ਸਰਕਾਰ ਵਲੋਂ ਕਣਕ ਦੀ ਖਰੀਦ ਲਈ ਸਾਰੇ ਢੁਕਵੇਂ ਪ੍ਰਬੰਧ ਮੁਕੰਮਲ
ਅੰਮ੍ਰਿਤਸਰ (ਸਰਚੰਦ ਸਿੰਘ) ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸ ’ਤੇ ਤਾਬੜਤੋੜ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਹਾਈ ਕਮਾਨ ਨੇ ਚੋਣਾਂ ਵਿਚ ਹੋਣ ਵਾਲੇ ਪ੍ਰਤਖ ਹਾਰ ਸੰਬੰਧੀ ਕੰਧ ’ਤੇ ਲਿਖਿਆ ਸਾਫ ਪੜ੍ਹ ਲਿਆ ਹੈ ਤੇ ਹੁਣ ਇਸ ਦੀ ਕੇਂਦਰੀ ਲੀਡਰਸ਼ਿਪ ਨੇ ਵਿਰੋਧੀ ਦਲ ਦੀ ਭੂਮਿਕਾ ਨਿਭਾਉਣ ਦਾ ਅੰਦਰੋਂ ਅੰਦਰੀਂ ਮਨ ਬਣਾ ਲਿਆ ਹੈ। ਪ੍ਰੈਸ ਸਕਤਰ ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ’ਚ ਸ: ਮਜੀਠੀਆ ਨੇ ਕਿਹਾ ਕਿ ਬਿਹਾਰ, ਉਤਰ ਪ੍ਰਦੇਸ਼ ਤੇ ਤਾਮਿਲਨਾਡੂ ਵਿਚ ਯੂ ਪੀ ਏ ਦੇ ਸਹਿਯੋਗੀਆਂ ਵਲੋਂ ਕਾਂਗਰਸ ਦਾ ਸਾਥ ਛੱਡ ਦਿਆਂ ਨਾ ਕੇਵਲ ਤੀਜਾ ਸਗੋਂ ਚੌਥਾ ਮੋਰਚਾ ਤੱਕ ਵੀ ਬਣ ਜਾਣ ਨਾਲ ਕਾਂਗਰਸ ਪਾਰਟੀ ਦਾ ਭਵਿਖ ਵੀ ਖਤਮ ਹੋ ਗਿਆ ਹੈ। ਉਹਨਾਂ ਕਿਹਾ ਕਿ ਯੂ ਪੀ ਏ ਕਾਰਜ ਕਾਲ ਦੌਰਾਨ ਦੇਸ਼ ’ਚ ਅਤਿਵਾਦ, ਮਹਿੰਗਾਈ, ਗਰੀਬੀ, ਅਣਪੜਤਾ ਅਤੇ ਭ੍ਰਿਸ਼ਟਾਚਾਰ ਵਿਚ ਬੇਤਹਾਸ਼ਾ ਵਾਧਾ ਹੋਇਆ ਹੈ। ਸ: ਮਜੀਠੀਆ ਨੇ ਕਾਂਗਰਸ ਦੇ ਚੋਣ ਮਨੋਰਥ ਪੱਤਰ ’ਤੇ ਟਿਪਣੀ ਕਰਦਿਆਂ ਉਸ ਨੂੰ ਦਿਸ਼ਾ ਹੀਣ ਤੇ ਇਕ ਛਲਾਵਾ ਕਿਹਾ। ਉਹਨਾਂ ਕਿਹਾ ਕਿ ਕਾਂਗਰਸ ਨੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਨਾ ਗਲ ਕਹੀ ਹੈ ਨਾ ਹੀ ਸੰਕਲਪ ਲਿਆ ਹੈ। ਉਹਨਾਂ ਕਾਂਗਰਸ ਕੋਸਦਿਆਂ 60 ਸਾਲ ਰਾਜਨੀਤੀ ਦੇ ਨਾਮ ’ਤੇ ਆਮ ਜਨਤਾ ਦਾ ਖੂਨ ਚੂਸਣ ਵਾਲੀ ਜੋਕਾਂ ਤੋ ਸੁਚੇਤ ਰਹਿਣ ਦੀ ਅਪੀਲ ਕੀਤੀ। ਉਹਨਾਂ ਕੇਂਦਰ ਸਰਕਾਰ ਵਲੋਂ ਵਖ ਵਖ ਗਰੀਬੀ ਹਟਾਓ ਪ੍ਰੋਗਰਾਮਾਂ ਲਈ ਨਿਰਧਾਰਿਤ 51 ਹਜਾਰ ਕਰੋੜ ਰੁਪੈ ਦੀ ਦੁਰ ਵਰਤੋਂ ਕਰਨ ਲਈਂ ਵੀ ਅਲੋਚਨਾ ਕੀਤੀ।
ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਨੂੰ ਆਪਣੀ ਕਾਰਗੁਜਾਰੀ ’ਤੇ ਰੱਤੀ ਭਰ ਵੀ ਭਰੋਸਾ ਨਹੀ ਹੈ ਤਾਂ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਸਮੇਤ ਕੇਂਦਰੀ ਕੈਬਨਿਟ ਵਿਚ ਸਾਮਿਲ ਪੰਜਾਬ ਦੇ 3 ਰਾਜ ਸਭਾ ਮੈਬਰਾਂ ਨੂੰ ਆਪਣੀ ਸਰਕਾਰ ਦੀ ਕਾਰਗੁਜਾਰੀ ਪਰਖਣ ਲਈ ਲੋਕ ਸਭਾ ਚੋਣਾਂ ਵਿਚ ਉਤਾਰਣ ਦੀ ਹਿੰਮਤ ਨਹੀਂ ਦਿਖਾ ਸਕੀ।
ਉਹਨਾਂ ਕਿਹਾ ਕਿ ਕਾਂਗਰਸ ਨੇ ਪੰਜਾਬ ’ਚ ਤਬਾਹੀ ਤੇ ਵਿਨਾਸ਼ ਲਿਆ ਕੇ ਰਾਜ ਦਾ ਵਡਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਪੰਜਾਬੀਆਂ ਨਾਲ ਕਾਂਗਰਸ ਦੀ ਬੇਇਮਾਨੀ ਤੇ ਵਿਤਕਰੇ ਵਾਲੀ ਨੀਤੀ ਦਾ ਸਿੱਧਾ ਅਸਰ ਸੂਬੇ ਦੀਆਂ ਵਿਕਾਸ ਸਕੀਮਾਂ ’ਤੇ ਪੈਦਾ ਰਿਹਾ ਹੈ।
ਸ: ਮਜੀਠੀਆ ਨੇ ਰਾਜ ਵਿਚੋਂ ਕਣਕ ਦੀ ਖਰੀਦ ਸੰਬੰਧੀ ਖੁਲਾਸਾ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਕਣਕ ਦੀ ਖਰੀਦ ਲਈ ਸਾਰੇ ਢੁਕਵੇਂ ਪ੍ਰਬੰਧ ਕਰ ਲਈ ਹੋਈ ਹੈ ਤੇ ਕਿਸਾਨਾਂ ਨੂੰ ਕੋਈ ਵੀ ਮੁਸ਼ਕਲ ਪੇਸ਼ ਨਹੀਂ ਆਏਗੀ। ਉਹਨਾਂ ਦਾਅਵਾ ਕੀਤਾ ਕਿ ਜਦ ਵੀ ਅਕਾਲੀ ਦਲ ਭਾਜਪਾ ਦੀ ਸਰਕਾਰ ਆਈ ਕਿਸਾਨਾਂ ਨੂੰ ਜਿਣਸ ਲਈ ਵਾਜਬ ਮੁਲ ਦੇਣ ਦੀਆਂ ਵਡੇ ਪੈਮਾਨੇ ’ਤੇ ਕੋਸ਼ਿਸਾਂ ਕੀਤੀਆਂ ਜਾਂਦੀਆਂ ਰਹੀਆਂ। ਉਹਨਾਂ ਦਾਅਵਾ ਕੀਤਾ ਕਿ ਕੇਂਦਰ ਵਿਚ ਸ੍ਰੀ ਲਾਲ ਕਿਸ਼ਨ ਅਡਵਾਨੀ ਦੇ ਪ੍ਰਧਾਨ ਮੰਤਰੀ ਬਣਨ ’ਤੇ ਜਿਣਸ ਦਾ ਮੁਲ ਕੀਮਤ ਸੂਚਕ ਅੰਕ ਨਾਲ ਜੋੜਿਆ ਜਾਵੇਗਾ।
ਉਹਨਾਂ ਕੈਪਟਨ ਅਮਰਿੰਦਰ ਸਿੰਘ’ਤੇ ਵਰਦਿਆਂ ਕਿਹਾ ਕਿ ਉਹਨਾਂ ਕੋਲ ਸਰਕਾਰੀ ਅਧਿਕਾਰੀਆਂ ਨੂੰ ਧਮਕਾਉਣ ਤੋਂ ਸਿਵਾ ਕੋਈ ਕੰਮ ਨਹੀਂ ਹੈ ਉਨਾਂ ਦਾ ਇਕੋ ਇਕ ਨੁਕਾਤੀ ਪ੍ਰੋਗਰਾਮ ਬਾਦਲ ਪਰਿਵਾਰ ਤੋਂ ਬਦਲਾ ਲੈਣ ਦਾ ਹੈ। ਜੋ ਕਿ ਮੁਗੇਰੀ ਲਾਲ ਦੇ ਸੁਪਨੇ ਹੀ ਹਨ ਤੇ ਜਿਸ ਵਿਚ ਵੀ ਉਹ ਹੁਣ ਕਾਮਯਾਬ ਨਹੀਂ ਹੋਣਗੇ। ਉਹਨਾਂ ਕਿਹਾ ਕਿ ਕੈਪਟਨ ਨੇ ਪੰਜ ਸਾਲ ਐਸ਼ਪ੍ਰਸਤੀ ਤੋਂ ਸਿਵਾ ਕੁਝ ਨਹੀਂ ਕੀਤਾ। ਹੁਣ ਵੀ ਉਹ ਆਰਾਮ ਫੁਰਮਾ ਰਹੇ ਹਨ ਤੇ ਮੋਤੀ ਮਹਿਲ ਵਿਖੇ ਕੁਝ ਅਧਾਰ ਹੀਣ ਲੋਕਾਂ ਨੂੰ ਬੁਲਾ ਕੇ ਡਰਾਮੇ ਰਚਣ ’ਚ ਮਸ਼ਰੂਫ ਹਨ। ਉਹਨਾਂ ਇਹ ਵੀ ਕਿਹਾ ਕਿ ਰਾਜ ਕਾਲ ਦੌਰਾਨ ਲੋਕਾਂ ਅਤੇ ਵਿਧਾਇਕਾਂ ਲਈ ਸਮਾਂ ਨਾ ਕੱਢਣ ਵਾਲੇ ਕੈਪਟਨ ਨੂੰ ਪੰਜਾਬ ਨਾਲੋਂ ਲਾਹੌਰ ਨੇੜੇ ਭਾਸਦਾ ਸੀ। ਅਖੀਰ ’ਚ ਉਹਨਾਂ ਕਿਹਾ ਕਿ ਰਾਜ ਵਿਚ ਅਕਾਲੀ ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰਾਂ ਨੂੰ ਜਿਤਾਉਣ ਲਈ ਲੋਕ ਲਹਿਰ ਬਣ ਚੁੱਕੀ ਹੈ।