ਚੰਡੀਗੜ੍ਹ :- ਜੂਨ 1984 ਵਿੱਚ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ਼੍ਰੀ ਦਰਬਾਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬਲਿਊ ਸਟਾਰ ਦੀ ਹੋਈ ਫੌਜੀ ਹਮਲੇ ਦੀ ਕਾਰਵਾਈ ਦੀ ਪ੍ਰਸ਼ੰਸਾ ਕਰਨ ਵਾਲੀ ਬੀਬੀ ਅਮਰਜੀਤ ਕੌਰ ਨੂੰ ਸ: ਪ੍ਰਕਾਸ਼ ਸਿੰਘ ਬਾਦਲ, ਬਾਦਲ ਦਲ ਵਿੱਚ ਸ਼ਾਮਿਲ ਕਰਕੇ ਅਖਬਾਰਾਂ ਵਿੱਚ ਇੰਜ ਪ੍ਰਭਾਵ ਦੇ ਰਹੇ ਹਨ ਜਿਵੇਂ ਸ: ਬਾਦਲ ਨੇ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ। ਜਦੋਂ ਕਿ ਸਮੁੱਚੀ ਸਿੱਖ ਕੌਮ ਅਤੇ ਦੂਸਰੀਆਂ ਕੌਮਾਂ ਨੂੰ ਇਹ ਜਾਣਕਾਰੀ ਹੈ ਕਿ ਜਦੋਂ ਇਹ ਬੀਬੀ ਕਾਂਗਰਸ ਪਾਰਟੀ ਨੂੰ ਪਹਿਲੇ ਛੱਡ ਕੇ ਬਾਦਲ ਦਲ ਵਿੱਚ ਸ਼ਾਮਿਲ ਹੋਈ ਸੀ ਤਾਂ ਇਸਨੂੰ ਬਾਦਲ ਦਲ ਵੱਲੋਂ ਰਾਜ ਸਭਾ ਮੈਂਬਰ ਬਣਨ ਦਾ ਐਲਾਨ ਕੀਤਾ ਗਿਆ ਸੀ। ਜਦੋਂ ਰਾਜ ਸਭਾ ਮੈਂਬਰ ਦੀ ਨਾਮਜ਼ਦਗੀ ਦੇ ਪੇਪਰ ਦਾਖਿਲ ਕਰਨੇ ਸਨ ਤਾਂ ਇਸ ਬੀਬੀ ਦੀ ਥਾਂ ਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੌਂ ਪੇਪਰ ਦਾਖਿਲ ਕਰਕੇ ਉਹਨਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਗਿਆ ਸੀ। ਪੱਤਰਕਾਰਾਂ ਵੱਲੋਂ ਸ: ਟੌਹੜਾ ਨੂੰ ਸਵਾਲ ਕਰਨ ਤੇ ਇਹ ਜਵਾਬ ਸੀ ਕਿ ਜਿਸ ਬੀਬੀ ਨੇ ਕਾਂਗਰਸ ਜਮਾਤ ਦੀ ਜੀ ਹਜ਼ੂਰੀ ਕਰਕੇ ਬਲਿਊ ਸਟਾਰ ਦੀ ਪ੍ਰਸ਼ੰਸਾ ਕੀਤੀ ਹੋਵੇ, ਅਜਿਹੀ ਬੀਬੀ ਨੂੰ ਰਾਜ ਸਭਾ ਦਾ ਮੈਂਬਰ ਕਿਵੇਂ ਬਣਾਇਆ ਜਾ ਸਕਦਾ ਹੈ। ਸ: ਮਾਨ ਨੇ ਕਿਹਾ ਕਿ ਬਾਦਲ ਦਲੀਏ ਇੱਕ ਪਾਸੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਾਮ ਦੀ ਵਰਤੋਂ ਕਰਕੇ, ਉਹਨਾਂ ਦੀ ਸੋਚ ਵਾਲਿਆਂ ਦੀਆਂ ਵੋਟਾਂ ਬਟੋਰਨਾ ਚਾਹੁੰਦੇ ਹਨ ਅਤੇ ਦੂਸਰੇ ਪਾਸੇ ਬਲਿਊ ਸਟਾਰ ਦੀ ਹਾਮੀ ਭਰਨ ਵਾਲੀ ਬੀਬੀ ਨੂੰ ਆਪਣੇ ਦਲ ਵਿੱਚ ਸ਼ਾਮਿਲ ਕਰਕੇ ਜਥੇਦਾਰ ਟੌਹੜਾ ਦੀ ਆਤਮਾ ਨੂੰ ਖੁਦ ਹੀ ਦੁੱਖ ਪਹੁੰਚਾ ਰਹੇ ਹਨ। ਜਿਸ ਤੋਂ ਬਾਦਲ ਦਲੀਆ ਦੇ ਦੋਹਰੇ ਮੌਖੋਟੇ ਦੀ ਕਾਰਵਾਈ ਸਪੱਸ਼ਟ ਨਜ਼ਰ ਆ ਰਹੀ ਹੈ ਜਿਸ ਤੋਂ ਸਿੱਖ ਕੌਮ ਸੁਚੇਤ ਰਹੇ।
ਇਹਨਾਂ ਵਿਚਾਰਾਂ ਤੋਂ ਜਾਣਕਾਰੀ ਦਿੰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਗੇ ਚੱਲ ਕੇ ਆਪਣੇ ਬਿਆਨ ਵਿੱਚ ਕਿਹਾ ਕਿ ਬਲਿਊ ਸਟਾਰ ਦੀ ਪ੍ਰਸ਼ੰਸਾ ਕਰਨ ਵਾਲੇ ਲੋਕ ਵੀ ਟਾਈਟਲਰ, ਸੱਜਣ ਕੁਮਾਰ, ਅਡਵਾਨੀ, ਵਾਜਪਾਈ, ਅਰੁਣ ਨਹਿਰੂ, ਅਰੁਣ ਕੁਮਾਰ, ਚਿਦੰਬਰਮ, ਤੋਗੜੀਆ, ਠਾਕਰੇ, ਜੇਟਲੀ, ਸ਼ੁਸਮਾ ਸਵਰਾਜ, ਜੌਸ਼ੀ, ਮੋਦੀ, ਭਗਤ ਦੀ ਤਰ੍ਹਾ ਸਿੱਖ ਕੌਮ ਦੇ ਕਾਤਿਲ ਹਨ। ਅਜਿਹੇ ਕਾਤਿਲਾਂ ਅਤੇ ਸਿੱਖ ਵਿਰੋਧੀ ਭਾਵਨਾਵਾਂ ਰੱਖਣ ਵਾਲੇ ਕਿਸੇ ਵੀ ਅਖੌਤੀ ਆਗੂ ਨੂੰ ਸਿੱਖ ਕੌਮ ਕਤਈ ਮਾਫ ਨਹੀਂ ਕਰ ਸਕਦੀ। ਉਹਨਾਂ ਕਿਹਾ ਕਿ ਬੀਬੀ ਵੱਲੋਂ ਸਿੱਖ ਵਿਰੋਧੀ ਕਾਰਵਾਈ ਕਰਨ ਕਰਕੇ, ਅੱਜ ਕੋਈ ਵੀ ਸਿੱਖ ਇਸ ਬੀਬੀ ਦੇ ਨਾਲ ਨਹੀਂ ਹੈ। ਜੋ ਪਟਿਆਲੇ ਵਿਖੇ ਇਸ ਬੀਬੀ ਨੂੰ ਸ਼ਾਮਿਲ ਕਰਦੇ ਹੋਏ ਜੋ ਇਕੱਠ ਦਿਖਾਇਆ ਗਿਆ ਹੈ, ਉਹ ਬਾਦਲ ਦੇ ਜੀ ਹਜ਼ੂਰੀਆਂ ਤੋਂ ਇਲਾਵਾ ਕੋਈ ਇਲਾਕਾ ਨਿਵਾਸੀ ਨਹੀਂ ਹੈ। ਉਹਨਾਂ ਕਿਹਾ ਕਿ ਸ: ਬਾਦਲ ਅਤੇ ਬਾਦਲ ਦਲੀਏ ਅਜਿਹੇ ਡਰਾਮੇ ਕਰਕੇ ਆਪਣੀ ਪਾਰਟੀ ਵੱਲੋਂ ਖੜੇ ਕੀਤੇ ਗਏ ਗੈਰ ਇਖਲਾਕੀ, ਚੁਫੇਰਗੜੀਏ ਅਤੇ ਮੌਕਾ ਪ੍ਰਸਤ ਉਮੀਦਵਾਰਾਂ ਨੂੰ ਕਦੀ ਵੀ ਨਹੀਂ ਜਿਤਾ ਸਕਦੇ। ਪੰਜਾਬ ਦੇ ਸੂਝਵਾਨ ਵੋਟਰ ਬਾਦਲ ਦਲੀਆਂ ਵੱਲੋਂ ਅਤੇ ਸਿੱਖ ਵਿਰੋਧੀ ਪਾਰਟੀਆਂ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਨੂੰ ਕਰਾਰੀ ਸਿ਼ਕਸਤ ਦੇ ਕੇ ਸਬਕ ਸਿਖਾਉਣਗੇ। ਉਹਨਾਂ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਇਆ ਰਾਮ ਗਿਆ ਰਾਮ ਇਖਲਾਕ ਵਾਲੇ ਲੋਕਾਂ ਨੂੰ ਹੁਣ ਪੰਜਾਬ ਦੇ ਵੋਟਰ ਬਿਲਕੁਲ ਮੂੰਹ ਨਹੀ ਲਾਉਣਗੇ ਬਲਕਿ ਆਪਣੇ ਵੋਟ ਹੱਕ ਦੀ ਸਹੀ ਕੀਮਤ ਨੂੰ ਪਹਿਚਾਣਦੇ ਹੋਏ ਪੰਜਾਬ ਦੇ ਵੋਟਰ ਉੱਚੇ ਸੁੱਚੇ ਇਖਲਾਕ ਵਾਲੇ ਅਤੇ ਇਮਾਨਦਾਰ ਸਖਸੀਅਤਾਂ ਨੂੰ ਜਿਤਾ ਕੇ ਇਸ ਵਾਰੀ ਪਾਰਲੀਮੈਂਟ ਵਿੱਚ ਭੇਜਣਗੇ।