ਕਹਿੰਦੇ ਹਨ ਮਨ ਵਿੱਚ ਪੱਕਾ ਇਰਾਦਾ ਹੋਵੇ ਤਾਂ ਵੱਡੀ ਤੋਂ ਵੱਡੀ ਕਮੀ ਵੀ ਤੁਹਾਡੇ ਮਕਸਦ ਵਿੱਚ ਅਰੋੜਾ ਨਹੀੰ ਬਣ ਸਕਦੀ। ਇਸੇ ਤਰਾਂ ਦੀ ਇੱਕ ਉਦਾਹਰਣ ਪੇਸ਼ ਕਰ ਰਿਹਾ ਹੈ ਫਰੀਦਕੋਟ ਤੋੰ ਥੋੜੀ ਦੂਰੀ ਤੇ ਪੈੰਦੇ ਪਿੰਡ ਪੱਕਾ ਦਾ ਨਿਵਾਸੀ ਦਰਸ਼ਨ ਸਿੰਘ ਸਹਿਤਕਾਰ। ਅੱਖਰ ਗਿਆਨ ਦਾ ਨਾਂ ਹੋਣਾਂ ਵੀ ਦਰਸ਼ਨ ਸਿੰਘ ਦੀ ਸਹਿਤਕ ਰੁਚੀ ਨੂੰ ਘੱਟ ਨਹੀਂ ਕਰ ਸਕਿਆ। 75 ਸਾਲਾ ਦਰਸ਼ਨ ਸਿੰਘ ਵਿਦਿਆ ਪੱਖੋਂ ਬਿਲਕੁਲ ਕੋਰਾ ਹੈ, ਉਹ ਨਾਂ ਤਾਂ ਪੜ੍ਹ ਸਕਦਾ ਹੈ ਅਤੇ ਨਾਂ ਹੀ ਲਿਖ ਸਕਦਾ ਹੈ ਪ੍ਰੰਤੂ ਉਸਦੀਆਂ ਲਗਭਗ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ ਜਦੋਂ ਕਿ ਪੰਜ ਹੋਰ ਦੀ ਛਪਾਈ ਲਈ ਉਹ ਯਤਨਸ਼ੀਲ ਹੈ। ਤੁਸੀਂ ਇੰਜ ਵੀ ਕਹਿ ਸਕਦੇ ਹੋ ਕਿ ਲਿਖੀਆਂ ਨਹੀਂ ਲਿਖਵਾਈਆਂ ਅਤੇ ਪੜ੍ਹੀਆਂ ਨਹੀਂ ਪੜ੍ਹਵਾਈਆਂ ਗਈਆਂ ਕਿਤਾਬਾਂ ਦਾ ਉਹ ਜਨਮਦਾਤਾ ਹੈ।
ਇਸ ਅਣਪੜ੍ਹ ਸਹਿਤਕਾਰ ਦੀ ਵਿਸ਼ੇਸ਼ਤਾ ਹੈ ਕਿ ਉਹ ਆਮ ਕਰਕੇ ਮੋਢੇ ਤੇ ਕਿਤਾਬਾਂ ਦਾ ਝੋਲਾ ਟੰਗੇ ਹੋਏ ਤੇ ਸਾਦੇ ਜਿਹੇ ਕੱਪੜੇ, ਜੁੱਤੀ ਪਾਈ ਆਪਣੇ ਪੁਰਾਣੇ ਜਿਹੇ ਸਾਈਕਲ ਤੇ ਘੁੰਮਦਾ ਫਰੀਦਕੋਟ ਅਤੇ ਇਸ ਦੇ ਨਜ਼ਦੀਕੀ ਪਿੰਡਾਂ ਵਿੱਚ ਸੜਕਾਂ ਤੇ ਆਮ ਵੇਖਿਆ ਜਾ ਸਕਦਾ ਹੈ। ਉਸਦਾ ਸ਼ੌਕ ਹੈ ਕਿ ਉਹ ਸਕੂਲਾਂ ਕਲਜਾਂ ਵਿੱਚ ਆਪਣੀਆਂ ਕਿਤਾਬਾਂ ਭੇਂਟ ਕਰਦਾ ਹੈ ਅਤੇ ਬੱਚਿਆਂ ਨੂੰ ਸਿੱਖਿਆ ਦਿੰਦਾ ਹੋਇਆ ਆਮ ਹੀ ਵੇਖਿਆ ਜਾ ਸਕਦਾ ਹੈ। ਮੁਲਾਕਾਤ ਦੌਰਾਨ ਦਰਸ਼ਨ ਸਿੰਘ ਨੇ ਦੱਸਿਆ ਕਿ ਆਪਣੇ ਬਚਪਣ ਵਿੱਚ ਉਹ ਆਪਣੇ ਵੱਡੇ ਵਢੇਰਿਆਂ ਤੋਂ ਕਿੱਸੇ ਕਹਾਣੀਆਂ ਸੁਣਿਆਂ ਕਰਦਾ ਸੀ ਅਤੇ ਉਸ ਦੇ ਮਨ ਵਿੱਚ ਵੀ ਅਜਿਹਾ ਕੁਝ ਲਿਖਣ ਦੀ ਲਾਲਸਾ ਰਹਿੰਦੀ ਸੀ ਪ੍ਰੰਤੂ ਘਰੇਲੂ ਹਾਲਤਾਂ ਕਾਰਨ ਉਹ ਪੜ੍ਹਾਈ ਦੇ ਮਾਮਲੇ ਵਿੱਚ ‘ਊੜਾ ਬੋਤਾ’ ਦੀ ਹਾਲਤ ਵਿੱਚ ਹੀ ਰਹਿ ਗਿਆ। ਪ੍ਰੰਤੂ ਇਸ ਸਭ ਦੇ ਬਾਵਜੂਦ ਵੀ ਦਰਸ਼ਨ ਸਿੰਘ ਦੇ ਸਹਿਤਕ ਲੇਖਣੀ ਦੇ ਸ਼ੋਕ ਵਿੱਚ ਕੋਈ ਕਮੀ ਨਹੀਂ ਆਈ।
ਲਿਖਣ ਦੇ ਸ਼ੌਕ ਕਾਰਨ ਦਰਸ਼ਨ ਸਿੰਘ ਨੇ ਆਪਣੀ ਪਤਨੀ ਅਮਰਜੀਤ ਕੌਰ ਨੂੰ ਪ੍ਰੇਰਿਆ ਕਿ ਉਹ ਸਿਲਾਈ ਕਢਾਈ ਸਿੱਖਣ ਆਉਂਦੀਆਂ ਪਿੰਡ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਤੋਂ ਲਿਖਣ ਦੀ ਮਾੜੀ ਮੋਟੀ ਜਾਚ ਸਿੱਖ ਲਵੇ। ਫਿਰ ਉਸਨੇ ਆਪਣੀ ਪਤਨੀ ਅਤੇ ਪਿੰਡ ਦੇ ਪਾੜ੍ਹਿਆਂ ਦੀ ਮੱਦਦ ਨਾਲ ਆਪਣੀ ਪਹਿਲੀ ਕਿਤਾਬ “ਸ਼ੱਕਰ ਦੇ ਗੰਜ” ਜੋ ਕਿ ਬਾਬਾ ਫਰੀਦ ਜੀ ਦੀ ਜੀਵਣੀ ਤੇ ਆਧਾਰਤ ਹੈ, ਲਿਖੀ। ਇਸ ਤੋਂ ਬਾਦ ਉਸਦਾ ਹੌਂਸਲਾ ਵਧਦਾ ਗਿਆ ਅਤੇ ਦਰਸ਼ਨ ਸਿੰਘ ਨੇ ਸ਼ਾਹ ਮਨਸੂਰ, ਅਹਿਨਕ ਫਕੀਰ, ਮਲਕੀ ਕੀਮੇ ਦਾ ਸੰਯੋਗ, ਮਿਰਜਾਂ ਸਹਿਬਾਂ, ਸੱਸੀ ਪੁਨੂੰ, ਸ਼ੀਰੀ ਫਰਿਹਾਦ, ਲੈਲਾ ਮਜਨੂੰ, ਬਾਬਾ ਵਿਸ਼ਵਕਰਮਾ, ਸ਼ਹੀਦ ਬਾਬਾ ਜੀਵਣ ਸਿੰਘ, ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀ, ਭਗਤ ਰਵੀਦਾਸ ਅਤੇ ਮਾਤਾ ਕੌਲਾਂ ਨਾਲ ਸਬੰਧਤ ਕਿਤਾਬਾਂ ਲੋਕਾਂ ਦੀ ਮੱਦਦ ਨਾਲ ਲਿਖੀਆਂ। ਕੁਝ ਸਮਾਂ ਪਹਿਲਾਂ ਉਸਦੀ ਪਤਨੀ ਅਮਰਜੀਤ ਵੀ ਉਸਦਾ ਸਾਥ ਛੱਡ ਗਈ ਅਤੇ ਹੁਣ ਉਸਦੀ ਸਹਾਇਤਾ ਪਿੰਡ ਵਿੱਚ ਡਾਕਟਰੀ ਦਾ ਕੰਮ ਕਰਨ ਵਾਲਾ ਇੱਕ ਨੌਜਵਾਨ ਕਰਦਾ ਹੈ। ਇਥੇ ਇਹ ਵਰਨਣਯੋਗ ਹੈ ਕਿ ਦਰਸ਼ਨ ਸਿੰਘ ਨੇ ਇਹ ਸਾਰੀਆਂ ਕਿਤਾਬਾਂ ਗੀਤਾਂ, ਕਲੀਆਂ ਜਾਂ ਸ਼ੇਅਰਾਂ ਦੇ ਰੂਪ ਵਿੱਚ ਲਿਖੀਆਂ ਹਨ।
ਇਹ ਨਹੀਂ ਕਿ ਦਰਸ਼ਨ ਸਿੰਘ ਦੀ ਲੇਖਣੀ ਨੂੰ ਕਿਸੇ ਨੇ ਮਾਨਤਾ ਹੀ ਨਾ ਦਿੱਤੀ ਹੋਵੇ। ਉਸ ਵੱਲੋਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਕਈ ਸਾਰੇ ਸਕੂਲਾਂ ਕਾਲਜਾਂ ਦੀਆਂ ਲਾਈਬ੍ਰੇਰੀਆਂ ਤੋਂ ਬਿਨਾਂ ਭਾਸ਼ਾ ਵਿਭਾਗ ਦੀਆਂ ਲਾਈਬ੍ਰੇਰੀ ਦੀ ਸ਼ਾਨ ਬਣ ਚੁੱਕੀਆਂ ਹਨ। ਪਰ ਉਸਦੀ ਬਦਕਿਸਮਤੀ ਹੈ ਕਿ ਪਾਠਕਾਂ ਨੂੰ ਤਰਾਂ ਤਰਾਂ ਦੇ ਕਿੱਸੇ ਪੜ੍ਹਾਉਣ ਵਾਲਾ ਦਰਸ਼ਨ ਸਿੰਘ ਆਪਣੀ ਲਿਖਤ ਦਾ ਆਨੰਦ ਨਹੀਂ ਮਾਣ ਸਕਦਾ। ਉਹ ਭਾਸ਼ਾ ਵਿਭਾਗ ਵੱਲੋਂ ਉਸਦੀਆਂ ਕਿਤਾਬਾਂ ਦੀ ਮਾਨਤਾ ਦੀ ਚਿੱਠੀ ਦਿਖਾਉਂਦਾ ਹੋਇਆ ਖੁਦ ਚੰਡੀਗੜ੍ਹ ਜਾਂ ਪਟਿਆਲਾ ਨਾ ਜਾ ਸਕਣ ਤੇ ਅਫਸੋਸ ਪ੍ਰਗਟ ਕਰਦਾ ਹੈ। ਉਹ ਭਰੇ ਮਨ ਨਾਲ ਦੱਸਦਾ ਹੈ ਕਿ ਉਸਨੇ ਆਪਣੀਆਂ ਕਿਤਾਬਾਂ ਦੇ ਕਈ ਸੈੱਟ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਪੇਸ਼ ਕੀਤੇ ਹਨ ਪੰਰਤੂ ਕਿਸੇ ਨੇ ਸਹਿਤ ਨੂੰ ਪ੍ਰਫੁੱਲਤ ਕਰਨ ਲਈ ਕੋਈ ਦਿਲਚਸਪੀ ਨਹੀਂ ਦਿਖਾਈ।
ਅਣਪੜ੍ਹ ਸਹਿਤਕਾਰ ਦਰਸ਼ਨ ਸਿੰਘ ਦਾ ਕਹਿਣਾ ਹੈ ਕਿ ਜੇਕਰ ਉਹ ਕੁਝ ਸਮਾਂ ਹੋਰ ਜਿਉਂਦਾ ਰਿਹਾ ਤਾਂ ਉਹ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਣ ਤੇ ਵੀ ਕੁਝ ਲਿਖਣਾ ਚਹੁੰਦਾ ਹੈ। ਇਸ ਤੋਂ ਬਿਨਾਂ ਭਰੂਣ ਹੱਤਿਆ ਦੇ ਵਿਸ਼ੇ ਨੂੰ ਵੀ ਉਹ ਇੱਕ ਕਿਤਾਬ ਵਿੱਚ ਪਰੋਣ ਦਾ ਚਾਹਵਾਨ ਹੈ। ਦਰਸ਼ਨ ਸਿੰਘ ਨੂੰ ਜਿੰਦਗੀ ਤੋਂ ਗਿਲਾ ਹੈ ਕਿ ਉਹ ਜੇਕਰ ਕੁਝ ਵੀ ਪੜ੍ਹ ਸਕਦਾ ਹੁੰਦਾ ਤਾਂ ਮਹਾਨ ਸਹਿਤਕਾਰਾਂ ਦੀਆਂ ਰਚਨਾਂਵਾਂ ਦਾ ਆਨੰਦ ਮਾਣ ਸਕਦਾ। ਉਸਦੀ ਦਿਲੀ ਇੱਛਾ ਹੈ ਕਿ ਸਰਕਾਰ ਨੌਜਵਾਨਾਂ ਨੂੰ ਮਿਆਰੀ ਸਹਿਤ ਨਾਲ ਜੋੜਨ ਲਈ ਗੰਭੀਰ ਕੋਸਿ਼ਸ਼ਾਂ ਕਰੇ ਤਾਂ ਜੋ ਲਾਈਬ੍ਰੇਰੀਆਂ ਅੰਦਰ ਗਰਦ ਨਾਲ ਭਰੀਆਂ ਕਿਤਾਬਾਂ ਲੋਕਾਂ ਨੂੰ ਸਾਡੇ ਗੋਰਵਮਈ ਇਤਿਹਾਸ ਪ੍ਰਤੀ ਜਾਣੂ ਕਰਵਾ ਸਕਣ।