ਫਤਿਹਗੜ੍ਹ ਸਾਹਿਬ, :- ਜਦੋਂ ਪੰਜਾਬ ਸੂਬੇ ਨਾਲ ਸੰਬੰਧਿਤ ਸਮੂਹ ਸਮਾਜਿਕ, ਧਾਰਮਿਕ ਅਤੇ ਸਿਆਸੀ ਧਿਰਾਂ ਵੱਲੋਂ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਦੀ ਛਾਣਬੀਣ ਤੇ ਹਾਈਕੋਰਟ ਦੇ ਸੀਟਿੰਗ ਜੱਜ ਤੋਂ ਕਰਵਾਉਣ ਦੀ ਵੱਡੀ ਮੰਗ ਕੀਤੀ ਜਾ ਰਹੀ ਹੈ, ਉਦੋਂ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ “ਨਿਆਇਕ ਛਾਣਬੀਣ” ਕਰਾਉਣ ਤੋਂ ਭੱਜਣ ਦੀ ਕਾਰਵਾਈ ਸਿਆਸੀ ਕਤਲ ਦੇ ਸ਼ੱਕ ਨੂੰ ਹੋਰ ਗਹਿਰਾ ਕਰਦੀ ਹੈ
ਇਹ ਪ੍ਰਤੀਕਰਮ ਸ: ਸਿਮਰਨਜੀਤ ਸਿੰਘ ਮਾਨ ਨੇ ਸ: ਬਾਦਲ ਵੱਲੋਂ ਪੰਜਾਬੀਆਂ ਦੀ ਭਾਵਨਾਵਾਂ ਨੂੰ ਕੁਚਲ ਕੇ ਛਾਣਬੀਣ ਨਾ ਕਰਾਉਣ ਦੀ ਗੱਲ ਦੇ ਜਵਾਬ ਵੱਜੋਂ ਇੱਕ ਪ੍ਰੈਸ ਬਿਆਨ ਵਿੱਚ ਕੀਤਾ। ਉਹਨਾਂ ਕਿਹਾ ਕਿ ਕੈਪਟਨ ਕੰਵਲਜੀਤ ਸਿੰਘ ਦਾ ਪੋਸਟ ਮਾਰਟਮ ਨਾ ਕਰਵਾਉਣਾ, ਮੌਤ ਤੋਂ ਤੁਰੰਤ ਬਾਅਦ ਸ: ਜਸਬੀਰ ਸਿੰਘ ਬੀਰ ਦੀ ਛਾਣਬੀਣ ਕਮੇਟੀ ਐਲਾਨ ਕਰਨਾ, ਫਿਰ ਅੱਜ ਦੇ ਅਜੀਤ ਅਖਬਾਰ ਵਿੱਚ ਕੈਪਟਨ ਸਾਹਿਬ ਦੇ ਡਰਾਈਵਰ ਦੀ ਗਲਤੀ ਨੂੰ ਨਿਸ਼ਾਨਾ ਬਣਾਉਂਦੀ ਹੋਈ ਪ੍ਰਕਾਸਿ਼ਤ ਕਰਵਾਈ ਗਈ ਖਬਰ “ਸੱਪ ਲੰਘ ਜਾਣ ਮਗਰੋਂ ਪਈ ਲੀਹ ਉੱਤੇ ਸੋਟੀਆਂ ਮਾਰਨ” ਦੀ ਬੌਖਲਾਹਟ ਵਾਲੀ ਕਾਰਵਾਈ ਇਸ ਹੋਏ “ਸਿਆਸੀ ਕਤਲ” ਦੀ ਗੱਲ ਨੂੰ ਹੋਰ ਪ੍ਰਪੱਕ ਕਰਦੀ ਹੈ।
ਉਹਨਾਂ ਕਿਹਾ ਕਿ ਜਦੋਂ ਤੱਕ ਉਹ ਸ: ਬਾਦਲ ਅਤੇ ਬਾਦਲ ਪਰਿਵਾਰ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਦੀ “ਨਿਆਇਕ ਜਾਂਚ” ਕਰਵਾਉਣ ਦਾ ਐਲਾਨ ਨਹੀਂ ਕਰਦੇ, ਉਦੋਂ ਤੱਕ ਸ: ਬਾਦਲ ਦੀ ਗਰਦਨ ਨੂੰ ਮਾਰੇ ਗਏ ਜੱਫੇ ਰੂਪੀ ਇਸ ਸਿਆਸੀ ਸੱਪ ਨੇ ਖਹਿੜਾ ਨਹੀਂ ਛੱਡਣਾ ਅਤੇ ਆਖਿਰ ਇਹ ਜਾਂਚ ਕਰਵਾਉਣੀ ਹੀ ਪਵੇਗੀ। ਦੂਸਰਾ ਜਦੋਂ ਬਾਦਲ ਪਰਿਵਾਰ ਇਹ ਸਮਝਦਾ ਹੈ ਕਿ ਕੈਪਟਨ ਕੰਵਲਜੀਤ ਸਿੰਘ ਦੀ ਹੋਈ ਮੌਤ ਵਿੱਚ ਉਹਨਾਂ ਦੀ ਕਿਸੇ ਤਰਾਂ ਦੀ ਕੋਈ ਸਾਜਿਸ ਜਾਂ ਹੱਥ ਨਹੀਂ ਤਾਂ ਉਹ “ਨਿਆਇਕ ਜਾਂਚ” ਕਰਾਉਣ ਤੋਂ ਭੱਜ ਕੇ ਖੁਦ ਹੀ ਇਸ ਸ਼ੱਕ ਨੂੰ ਗਹਿਰਾ ਨਹੀਂ ਕਰ ਰਹੇ?