ਮੁੰਬਈ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਲਾਲ ਕ੍ਰਿਸ਼ਨ ਅਡਵਾਨੀ ਤੇ ਜਬਰਦਸਤ ਹਮਲੇ ਕਰਦਿਆਂ ਕਿਹਾ ਕਿ ਕੰਧਾਰ ਦੇ ਜਹਾਜ਼ ਅਗਵਾ ਸਮੇਂ ਆਪਣੇ ਆਪ ਨੂੰ ਲੋਹ ਪੁਰਸ਼ ਅਖਵਾਉਣ ਵਾਲੇ ਅਡਵਾਨੀ ਪਿਘਲ ਗਏ ਸਨ। ਉਨ੍ਹਾਂ ਇਹ ਵੀ ਕਿਹਾ ਕਿ ਖਾਲ੍ਹੀ ਉਚੀ ਅਵਾਜ ਵਿਚ ਭਾਸ਼ਣ-ਬਾਜ਼ੀ ਕਰਨ ਨਾਲ ਕੋਈ ਨੇਤਾ ਤਾਕਤਵਰ ਨਹੀੰ ਬਣ ਜਾਂਦਾ।
ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਅਤਵਾਦ ਨਾਲ ਨਿਪਟਣ ਵਿਚ ਸਾਡੀ ਸਰਕਾਰ ਭਾਜਪਾ ਦੀ ਸਰਕਾਰ ਨਾਲੋਂ ਸਫਲ ਰਹੀ ਹੈ। ਭਾਜਪਾ ਨੇ 1999 ਵਿਚ ਤਿੰਨ ਅਤਵਾਦੀਆਂ ਨੂੰ ਰਿਹਾ ਕਰਕੇ ਐਨਡੀਏ ਸਰਕਾਰ ਨੇ ਅਤਵਾਦੀਆਂ ਅੱਗੇ ਗੋਡੇ ਟੇਕੇ ਸਨ। ਸਾਡੀ ਸਰਕਾਰ ਨੇ ਮੁੰਬਈ ਹਮਲਿਆਂ ਸਮੇਂ ਕੋਈ ਸੌਦੇਬਾਜ਼ੀ ਨਹੀਂ ਕੀਤੀ। ਅਸਾਂ ਹਾਲਾਤ ਨੂੰ ਕੰਟਰੋਲ ਕਰਨ ਲਈ ਆਪਣੇ ਕਮਾਂਡੋ ਭੇਜੇ ਸਨ। ਭਾਜਪਾ ਦੇ ਵਜ਼ੀਰ ਖੁਦ ਅਤਵਾਦੀਆਂ ਨੂੰ ਜਹਾਜ਼ ਵਿਚ ਲੈ ਕੇ ਗਏ ਸਨ। ਸਾਡੇ ਅਤੇ ਭਾਜਪਾ ਵਿਚ ਇਹੀ ਫਰਕ ਹੈ। ਇਸ ਤੋਂ ਪਹਿਲਾਂ ਵੀ ਮਨਮੋਹਨ ਸਿੰਘ ਕਹਿ ਚੁਕੇ ਹਨ ਕਿ ਮੈਂ ਅਡਵਾਨੀ ਦੀ ਤਰ੍ਹਾਂ ਬਾਬਰੀ ਮਸਜਿਦ ਢਠਵਾ ਕੇ ਗੋਡਿਆਂ ਵਿਚ ਮੂੰਹ ਦੇਕੇ ਰੋਣ ਵਾਲਾ ਨਹੀੰ। ਮੈਂ ਕਾਰਵਾਈ ਕਰਨ ਵਿਚ ਯਕੀਨ ਰੱਖਦਾ ਹਾਂ।ਉਨ੍ਹਾਂ ਨੇ ਇਹ ਵੀ ਕਿਹਾ ਕਿ ਕੌਣ ਕਿੰਨਾਂ ਕਮਜ਼ੋਰ ਹੈ ਇਸ ਗੱਲ ਦਾ ਅੰਦਾਜ਼ਾ ਉਨ੍ਹਾਂ ਦੇ ਬਿਆਨਾਂ ਤੋਂ ਲਗਾਇਆ ਜਾ ਸਕਦਾ ਹੈ। ਪ੍ਰਧਾਨਮੰਤਰੀ ਨੇ ਇਹ ਵੀ ਕਿਹਾ ਕਿ ਰਾਹੁਲ ਭਵਿਖ ਵਿਚ ਸਫਲ ਪ੍ਰਧਾਨਮੰਤਰੀ ਬਣ ਸਕਦਾ ਹੈ।
ਜਿਕਰਯੋਗ ਹੈ ਕਿ ਜਦੋਂ ਦੇ ਮਨਮੋਹਨ ਸਿੰਘ ਪ੍ਰਧਾਨਮੰਤਰੀ ਬਣੇ ਹਨ, ਭਾਜਪਾ ਵਲੇ ਹਰ ਰੋਜ਼ ਕਮਜੋਰ- ਕਮਜੋਰ ਦਾ ਰਾਗ ਅਲਾਪਦੇ ਰਹਿੰਦੇ ਸਨ। ਡਾ: ਮਨਮੋਹਨ ਸਿੰਘ ਦੀ ਸ਼ਰਾਫਤ ਅਤੇ ਸਾਊਪੁਣੇ ਦਾ ਉਹ ਨਜਾਇਜ਼ ਫਾਇਦਾ ਚੁਕ ਰਹੇ ਸਨ। ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਉਚ ਦਰਜ਼ੇ ਦੀ ਯੋਗਤਾ ਕਰਕੇ ਖੂਬ ਮਾਨ- ਸਨਮਾਨ ਹਾਸਿਲ ਕੀਤਾ ਹੈ। ਉਹ ਜਿਸ ਸੰਮੇਲਨ ਵਿਚ ਵੀ ਜਾਂਦੇ ਹਨ ਉਥੇ ਆਪਣਾ ਵੱਖਰਾ ਹੀ ਪ੍ਰਭਾਵ ਛਡਦੇ ਹਨ।