ਨਵੀਂ ਦਿੱਲੀ- ਚੋਣਾਂ ਦਾ ਬਜ਼ਾਰ ਗਰਮ ਹੋਣ ਕਰਕੇ ਸਾਰੀਆਂ ਰਾਜਨੀਤਕ ਪਾਰਟੀਆਂ ਇਕ ਦੂਸਰੇ ਨੂੰ ਨੀਵਾਂ ਵਿਖਾਉਣ ਲਈ ਫਿਕਰੇ ਕਸਣ ਤੋਂ ਬਾਜ਼ ਨਹੀਂ ਆ ਰਹੀਆਂ। ਇਸੇ ਸਬੰਧ ਵਿਚ ਸੋਨੀਆ ਗਾਂਧੀ ਨੇ ਭਾਜਪਾ ਦੇ ਉਮੀਦਵਾਰ ਅਡਵਾਨੀ ਤੇ ਤਿੱਖਾ ਵਾਰ ਕਰਦਿਆਂ ਹੋਇਆਂ ਕਿਹਾ ਕਿ ਅਡਵਾਨੀ ਤਾਂ ਸੰਘ ਦਾ ਗੁਲਾਮ ਹੈ। ਇਹ ਭਗਵਾ ਨੇਤਾ ਆਰਆਰਐਸ ਤੋਂ ਪੁਛੇ ਬਗੈਰ ਕੋਈ ਵੀ ਨਿਰਣਾ ਨਹੀੰ ਲੈ ਸਕਦਾ।
ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਕਿ ਭਾਜਪਾ ਦਾ ਪ੍ਰਧਾਮੰਤਰੀ ਪਦ ਦਾ ਉਮੀਦਵਾਰ ਲਾਲ ਕ੍ਰਿਸ਼ਨ ਅਡਵਾਨੀ ਤਾਂ ਸੰਘ ਦਾ ਦਾਸ ਹੈ। ਉਹ ਆਪਣੀ ਕੁਰਸੀ ਬਚਾਉਣ ਲਈ ਸੰਘ ਦੀ ਹਰ ਗੱਲ ਮੰਨ ਸਕਦਾ ਹੈ। ਅਡਵਾਨੀ ਦੁਆਰਾ ਮਨਮੋਹਨ ਸਿੰਘ ਨੂੰ ਕਮਜ਼ੋਰ ਪ੍ਰਧਾਨਮੰਤਰੀ ਕਹੇ ਜਾਣ ਨੂੰ ਸੋਨੀਆ ਨੇ ਬੇਤੁਕੀਆਂ ਟਿਪਣੀਆਂ ਦਸਿਆ। ਸੋਨੀਆ ਨੇ ਇਹ ਵੀ ਕਿਹਾ ਕਿ ਅਡਵਾਨੀ ਜਦੋਂ ਭਾਜਪਾ ਦੇ ਪ੍ਰਧਾਨ ਸਨ ਤਾਂ ਉਨ੍ਹਾਂ ਆਪਣੇ ਪਾਕਿਸਤਾਨ ਦੇ ਦੌਰੇ ਸਮੇਂ ਜਿਨਾਹ ਨੂੰ ਧਰਮ-ਨਿਰਪੱਖ ਹੋਣ ਦਾ ਪ੍ਰਮਾਣ-ਪੱਤਰ ਦਿਤਾ ਸੀ। ਅਡਵਾਨੀ ਦੇ ਇਸ ਬਿਆਨ ਤੇ ਸੰਘ ਨੇ ਕਾਫੀ ਹੰਗਾਮਾ ਖੜ੍ਹਾ ਕਰ ਦਿਤਾ ਸੀ ਅਤੇ ਅਖੀਰ ਅਡਵਾਨੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ। ਸੋਨੀਆ ਨੇ ਅਡਵਾਨੀ ਨੂੰ ਇਹ ਵੀ ਯਾਦ ਦਿਵਾਇਆ ਕਿ ਪ੍ਰਧਾਨਮੰਤਰੀ ਕਿਸੇ ਇਕ ਦਲ ਦਾ ਨਹੀਂ ਸਗੋਂ ਪੂਰੇ ਦੇਸ਼ ਦਾ ਹੁੰਦਾ ਹੈ। ਇਸ ਲਈ ਪ੍ਰਧਾਨਮੰਤਰੀ ਦਾ ਅਪਮਾਨ ਪੂਰੇ ਦੇਸ਼ ਦਾ ਅਪਮਾਨ ਕਰਨਾ ਹੈ।