ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨੌਜਵਾਨਾਂ ਵਿਚ ਵਧ ਰਹੇ ਨਸ਼ੇ ਦੇ ਰੁਝਾਨ ਅਤੇ ਪਤਿਤਪੁਣੇ ਨੂੰ ਠੱਲ੍ਹ ਪਾਉਣ ਲਈ ਜਿਥੇ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ ਉਥੇ ਹੋਰ ਉਪਰਾਲਿਆਂ ਰਾਹੀਂ ਵੀ ਨੌਜਵਾਨਾਂ ਨੂੰ ਧਰਮ ਨਾਲ ਜੋੜ ਕੇ ਪਤਿਤਪੁਣੇ ’ਚੋਂ ਬਾਹਰ ਕੱਢਿਆ ਜਾ ਰਿਹਾ ਹੈ ਪਰ ਇਸ ਗੱਲ ਲਈ ਨੌਜਵਾਨਾਂ ਦੇ ਮਾਪਿਆਂ ਦੇ ਸਹਿਯੋਗ ਦੀ ਵੀ ਸਖਤ ਲੋੜ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਨੌਜਵਾਨਾਂ ਨੂੰ ਸਿੱਖੀ ਨਾਲ ਜੁੜਨ, ਨਸ਼ੇ ਛੱਡ ਕੇ ਗੁਰੂਆਂ ਦੇ ਦੱਸੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਉਨ੍ਹਾਂ ਨੂੰ ਘਰੋਂ ਨਹੀਂ ਮਿਲਦੀ। ਉਦੋਂ ਤੱਕ ਨੌਜਵਾਨਾਂ ਨੂੰ ਰਾਹੇ ਪਾਉਣ ਲਈ ਕੀਤੀ ਜਾ ਰਹੀ ਜੀਅ ਤੋੜ ਮਿਹਨਤ ਵੀ ਜਿਆਦਾ ਅਸਰਦਾਰ ਨਹੀਂ ਹੋਵੇਗੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਿਆਂ ਦੇ ਜਾਲ ਵਿਚ ਫਸ ਕੇ ਨੌਜਵਾਨ ਗਲਤ ਰਸਤੇ ਉਪਰ ਪੈ ਜਾਂਦੇ ਹਨ ਜੋ ਉਨ੍ਹਾਂ ਨੂੰ ਕਈ ਵਾਰ ਅਪਰਾਧ ਦੀ ਦੁਨੀਆਂ ਤੱਕ ਲੈ ਜਾਂਦਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇ ਪਹਿਲੇ ਗੁਰੂ ਵਜੋਂ ਉਸਦੇ ਮਾਤਾ ਪਿਤਾ ਹੀ ਵਿਚਰਦੇ ਹਨ ਅਤੇ ਉਨ੍ਹਾਂ ਦੇ ਦਿੱਤੇ ਚੰਗੇ ਸੰਸਕਾਰਾਂ, ਸਿੱਖਿਆ ਅਤੇ ਸਲਾਹਾਂ ਨੂੰ ਅਪਨਾ ਕੇ ਬੱਚਾ ਰਾਜ ਵਿਚ ਤਾਂ ਕਿ ਪੂਰੇ ਦੇਸ਼ ਵਿਚ ਆਪਣੇ ਮਾਤਾ ਪਿਤਾ ਦਾ ਨਾਮ ਚਮਕਾਉਣ ਦੇ ਲਾਇਕ ਬਣ ਜਾਂਦਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਧਰਮ ਤੋਂ ਬੇਮੁਖ ਹੋ ਚੁਕੀ ਅਤੇ ਹੋ ਰਹੀ ਨੌਜਵਾਨ ਪੀੜੀ ਨੂੰ ਸਹੀ ਰਸਤੇ ’ਤੇ ਲਿਆਂਦਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਵਿਚ ਵੱਖ-ਵੱਖ ਜਗ੍ਹਾ ਧਰਮ ਪ੍ਰਚਾਰਕ ਭੇਜਣੇ, ਧਾਰਮਿਕ ਲਿਟਰੇਚਰ ਵੰਡਣਾ, ਸਿੱਖ ਧਰਮ ਉਪਰ ਡਾਕੂਮੈਂਟਰੀ ਫਿਲਮਾਂ ਬਣਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਵਿਸ਼ੇਸ਼ ਹਨ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਕਾਸ ਨੂੰ ਦਰਸਾਉਂਦੀ ਦਸਤਾਵੇਜ਼ੀ ਫਿਲਮ ਵੀ ਤਿਆਰ ਹੋ ਚੁੱਕੀ ਹੈ ਜੋ ਬਹੁਤ ਜਲਦ ਵੱਖ-ਵੱਖ ਟੀ.ਵੀ. ਚੈਨਲਾਂ ਉਪਰ ਸ਼ਰਧਾਲੂਆਂ ਦੇ ਸਨਮੁਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਨਿਰੰਤਰ ਖਾਲਸਈ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ।