਾਰੇ ਗਏ ਸਨ ਅਤੇ ਸ੍ਰੀਲੰਕਾਈ ਟੀਮ ਦੇ ਖਿਡਾਰੀ ਵੀ ਜ਼ਖ਼ਮੀ ਹੋ ਗਏ ਸਨ।