“ਹੈਲੋ”
“ਹਾਇ” ਚਾਰ-ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨੇ ਭੋਲੀ ਮੁਸਕਾਨ ਨਾਲ਼ ਜੁਆਬ ਦਿੱਤਾ ।
“ਹਾਓ ਆਰ ਯੂ?”
“ਫਾਈਨ”
“ਯੂਅਰ ਨੇਮ?”
“ਰਿਬੇਕਾ”
ਉਸਦੀ ਮੁਸਕਾਨ ਦਿਲ ‘ਚ ਉਤਰ ਜਾਣ ਵਾਲੀ ਸੀ । ਮੈਂ ਹੱਥ ‘ਚ ਫੜੀ ਪੀਅਰ ਆਪਣੇ ਮੈਲੇ ਪਜਾਮੇ ਦੀ ਜੇਬ ‘ਚ ਪਾ ਲਈ, ਜਿਸਨੂੰ ਰੋਟੀ ਖਾਣ ਤੋਂ ਬਾਅਦ ਅੱਧੋਂ ਵੱਧ ਕੁਤਰ ਚੁੱਕਾ ਸੀ । ਜਿੰਦਗੀ ‘ਚ ਬਥੇਰੇ ਉਤਾਰ ਚੜਾਅ ਦੇਖੇ ਹਨ, ਪਰ ਮੈਲੇ ਕੱਪੜੇ ਕਦੀ ਪਾਏ ਹੋਣ, ਯਾਦ ਨਹੀਂ । ਮਾਤਾ ਮੇਰੀ, ਮੈਥੋਂ ਹਜ਼ਾਰਾਂ ਕਿਲੋਮੀਟਰ ਦੂਰ ਸਮੁੰਦਰੋਂ ਪਾਰ ਪੰਜਾਬ ‘ਚ ਬੈਠੀ ਹੈ ਤੇ ਪੂਜਾ ਵੀ ਘੱਟੋ-ਘੱਟ ਸੱਤ-ਅੱਠ ਸੌ ਮੀਲ ਦੂਰ ਆਪਣੀ ਪੜ੍ਹਾਈ ਦੇ ਸਿਲਸਿਲੇ ‘ਚ ਹੈ ਤੇ ਮੈਂ ਆਪਣੇ ਦਿਹਾੜੀ-ਦੱਪੇ ਦੇ ਸਿਲਸਿਲੇ ‘ਚ ਅੱਡ ਬੈਠਾ ਹਾਂ । ਹੁਣ ਰੋਜ਼-ਰੋਜ਼ ਕੱਪੜੇ ਧੋਣੇ ਵੀ ਔਖੇ ਲੱਗਦੇ ਹਨ । ਦਿਨ-ਬ-ਦਿਨ ਪਤਾ ਨਹੀਂ ਕੀ ਹੁੰਦਾ ਜਾਂਦਾ ਹੈ ਕਿ ਜਦੋਂ ਵੀ ਕੁਝ ਝਰੀਟਣ ਦੀ ਕੋਸਿ਼ਸ਼ ਕਰਦਾ ਹਾਂ, ਮੇਰੀ ਕਲਮ ਤੇ ਮੇਰੀ ਮਾਤਾ ਦੋਵੇਂ ਸਮੁੰਦਰੋਂ ਦੇ ਆਰ-ਪਾਰ ਹੋਣ ਦੇ ਬਾਵਜੂਦ ਇੱਕ-ਦੂਜੇ ਨੂੰ ਮਿਲਣ ਦੀ ਕੋਸਿ਼ਸ਼ ਕਰਦੀਆਂ ਹਨ । ਲਿਖਣ ਦਾ ਵਿਸ਼ਾ ਕੋਈ ਵੀ ਹੋਵੇ, ਮਾਂ ਬੜੀ ਯਾਦ ਆਉਂਦੀ ਹੈ ਕਿ ਛਪਣ ਤੋਂ ਪਹਿਲਾਂ ਉਹ ਬੜੇ ਸ਼ੌਂਕ ਨਾਲ਼ ਲੇਖਣੀ ਪੜ੍ਹਦੀ ਹੁੰਦੀ ਸੀ । ਅਜਿਹੇ ਸਮੇਂ ਚਿੱਤ ਕਰਦਾ ਹੈ ਕਿ ਨੀਲੇ ਆਸਮਾਨ ਦੀ ਥਾਂ ਧੂੜ ਭਰਿਆ ਆਸਮਾਨ ਹੋ ਜਾਵੇ । ਤੇਜ਼-ਠੰਢੀ ਹਵਾ ਦੀ ਥਾਂ ਧੂੜ ਭਰੀ ਹਨੇਰੀ ਚੱਲਣ ਲੱਗ ਜਾਵੇ । ਜੇਕਰ ਬੱਸ ਜਾਂ ਟਰੇਨ ‘ਚ ਬੈਠ ਕੇ ਲਿਖਣ ਲੱਗਦਾ ਹਾਂ ਤਾਂ ਜੀ ਕਰਦਾ ਹੈ ਕਿ ਜਦੋਂ ਪਲਕ ਝਪਕ ਕੇ ਖੁੱਲੇ ਤਾਂ ਰੋਡਵੇਜ਼ ਦੀ ਲਾਰੀ ‘ਚ ਬੈਠਾ ਹੋਵਾਂ । ਸਾਹਮਣੇ ਬੈਠੀ ਗੋਰੀ ਨੱਢੀ ਦੀ ਥਾਂ 75 ਸਾਲਾਂ ਦਾ ਦਵਾਈ ਲੈਣ ਜਾ ਰਿਹਾ ਖਾਊਂ-ਖਾਊਂ ਕਰਦਾ ਬਾਬਾ ਜਾਂ ਬੇਬੇ ਬੈਠੀ ਹੋਵੇ, ਜਿਸ ਨੂੰ ਨਹਾਤਿਆਂ ਘੱਟੋ-ਘੱਟ 6 ਦਿਨ ਹੋ ਗਏ ਹੋਣ । ਪਰ ਇਹ ਉਦੋਂ ਹੀ ਸੋਚਦਾ ਹਾਂ ਜਦੋਂ ਭਾਵੁਕ ਹੁੰਦਾ ਹਾਂ । ਦਿਮਾਗ ਦੇ ਸੁਚੇਤ ਹੁੰਦਿਆਂ ਹੀ ਜੋ ਸ਼ਬਦ ਠਾਹ-ਠਾਹ ਕਰਕੇ ਵੱਜਦੇ ਹਨ….
“ਜੌਬ”
“ਕੈਰੀਅਰ”
“ਡਾਲਰ”
“ਜੌਬ”
“ਕੈਰੀਅਰ”
“ਡਾਲਰ”
“ਕਿੰਨਾ ਔਖਾ ਹੋ ਕੇ ਇੱਥੇ ਆਇਆ ਹੈਂ, ਜਿੰਦਗੀ ਦੀ ਪੂੰਜੀ ਦਾਅ ਤੇ ਲਗਾ ਦਿੱਤੀ, ਹੁਣ ਅੱਗੇ ਬਾਰੇ ਸੋਚ”
….ਤੇ ਮੈਂ ਤੁਰੰਤ ਹਾਮੀ ਭਰ ਦਿੰਦਾ ਹਾਂ ।
“ਸੋ, ਰਿਬੇਕਾ ਵਟ ਇਜ਼ ਯੂਅਰ ਫਾਦਰ?”
“ਹੂੰ”
“ਵਟ ਇਜ਼ ਯੂਅਰ ਫਾਦਰ?”
“ਹੂੰ”
“ਯੂ ਗੋ ਟੂ ਸਕੂਲ?”
“ਨੋ”
“ਦੈਨ ਵਟ ਯੂ ਡੂ?”
“ਵੂਈ ਪਲੇ ਇਨ ਸਕੂਲ, ਆਈ ਹੈਵ ਮੈਨੀ ਫਰੈਂਡਜ਼”
“ਔ.ਕੇ., ਵਟ ਇਜ਼ ਨੇਮ ਆਫ਼ ਯੂਅਰ ਫਰੈਂਡ?”
“੍!#$%ਫ਼*#”
….ਮੈਨੂੰ ਕੁਝ ਸਮਝ ਨਾ ਆਈ ।
“ਹਮਮਮਮਮ…… ਯੂ ਨੋ ਟਵਿੰਕਲ… ਟਵਿੰਕਲ…”
“ਟਵਿੰਕਲ ਟਵਿੰਕਲ ਲਿਟਲ ਸਟਾਰ
ਹਾਓ ਆਈ ਵੰਡਰ ਵਟ ਯੂ ਆਰ….”
ਗਰਿਮਾ ਤੇ ਤਨੀਸ਼ਾ ਹਮੇਸ਼ਾ ਮੇਰੇ ਮਨ ‘ਚ ਵਸੀਆਂ ਹੋਈਆਂ ਹਨ, ਜਾਪਿਆ ਜਿਵੇਂ ਉਹੀ ਇਹ ਪੋਇਮ ਬੋਲ ਰਹੀਆਂ ਹੋਣ । ਜਿਵੇਂ ਘਰੇ ਕਰਦੇ ਹੁੰਦੇ ਸੀ, ਮੈਂ ਵੀ ਰਿਬੇਕਾ ਨਾਲ਼ ਸੁਰ ਮਿਲਾਉਣ ਦੀ ਕੋਸਿ਼ਸ਼ ਕੀਤੀ…
“….ਅਪ ਅਬਵ ਦ ਵਰਲਡ ਸੋ ਹਾਈ
ਲਾਈਕ ਅ ਡਾਇਮੰਡ ਇਨ ਦ ਸਕਾਈ”
ਫਿਰ ਉਹ ਘਰ ਦੇ ਬਾਹਰਲੇ ਜੰਗਲੇ ਤੇ ਚੜ੍ਹ ਗਈ ਤੇ ਇਸ਼ਾਰਾ ਕੀਤਾ…
“ਕਮ ਆਨ”
“ਯੂ ਪਲੇ, ਆਈ ਵਿਲ ਸੀ”
“ਫ਼*#੍!#$%ਫ਼*#”
“੍!ਫ਼*##$%ਫ਼*$%#ਫ਼*#”
ਉਹ ਗੱਲਾਂ ਕਰ ਰਹੀ ਸੀ ਪਰ ਮੇਰੇ ੳੁੱਤੋਂ ਦੀ ਸਭ ਕੁਝ ਲੰਘਣ ਲੱਗ ਪਿਆ । ਜਾਪਦਾ ਸੀ ਮੇਰੀ ਅੰਗ੍ਰੇਜ਼ੀ ਖ਼ਤਮ ਹੋਣ ਲੱਗ ਪਈ ਸੀ ਤੇ ਉਸਦੀ ਅਜੇ ਸ਼ੁਰੂ ਹੋਈ ਸੀ ।
ਹੁਣ ਤੱਕ ਰਿਬੇਕਾ ਨੇ ਜੰਗਲੇ ਤੋਂ ਉੱਤਰ ਕੇ ਕੁੱਦਣਾ ਸ਼ੁਰੂ ਕਰ ਦਿੱਤਾ ਤੇ ਕੁਝ ਕਹਿ ਕੇ ਇਸ਼ਾਰਾ ਕੀਤਾ । ਜੋ ਕੁਝ ਕਿਹਾ ਉਹ ਤਾਂ ਸਮਝ ਨਹੀਂ ਆਇਆ ਪਰ ਉਸਦਾ ਇਸ਼ਾਰਾ ਸਮਝ ਮੈਂ ਵੀ ਕੁੱਦਣਾ ਸ਼ੁਰੂ ਕਰ ਦਿੱਤਾ, ਕਿਉਂ ਜੋ ਥੋੜਾ-ਥੋੜਾ ਹਨੇਰਾ ਹੋ ਚੱਲਾ ਸੀ ਤੇ ਸੜਕ ਤੇ ਵੇਖਣ ਵਾਲਾ ਕੋਈ ਨਹੀਂ ਸੀ । ਮੁੜ ਉਸ ਫੁੱਟਪਾਥ ਤੇ ਪੁੱਠੀ ਛਾਲ ਮਾਰੀ ਤੇ ਮੈਨੂੰ ਫੇਰ ਇਸ਼ਾਰਾ ਕੀਤਾ ।
“ਲਿਸਨ… ਲਿਸਨ… ਰਿਬੇਕਾ, ਲੈਟ ਅਸ ਟਾਕ”
“ਹੂੰਅ….”
“ਵੇਅਰ ਇਜ਼ ਯੂਅਰ ਹੋਮ?”
“ਯੋਅਅਅ…….” ਉਸਨੇ ਇਸ਼ਾਰਾ ਕੀਤਾ ।
“ਦੈਟ ਵਾਈਟ?”
“ਨੋ”
“ਰੈੱਡ?”
ਜੁਆਬ ਦੇਣ ਦੀ ਜਗ੍ਹਾ ਉਹ ਦੌੜਦੀ ਹੋਈ ਕਰੀਬ 200 ਗਜ਼ ਦੂਰ ਇੱਕ ਘਰ ਦੇ ਸਾਹਮਣੇ ਜਾ ਖੜ੍ਹੀ ਹੋਈ ਤੇ ਗੇਟ ਨੂੰ ਹੱਥ ਲਾ ਕੇ ਅੰਦਰ ਵੜ ਗਈ ।
ਇੱਕ ਹੋਰ ਗੱਲ ਯਾਦ ਆ ਗਈ ਹੈ ਕਿ ਵਿਦੇਸ਼ੋਂ ਪਰਤ ਕੇ ਕਿਸੇ ਨੇ ਕਿਹਾ
“ਬਈ ਹੋਰ ਗੱਲਾਂ ਦੀਆਂ ਗੱਲਾਂ, ਬਾਹਰਲੇ ਮੁਲਕ ਆਪਣੇ ਤੋਂ ਬੜੇ ਅੱਗੇ ਨੇ, ਜੰਮਦੇ ਨਿਆਣੇ ਹੀ ਅੰਗ੍ਰੇਜ਼ੀ ਬੋਲਣ ਲੱਗ ਪੈਂਦੇ ਆ”
ਅਸਲ ਵਿੱਚ ਸਾਡੇ ਵਤਨ ‘ਚ ਪੜ੍ਹਾਈ ਦਾ ਮਿਆਰ ਕਾਫ਼ੀ ਉੱਚਾ ਹੈ । ਕੁਝ ਹਫ਼ਤੇ ਪਹਿਲਾਂ ਟਰੇਨ ‘ਚ 10-11 ਸਾਲ ਦੀ ਬੱਚੀ ਦੇਖਕੇ ਉਸ ਨਾਲ਼ ਗੱਲਾਂ ਕਰਨ ਨੂੰ ਮਨ ਕਰ ਆਇਆ । ਉਸ ਦੱਸਿਆ ਕਿ ਉਹ ਪੰਜਵੇਂ ਗਰੇਡ ‘ਚ ਪੜ੍ਹਦੀ ਹੈ । ਹਿਸਾਬ ‘ਚ ਉਨ੍ਹਾਂ ਨੂੰ 12 ਤੱਕ ਪਹਾੜੇ ਕਰਵਾਏ ਹਨ । ਏਨੇ ਤਾਂ ਤਨੀਸ਼ਾ ਨੂੰ ਤੀਸਰੀ ਕਲਾਸ ਵਿੱਚ ਹੀ ਕਰਵਾ ਦਿੱਤੇ ਗਏ ਸਨ । ਉਸ ਬੱਚੀ ਨੂੰ ਪੁੱਛਿਆ ਕਿ 31 ਦਾ ਪਹਾੜਾ ਆਉਂਦਾ ਹੈ ? ਉਸ ਬੱਚੀ ਦੇ ਨਾਲ਼-ਨਾਲ਼ ਉਸਦੀ ਮਾਂ ਤੇ ਨਾਲ਼ ਬੈਠੇ ਦੋ-ਤਿੰਨ ਗੋਰਿਆਂ ਨੇ ਮੇਰੇ ਵੱਲ ਇੰਝ ਤੱਕਿਆ ਜਿਵੇਂ ਇਸ ਸਾਲ ਦਾ ਸਭ ਤੋਂ ਵੱਡਾ ਬੇਵਕੂਫ਼ੀ ਭਰਿਆ ਸੁਆਲ ਪੁੱਛ ਲਿਆ ਹੋਵੇ । ਨਾਲ਼ ਬੈਠੀ ਪੰਜਾਬੀ ਕੁੜੀ ਵੀ ਮੂੰਹ ਤੇ ਹੱਥ ਰੱਖ ਕੇ, ਮੂੰਹ ਖਿੜਕੀ ਵੱਲ ਕਰਕੇ ਹੱਸਣ ਲੱਗ ਪਈ ।
“ਹੇ ਖਾਂ ! ਵੱਡਾ ਸਿਆਣਾ, ਨਿਆਣੀ ਨੂੰ ਇੱਕਤੀ ਦਾ ਪਹਾੜਾ ਕਿਥੋਂ ਆਊ?” ਸ਼ਾਇਦ ਉਹ ਇਹੀ ਸੋਚ ਰਹੀ ਸੀ ਪਰ ਮੇਰੀ ਅੰਤਰੀਵ ਭਾਵਨਾ ਨੂੰ ਕੌਣ ਸਮਝੇ? ਮੈਂ ਕਿਹੜਾ ਨਿਆਣੇ ਟਿਊਸ਼ਨ ਪੜ੍ਹਨੇ ਲਈ ਬੁਲਾਉਣੇ ਹਨ? ਜਦ ਮੈਂ ਇੱਥੇ ਬੱਚੀਆਂ ਤੱਕਦਾ ਹਾਂ ਤਾਂ ਤਨੀਸ਼ਾ ਤੇ ਗਰਿਮਾ ਬੜੀਆਂ ਯਾਦ ਆਉਂਦੀਆਂ ਨੇ, ਮੈਂ ਤਾਂ ਉਨ੍ਹਾਂ ਨਾਲ਼ ਗੱਲਾਂ ਪਿਆ ਕਰਦਾ ਹੁੰਦਾ ਹਾਂ ।
“ਯੂ ਨੋ ਟੇਬਲ ਆਫ਼ ਤ੍ਰੀ?”
“ਯੇ”
ਮੈਂ ਆਪਣੀ ਕਾਪੀ ਕੱਢੀ ਤਾਂ ਨਾਲ ਦੇ ਗੋਰਿਆਂ ਨੇ ਵੀ ਧਿਆਨ ਸਾਡੇ ਵੱਲ ਕਰ ਲਿਆ । ਉਸ ਬੱਚੀ ਨੂੰ ਸਮਝਾਇਆ ਕਿ ਪਹਿਲਾਂ ਕ੍ਰਮਵਾਰ 1..2..3…. ਲਿਖ ਲਵੋ ਤੇ ਮੁੜ ਖੱਬੇ ਹੱਥ ਤਿੰਨ ਦਾ ਪਹਾੜਾ । ਇਹ ਬਣ ਗਿਆ 31 ਦਾ ਪਹਾੜਾ ।
ਫਾਰਮੂਲਾ ਸਮਝ ਕੇ ਉਨ੍ਹਾਂ ਨੂੰ ਜਿਵੇਂ ਯਕੀਨ ਹੀ ਨਾ ਆਇਆ ਹੋਵੇ । ਮਾਵਾਂ ਧੀਆਂ ਨੇ ਕਾਪੀ ਫੜ ਕੇ ਦੋਬਾਰਾ ਲਿਖ ਕੇ ਦੇਖਿਆ ਤੇ “ਵਾਓ-ਵਾਓ” ਕਰਨ ਲੱਗੀਆਂ ।
“ਨਾਓ ਯੂ ਕੈਨ ਰਾਈਟ ਟੇਬਲ ਆਫ਼ 41,51 ਈਵਨ 91 ਆਲਸੋ”
“ਰੀਅਲੀ?”
“ਯੱਪ…. ਰਾਈਟ ਵਿਚ ਟੇਬਲ ਯੂ ਵਾਂਟ”
ਉਸਨੇ ਫਾਰਮੂਲੇ ਅਨੁਸਾਰ 1 ਤੋਂ 10 ਲਿਖ ਕੇ ਖੱਬੇ ਹੱਥ 9 ਦਾ ਪਹਾੜਾ ਲਿਖ ਕੇ, ਬਾਦ ਵਿੱਚ ਗੁਣਾ ਕਰ-ਕਰ ਕੇ ਚੈੱਕ ਕੀਤਾ ਤੇ ਚਟਰ-ਪਟਰ ਗੱਲਾਂ ਮਾਰਨ ਲੱਗ ਪਈ ।
“ਅੰਕਲ ਯੇ…. ਅੰਕਲ ਵੋ…. ਅੰਕਲ ਦਿਸ…. ਅੰਕਲ ਦੈਟ….”
ਬੱਸ ਮੇਰੀ ਅੰਗ੍ਰੇਜ਼ੀ ਮੁੱਕਣ ਲੱਗ ਪਈ । ਸ਼ੁਕਰ ਰੱਬ ਦਾ ਜੋ ਸਟੇਸ਼ਨ ਆ ਗਿਆ ਤੇ ਮੈਂ ਉੱਤਰ ਗਿਆ । ਨਿਆਣੀ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਕਲਾਸ ਵਿੱਚ ਇੰਡੀਆ ਤੋਂ ਆਈ ਨਵੀਂ ਲੜਕੀ ਮੇਰੀ ਫਰੈਂਡ ਬਣੀ ਹੈ, ਉਹ ਚੰਗੀ ਤਰ੍ਹਾਂ ਅੰਗ੍ਰੇਜ਼ੀ ਨਹੀਂ ਬੋਲ ਸਕਦੀ । ਜੇ ਪੰਜ-ਦਸ ਮਿੰਟ ਹੋਰ ਸਟੇਸ਼ਨ ਨਾ ਆਉਂਦਾ ਤਾਂ ਜਾਪਦਾ ਹੈ ਉਸਨੇ ਕਹਿ ਹੀ ਦੇਣਾ ਸੀ
“ਅੰਕਲ ਯੂ ਆਰ ਆਲਸੋ ਲਾਈਕ ਮਾਈ ਫਰੈਂਡ…..”
ਪਿਛਲੇ ਦਿਨੀਂ ਬੱਸ ਸਟਾਪ ਤੇ ਬੈਠਾ ਬੱਸ ਦੀ ਇੰਤਜ਼ਾਰ ਕਰ ਰਿਹਾ ਸਾਂ । ਸੜਕ ਪਾਰ ਕਰਕੇ ਇੱਕ ਗੋਰੀ ਆਂਟੀ ਮੇਰੇ ਵੱਲ ਆਈ ਤੇ ਸਮਾਈਲ ਸੁੱਟ ਕੇ ਬੋਲੀ
“ਫ਼*#੍!#$%ਫ਼*#”
“ਸੌਰੀ”
“#੍!#$%ਫ਼*”
“ਪਾਰਡਨ ਪਲੀਜ਼”
“੍!ਫ਼*##$%ਫ਼*$%#ਫ਼*#”
“ਐਕਚੁਲੀ ਆਈ ਮ ਨਿਊ ਇਨ ਆਸਟ੍ਰੇਲੀਆ, ਸੋ ਆਈ ਕਾਂਟ ਅੰਡਰਸਟੈਂਡ ਯੂਅਰ ਸਟਾਈਲ ਆਫ਼ ਸਪੀਕਿੰਗ”
“!ਫ਼*##$%ਫ਼*$%#ਫ਼*”
ਪਿਛਲੇ ਤਿੰਨ ਮਹੀਨਿਆਂ ਦੇ ਦੌਰਾਨ ਏਨੀ ਭੈੜੀ ਤਾਂ ਕਦੇ ਵੀ ਨਹੀਂ ਸੀ ਹੋਈ ਕਿ ਅਗਲੇ ਨੇ ਏਨੀਆਂ ਗੱਲਾਂ ਕੀਤੀਆਂ ਹੋਣ ਤੇ ਮੈਂ ਕੋਈ ਵੀ ਗੱਲ ਨਾ ਸਮਝ ਸਕਿਆ ਹੋਵਾਂ । ਅੰਦਰੋ-ਅੰਦਰੀ ਸ਼ਰਮਿੰਦਾ ਹੁੰਦਿਆਂ ਬੈਂਚ ਤੋਂ ਉੱਠ ਖਲੋਤਾ ।
“ਸੌਰੀ, ਆਈ ਕਾਂਟ ਅੰਡਰਸਟੈਂਡ ਯੂ”
“ਯੂ… ਆ… ਬਾ…. ਬਾ… ਓ….” ਉਸਨੇ ਪੁੱਠਾ ਹੱਥ ਮਾਰਕੇ ਕਿਹਾ ਤੇ ਤੁਰਦੀ ਲੱਗੀ ।
“ਓ ਤੇਰੇ ਦੀ….. ਇਹ ਤਾਂ ਤੋਤਲੀ ਐ” ਚੰਗੀ ਤਰਾਂ ਧਿਆਨ ਦੇ ਕੇ ਉਸਨੂੰ ਸੁਣਿਆ ਤਾਂ ਪਤਾ ਲੱਗਾ ਸੀ ।
“ਏਥੇ ਚੰਗੇ ਭਲੇ ਨੂੰ ਸਮਝਣਾ ਔਖਾ ਹੈ, ਇਸਨੂੰ ਸਮਝਣਾ ਆਪਣੇ ਵੱਸ ਕਿੱਥੇ ਹੈ?”
ਉਹ ਆਂਟੀ ਬੁੜ-ਬੁੜ ਕਰਦੀ ਜਾ ਰਹੀ ਸੀ, ਜਿਵੇਂ ਕਹਿ ਰਹੀ ਹੋਵੇ ।
“ਲੈ ਆ ਦਾਂਦੇ ਐ ਵੱਦੇ ਪੜਾਤੂ, ਐਨਤਾਂ ਲਾ ਤੇ । ਦੱਲ ਤੋਈ ਥਮਧ ਆਉਂਦੀ ਨੀਂ । ਧਲ ਦਿਆਂ ਨੇ ਵੀ ਧੱਤ ਤਾ ਬਈ ਦਾ ਪੁੱਤ ਅਥਤਲੇਲੀਆ ਉਦੀਤੀ ਦਾਂਦੈ………………..”
ਵਾਹ ਜੀ ਵਾਹ !
ਮਜਾ ਆ ਗਿਆ ਤੁਹਾਡੀਆ ਗੱਲਾਂ ਪੜ ਕੇ … ਸੱਚ ਜਾਣਿਓ ਆ ੩੧ ਦੇ ਪਹਾੜੇ ਬਾਰੇ ਸਾਨੂੰ ਵੀ ਨਹੀਂ ਸੀ ਪਤਾ ….