ਨਾਲ ਸਲੂਕ ਦੇ ਬੋਲ ਵੇ ਮਾਹੀ, ਬੋਲ ਨਾ ਫਿੱਕੜੇ ਬੋਲ।
ਨੈਣ ਨੈਣਾਂ ਦੀ ਕਰਨ ਮਜੂਰੀ , ਪਰ ਨਾ ਸਹਿਣ ਕੁਬੋਲ।
ਨਾਲ ਸਲੂਕ ਦੇ ਬੋਲ…………
ਉਹ ਮੇਲੇ ਹਰ ਰੋਜ਼ ਮਨਾਈਏ, ਇਹ ਮੇਲਾ ਇਕ ਵਾਰੀ।
ਵੇਖੀਂ ਇਸ ਵਿਚ ਖੋਅ ਨਾ ਬੲ੍ਹੀਏ,ਇਕੋ ਵਸਤ ਪਿਆਰੀ।
ਫੜ੍ਹ ਲੈ ਜਾਂ ਫੜਾ ਦੇ ਉਂਗਲੀ, ਰਹੀਏ ਕੋਲੋ ਕੋਲ।
ਨਾਲ ਸਲੂਕ ਦੇ ਬੋਲ…………
ਤੂੰ ਸਾਡੇ ਅੰਗ ਸੰਗ ਰਹੇਂ, ਨਾ ਦੁਨੀਆਂ ਰਹੇ ਪਰਾਈ।
ਤੂੰ ਰੁਸ ਜਾਵੇਂ ਤਾਂ ਫਿਰ ਸਾਡੀ, ਹੋਣੀ ਨਹੀਂ ਰਸਾਈ।
ਬਿਨ ਤੇਰੇ ਇਹ ਮੇਲਾ ਸੱਖਣਾ, ਖਾਲੀ ਢੋਲ ਮਢੋਲ।
ਨਾਲ ਸਲੂਕ ਦੇ ਬੋਲ…………
ਇਕ ਤੇਰੀ ਤੱਕਣੀ ਵਿਚ ਸਾਡੇ, ਲਿਸ਼ਕਣ ਚੰਨ ਹਜ਼ਾਰਾਂ।
ਚਾਨਣੀਆਂ ਖੁਸ਼ਬੋਆਂ ਸਾਨੂੰ, ਤੇਰੇ ਨਾਲ ਬਹਾਰਾਂ।
ਤੇਰੇ ਬਾਝੋਂ ਚਪਟੀ ਧਰਤੀ, ਕੌਣ ਕਹੇਗਾ ਗੋਲ।
ਨਾਲ ਸਲੂਕ ਦੇ ਬੋਲ…………
ਦੂਰ ਸੁਰਗ ਤੋਂ ਅਸਾਂ ਕੀ ਲੈਣਾਂ, ਸਾਥ ਨਿਭੇ ਜੇ ਤੇਰਾ।
ਓਸ ਸੁਰਗ ਵਿਚ ਜਦ ਨਾ ਮਿਲਿਆ, ਤੇਰਾ ਮੋਹਰਾ ਚੇਹਰਾ।
ਏਸੇ ਧਰਤ ਸਮਾਏ ਉਹ ਵੀ, ਚਾਰੇ ਤੱਬਕ ਫਰੋਲ।
ਨਾਲ ਸਲੂਕ ਦੇ ਬੋਲ…………
ਨਾਲ ਸਲੂਕ ਦੇ ਬੋਲ ਵੇ ਮਾਹੀ, ਬੋਲ ਨਾ ਫਿੱਕੜੇ ਬੋਲ।
ਨੈਣ ਨੈਣਾਂ ਦੀ ਕਰਨ ਮਜੂਰੀ , ਪਰ ਨਾ ਸਹਿਣ ਕੁਬੋਲ।
ਨਾਲ ਸਲੂਕ ਦੇ ਬੋਲ…………