ਅੰਮ੍ਰਿਤਸਰ: – ਵਾਤਾਵਰਨ ਦੀ ਸ਼ੁਧਤਾ ਵਾਸਤੇ ਅਤੇ ਕੁਦਰਤ ਦਾ ਸਮਤੋਲ ਬਨਾਉਣ ਵਾਸਤੇ ਸਹਾਈ ਹੁੰਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਸ੍ਰੀ ਦਰਬਾਰ ਸਾਹਿਬ ਮੁਕਤਸਰ ਸਾਹਿਬ ਵਿਖੇ ਵੀ ਨੰਨ੍ਹੀ ਛਾਂ ਸਕੀਮ ਅਧੀਨ ਛਾਂ-ਦਾਰ ਅਤੇ ਫੱਲ-ਦਾਰ ਬੂਟੇ ਵੰਡੇ ਜਾ ਰਹੇ ਹਨ। ਨੰਨ੍ਹੀ ਛਾਂ ਮੁਹਿੰਮ ਤਹਿਤ ਛਾਂ-ਦਾਰ ਤੇ ਫੱਲਦਾਰ ਬੂਟੇ ਤਿਆਰ ਕਰਨ ਲਈ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਨਰਸਰੀ ਬਣਾਈ ਜਾ ਰਹੀ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਇਥੇ ਕੀਤਾ।
ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਨਿਵਾਸ, ਸ੍ਰੀ ਅੰਮ੍ਰਿਤਸਰ ਦੀ ਉਸਾਰੀ ਸਾਡੇ ਪੁਰਖਿਆਂ ਨੇ ਸੰਗਤਾਂ ਦੇ ਨਿਵਾਸ ਹਿੱਤ ਕਰਵਾਈ ਸੀ ਪਰ ਸ੍ਰੀ ਦਰਬਾਰ ਸਾਹਿਬ ਦਾ ਅਲੱਗ ਦਫਤਰ ਨਾ ਹੋਣ ਕਾਰਣ ਇਸ ਨਿਵਾਸ ਦੀ ਦੂਸਰੀ ਤੇ ਤੀਸਰੀ ਮੰਜ਼ਲ ਨੂੰ ਸ੍ਰੀ ਦਰਬਾਰ ਸਾਹਿਬ ਦਫਤਰ ਵਜੋਂ ਵਰਤਿਆ ਜਾ ਰਿਹਾ ਹੈ। ਸੰਗਤ ਦੀ ਆਮਦ ਅਤੇ ਸਹੂਲਤ ਲਈ ਨਿਵਾਸ ਦੇ ਕਮਰਿਆਂ ਨੂੰ ਸਰਾਂ ਵਜੋਂ ਵਰਤਣ ਲਈ ਸ੍ਰੀ ਦਰਬਾਰ ਸਾਹਿਬ ਦਾ ਅਲੱਗ ਦਫਤਰ ਬਾਰਾਂਦਰੀ ਵਾਲੀ ਜਗ੍ਹਾ ਤੇ ਪ੍ਰਬੰਧਕੀ ਬਲਾਕ ਦੀ ਇਮਾਰਤ ਮੁਕੰਮਲ ਹੋ ਚੁੱਕੀ ਹੈ। ਸ਼ੀਘਰ ਹੀ ਦਫਤਰ ਸ਼੍ਰੋਮਣੀ ਕਮੇਟੀ ਤੇ ਦਫਤਰ ਸ੍ਰੀ ਦਰਬਾਰ ਸਾਹਿਬ ਇਥੇ ਤਬਦੀਲ ਹੋ ਜਾਣਗੇ।
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਈਆਂ ਸੰਗਤਾਂ ਦੀ ਸਹੂਲਤ ਵਾਸਤੇ ਨਵੀਨਤਮ ਸਰਾਵਾਂ ਦੀ ਉਸਾਰੀ ਲਈ ਅਕਾਲੀ ਮਾਰਕੀਟ ਵਿਖੇ ਸਰਾਂ ਉਸਾਰਣ ਦੀ ਯੋਜਨਾ ਵਿਚਾਰ ਅਧੀਨ ਹੈ। ਰੈਸਟ ਹਾਊਸ ਰਾਮ ਤਲਾਈ ਦੀ ਉਸਾਰੀ ਵੀ ਮੁਕੰਮਲ ਹੋਣ ਵਾਲੀ ਹੈ। ਹਾਥੀਖਾਨਾ ਵਾਲੀ ਜਗ੍ਹਾ ਪੁਰ ਨਵੀਂ ਬਣੀ ਸਰਾਂ ਯਾਤਰੂਆਂ ਦੀ ਰਿਹਾਇਸ਼ ਲਈ ਚਾਲੂ ਹੋ ਚੁੱਕੀ ਹੈ। ਉਸ ਦੇ ਨਾਲ ਹੀ ਸਿਹਤ ਸੇਵਾਵਾਂ-ਡਾਕਟਰੀ ਵਿੱਦਿਆ ਦੇ ਪ੍ਰਸਾਰ ਲਈ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਅਤੇ ਰੀਸਰਚ ਵੱਲਾ ਵਿਖੇ ਦੋ ਹੋਸਟਲ ਅਤੇ ਲੈਕਚਰ ਥੀਏਟਰ ਤਿਆਰ ਕਰਵਾਏ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮਨੁੱਖਤਾ ਦੀ ਭਲਾਈ, ਲੂਲ੍ਹੇ ਲੰਗੜੇ ਅਤੇ ਅਪਾਹਜ ਮਨੁੱਖਾਂ ਦੀ ਸਹਾਇਤਾ ਲਈ ਚੱਲ ਰਹੀ ਸੰਸਥਾ ਪਿੰਗਲਵਾੜਾ ਭਗਤ ਪੂਰਨ ਸਿੰਘ, ਸ੍ਰੀ ਅੰਮ੍ਰਿਤਸਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਦਸ ਲੱਖ ਰੁਪਏ ਸਹਾਇਤਾ ਵਜੋਂ ਦਿੱਤੇ ਜਾਣਗੇ।
ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਵਿਖੇ ਪਵਿੱਤਰ ਵੇਂਈ ਕੰਢੇ ਇਸ਼ਨਾਨ ਘਾਟ ਬਨਾਉਣ, ਗੁਰਦੁਆਰਾ ਹੱਟ ਸਾਹਿਬ ਦੇ ਰਿਹਾਇਸ਼ੀ ਕੁਆਰਟਰਜ਼, ਗੁਰਦੁਆਰਾ ਸਾਹਿਬ ਦੇ ਚਾਰ ਸਟੋਰ ਅਤੇ ਚੋਵੀਂ ਕਮਰੇ ਕਾਰਸੇਵਾ ਰਾਹੀਂ ਤਿਆਰ ਕਰਵਾਏ ਜਾ ਰਹੇ ਹਨ। ਸੰਗਤਾਂ ਦੀ ਸਹੂਲਤ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਗੁਰਦੁਆਰਾ ਬਾਬਾ ਗੁਰਦਿੱਤਾ ਜੀ ਅਤੇ ਗੁਰਦੁਆਰਾ ਪਤਾਲ ਪੁਰੀ ਸਾਹਿਬ ਵਿਖੇ ਕੜਾਹਿ ਪ੍ਰਸ਼ਾਦਿ ਦੇ ਕਾਊਂਟਰਾ ਦਾ ਕੰਪਿਊਟਰੀ-ਕਰਨ ਕੀਤਾ ਜਾ ਰਿਹਾ ਹੈ।