ਲੰਦਨ-ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੁਨੀਆਂ ਵਿਚ ਅਤਿਵਾਦ ਦਾ ਧੁਰਾ ਹੈ। ਬ੍ਰਿਟੇਨ ਦੇ ਅਖ਼ਬਾਰ ਫਾਈਨੈਂਸ਼ੀਅਲ ਟਾਈਮਜ਼ ਨੂੰ ਦਿੱਤੇ ਇੰਟਰਵਿਊ ਵਿਚ ਮਨਮੋਹਨ ਸਿੰਘ ਨੇ ਕਿਹਾ ਕਿ ਪਾਕਿਸਤਾਨ ਦਹਿਸ਼ਤਗਰਦਾਂ ਦੇ ਖਿਲਾਫ਼ ਲੋੜੀਂਦੇ ਕਦਮ ਚੁੱਕਣ ਵਿਚ ਨਾਕਾਮ ਰਿਹਾ ਹੈ।
ਉਨ੍ਹਾਂ ਨੇ ਕਿਹਾ, “ਪਾਕਿਸਤਾਨ ਜਾਂ ਤਾਂ ਦਹਿਸ਼ਤਗਰਦ ਜਥੇਬੰਦੀ ਲਸ਼ਕਰੇ ਤਾੲਬਿਾ ਨਾਲ ਨਜਿੱਠਣਾ ਨਹੀਂ ਚਾਹੁੰਦਾ ਜਾਂ ਨਜਿੱਠਣ ਦੇ ਸਮਰਥ ਨਹੀਂ ਹੈ।” ਭਾਰਤ ਦਾ ਇਲਜ਼ਾਮ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਹੋਏ ਮੁੰਬਈ ਹਮਲਿਆਂ ਦੇ ਪਿੱਛੇ ਲਸ਼ਕਰੇ ਤਾਇਬਾ ਦਾ ਹੱਥ ਸੀ। ਇਸ ਹਮਲੇ ਦੌਰਾਨ 170 ਤੋਂ ਵਧੇਰੇ ਲੋਕ ਮਾਰੇ ਗਏ ਸਨ। ਮਨਮੋਹਨ ਸਿੰਘ ਨੇ ਕਿਹਾ ਕਿ ਹਮਲਿਆਂ ਦੀ ਯੋਜਨਾ ਪਾਕਿਸਤਾਨੀ ਧਰਤੀ ‘ਤੇ ਬਣਾਈ ਗਈ। ਇਸ ਗੱਲ ਨੂੰ ਵਿਕਸਿਤ ਦੇਸ਼ਾਂ ਦੀਆਂ ਖੁਫ਼ੀਆ ਏਜੰਸੀਆਂ ਸਮੇਤ ਸਾਰੇ ਮੰਨਦੇ ਹਨ। ਇਸਤੋਂ ਸਾਬਤ ਹੁੰਦਾ ਹੈ ਕਿ 2004 ਤੋਂ ਬਾਅਦ ਪਾਕਿਸਤਾਨ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਮੇਰੇ ਨਾਲ ਜਿਹੜੇ ਵਾਅਦੇ ਕੀਤੇ ਸਨ ਕਿ ਉਨ੍ਹਾਂ ਦੀ ਧਰਤੀ ਦੀ ਵਰਤੋਂ ਭਾਰਤ ਦੇ ਖਿਲਾਫ਼ ਅਤਿਵਾਦ ਲਈ ਨਹੀਂ ਕੀਤੀ ਜਾਵੇਗੀ, ਉਹ ਵਾਅਦੇ ਪੂਰੇ ਨਹੀਂ ਕੀਤੇ ਗਏ।”
ਮਨਮੋਹਨ ਸਿੰਘ ਨੇ ਕਿਹਾ ਕਿ ਪਾਕਿਸਤਾਨੀ ਫੌਜਾਂ ਅਤੇ ਆਈਐਸਆਈ ਦੇ ਕੁਝ ਲੋਕ ਅਤਿਵਾਦ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦੇ ਰਹੇ ਹਨ ਜਿਸ ਵਿਚ ਅਫ਼ਗਾਨਿਸਤਾਨ ਵਿਚ ਭਾਰਤੀ ਦੂਤਘਰ ‘ਤੇ ਹਮਲਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਭਰ ਦੇ ਲੀਡਰਾਂ ਦੀ ਇਹ ਜਿ਼ੰਮੇਵਾਰੀ ਬਣਦੀ ਹੈ ਕਿ ਪਾਕਿਸਤਾਨ ਆਪਣੇ ਇਸ ਵਾਅਦੇ ਨੂੰ ਨਿਭਾਵੇ ਕਿ ਉਥੋਂ ਦੀ ਧਰਤੀ ਦੀ ਵਰਤੋਂ ਭਾਰਤ ਵਿਚ ਅਤਿਵਾਦੀ ਸਰਗਰਮੀਆਂ ਦੇ ਲਈ ਨਹੀਂ ਕੀਤੀ ਜਾਵੇਗੀ।
ਡਾਕਟਰ ਮਨਮੋਹਨ ਸਿੰਘ ਜੀ-20 ਸਮਾਗਮ ਵਿਚ ਹਿੱਸਾ ਲੈਣ ਲਈ ਬ੍ਰਿਟੇਨ ਦੀ ਰਾਜਧਾਨੀ ਲੰਦਨ ਪਹੁੰਚੇ ਹੋਏ ਹਨ।