ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਬੀ ਬੀ ਸੀ ਦੇ ਸਾਬਕਾ ਸਿਰਜਾਣਤਮਕ ਡਾਇਰੈਕਟਰ ਟਾਮ ਪਾਰਕਰ ਨੇ ਕਿਹਾ ਹੈ ਕਿ ਭਾਰਤ ਨੂੰ ਇਸ ਵੇਲੇ ਨਸ਼ਾਖੋਰੀ, ਭਰੂਣ ਹੱਤਿਆ ਅਤੇ ਵਾਤਾਵਰਨ ਪ੍ਰਦੂਸ਼ਣ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਅਤੇ ਇਨ੍ਹਾਂ ਤਿੰਨਾਂ ਕਾਰਜਾਂ ਵਿੱਚ ਪੰਜਾਬ ਪੂਰੇ ਦੇਸ਼ ਦੀ ਅਗਵਾਈ ਕਰ ਸਕਦਾ ਹੈ। ਨਵੇਂ ਭਾਰਤ ਦੀ ਉਸਾਰੀ ਬਾਰੇ ਇਕ ਵਿਸ਼ਾਲ ਪੁਸਤਕ ਲਿਖਣ ਦਾ ਪ੍ਰਾਜੈਕਟ ਕਰ ਰਹੇ ਸ਼੍ਰੀ ਪਾਰਕਰ ਨੇ ਆਖਿਆ ਕਿ ਪੰਜਾਬ ਵਿੱਚ ਅੱਜ ਸਿਗਰਟਨੋਸ਼ੀ ਪਬਲਿਕ ਤੌਰ ਤੇ ਪੀਣ ਦੀ ਮਨਾਹੀ ਚੰਗਾ ਸ਼ਗਨ ਹੈ ਪਰ ਇਸ ਤੋਂ ਅੱਗੇ ਤੁਰਨ ਦੀ ਲੋੜ ਹੈ। ਵੱਧ ਥਿੰਦਿਆਈ ਵਾਲੇ ਭੋਜਨ ਵੀ ਘਟਾਉਣ ਦੀ ਲੋੜ ਹੈ। ਇਸੇ ਤਰ੍ਹਾਂ ਟ੍ਰੈਫਿਕ ਕੰਟਰੋਲ ਰਾਹੀਂ ਹਵਾ ਵਿੱਚ ਫੈਲ ਰਿਹਾ ਜ਼ਹਿਰੀਲੇ ਪੈਟਰੋਲੀਅਮ ਪਦਾਰਥਾਂ ਦਾ ਪ੍ਰਦੂਸ਼ਣ ਵੀ ਵੱਡੇ ਪੱਧਰ ਤੇ ਘਟਾਇਆ ਜਾਣਾ ਚਾਹੀਦਾ ਹੈ।
ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨਾਲ ਮੁਲਾਕਾਤ ਉਪਰੰਤ ਸ਼੍ਰੀ ਪਾਰਕਰ ਨੇ ਸੰਚਾਰ ਕੇਂਦਰ ਵਿਖੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਇਸ ਕੰਮ ਵਿੱਚ ਸੰਚਾਰ ਮਾਧਿਅਮਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਉਨ੍ਹਾਂ ਆਖਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਹੀ ਨਹੀਂ ਸਗੋਂ ਸਾਰੇ ਪੰਜਾਬੀ ਹੀ ਖੁੱਲੇ ਸੁਭਾਅ ਵਾਲੇ ਹਨ ਅਤੇ ਇਨ੍ਹਾਂ ਕੋਲੋਂ ਸਿੱਖਣ ਲਈ ਬਹੁਤ ਕੁਝ ਹੈ। ਉਨ੍ਹਾਂ ਆਖਿਆ ਕਿ ਨਵੇਂ ਭਾਰਤ ਦੀ ਸਮਰੱਥਾ ਨੂੰ ਸਾਰੇ ਵਿਕਸਤ ਮੁਲਕ ਪਛਾਣਦੇ ਹਨ। ਸ਼੍ਰੀ ਪਾਰਕਰ ਨੇ ਸੰਚਾਰ ਕੇਂਦਰ ਦੇ ਅਧਿਆਪਕ ਡਾ: ਏ ਪੀ ਸਿੰਘ ਵੱਲੋਂ ਡਾ: ਮਹਿੰਦਰ ਸਿੰਘ ਰੰਧਾਵਾ ਆਰਟ ਗੈਲਰੀ ਵਿੱਚ ਲਗਾਈ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ। ਸੰਚਾਰ ਕੇਂਦਰ ਦੇ ਅਪਰ ਨਿਰਦੇਸ਼ਕ ਡਾ: ਜਗਤਾਰ ਸਿੰਘ ਧੀਮਾਨ ਨੇ ਸ਼੍ਰੀ ਪਾਰਕਰ ਨੂੰ ਯੂਨੀਵਰਸਿਟੀ ਪ੍ਰਕਾਸ਼ਨਾਵਾਂ ਦਾ ਸੱੈਟ ਭੈਂਟ ਕੀਤਾ।