ਲੁਧਿਆਣਾ :- ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਇਤਿਹਾਸਿਕ ਜਿੱਤ ਲਈ ਅਕਾਲੀ ਭਾਜਪਾ ਆਗੂਆਂ ਅਤੇ ਸਰਗਰਮ ਕਾਰਕੁੰਨਾਂ ਦੀ ਬੀਤੀ ਸ਼ਾਮ ਇੱਥੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਸਰਵ ਸੰਮਤੀ ਨਾਲ ਇਹ ਫ਼ੈਸਲਾ ਲਿਆ ਗਿਆ ਕਿ ਦੋਵੇਂ ਪਾਰਟੀਆਂ ਦੇ ਪ੍ਰਤੀਨਿੱਧ ਆਪਸੀ ਤਾਲਮੇਲ ਕਰਕੇ ਗਾਲਿਬ ਦੀ ਚੌਣ ਪ੍ਰਚਾਰ ਮੁਹਿੰਮ ਨੂੰ ਇਸ ਢੰਗ ਨਾਲ ਚਲਾਉਣਗੇ ਕਿ ਵਿਰੋਧੀ ਉਮੀਦਵਾਰ ਨੂੰ ਕਿਸੇ ਵੀ ਹਲਕੇ ਚੋਂ ਬਹੁਮੱਤ ਨਾ ਮਿਲ ਸਕੇ। ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸਤਪਾਲ ਗੋਸਾਈ ਨੇ ਮੀਟਿੰਗ ਨੂੰ ਸੰਬੋਨ ਕਰਦਿਆਂ ਕਿਹਾ ਕਿ ਦੇਸ਼ ਦੀ ਕੇਂਦਰੀ ਸੱਤਾ ਉ¤ਪਰ ਐਨ.ਡੀ.ਏ. ਦੀ ਸਰਕਾਰ ਸਥਾਪਤ ਕਰਨ ਲਈ ਜ਼ਰੂਰੀ ਹੈ ਕਿ ਪੰਜਾਬ ਦੀਆਂ 13 ਦੀਆ 13 ਸੀਟਾਂ ਅਕਾਲੀ ਭਾਜਪਾ ਗੱਠਜੋੜ ਜਿੱਤੇ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਇਹ ਲੜਾਈ ਇੱਕ ਜੁੱਟ ਹੋ ਕੇ ਲੜਨੀ ਹੋਵੇਗੀ ਅਤੇ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ ਘਰ ਪਹੁੰਚਾ ਕੇ ਹਰ ਵਰਗ ਦੇ ਲੋਕਾਂ ਨੂੰ ਲਾਮਬੰਦ ਕਰਨਾ ਹੋਵੇਗਾ। ਸੰਸਦ ਮੈਂਬਰ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਅਕਾਲੀ ਭਾਜਪਾ ਵਰਕਰ ਇਹ ਸੀਟ ਰਿਕਾਰਡ ਤੋੜ ਵੋਟਾਂ ਨਾਲ ਜਿੱਤਣ ਲਈ ਇੱਕ ਟੀਮ ਦੀ ਤਰ੍ਹਾਂ ਕੰਮ ਕਰਨ। ਉਨ੍ਹਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਦਾ ਜ਼ਿਲ੍ਹੇ ਭਰ ਅੰਦਰ ਕੋਈ ਆਧਾਰ ਨਹੀਂ ਹੈ ਜਦਕਿ ਗੁਰਚਰਨ ਸਿੰਘ ਗਾਲਿਬ ਦਾ ਪੇਂਡੂ ਅਤੇ ਸ਼ਹਿਰੀ ਹਲਕਿਆਂ ਅੰਦਰ ਇੱਕ ਖਾਸ ਮੁਕਾਮ ਹੈ। ਗੁਰਚਰਨ ਸਿੰਘ ਗਾਲਿਬ ਦੀ ਚੋਣ ਪ੍ਰਚਾਰ ਮੁਹਿੰਮ ਦੀ ਦੇਖ ਰੇਖ ਕਰ ਰਹੇ ਸੋਨੀ ਗਾਲਿਬ ਨੇ ਮੀਟਿੰਗ ਵਿੱਚ ਸ਼ਾਮਿਲ ਹੋਏ ਅਕਾਲੀ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਦੱਸਿਆ ਕਿ ਇਸ ਸਮੇਂ ਚੋਣ ਮੁਹਿੰਮ ਬਿਲਕੁਲ ਸਹੀ ਦਿਸ਼ਾ ਵੱਲ ਜਾ ਰਹੀ ਹੈ। ਹੁਣ ਤਾਂ ਲੋੜ ਹੈ ਵਿਉਂਤਬੰਦੀ ਕਰਨ ਦੀ ਤਾਂ ਜੋ ਹਰ ਇਲਾਕੇ ਚੋਂ ਇੱਕੋ ਹੀ ਆਵਾਜ਼ ਆਵੇ ਕਿ ਜੇਕਰ ਕਿਸੇ ਨੂੰ ਜਿਤਾਉਣਾ ਹੈ ਤਾਂ ਉਹ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਨੂੰ ਹੀ ਜਿਤਾਉਣਾ ਹੈ। ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 18 ਅਪ੍ਰੈਲ ਦੀ ਲੁਧਿਆਣਾ ਫੇਰੀ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ। ਇਸ ਮੀਟਿੰਗ ’ਚ ਵਿਧਾਇਕ ਹਰੀਸ਼ ਬੇਦੀ, ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਓ.ਪੀ. ਭਾਰਦਵਾਜ, ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਮਨਪ੍ਰੀਤ ਸਿੰਘ ਅਯਾਲੀ, ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਕੁਲਰਾਜ ਸਿੰਘ ਜੋਗੀ, ਚੋਣ ਦਫ਼ਤਰ ਇੰਚਾਰਜ ਸ਼ਿਵਤਾਰ ਸਿੰਘ ਬਾਜਵਾ, ਬੀਬੀ ਕਸ਼ਮੀਰ ਕੌਰ ਸੰਧੂ, ਰਾਜੀਵ ਕਤਨਾ, ਰਮੇਸ਼ ਸ਼ਰਮਾ, ਰਜਤ ਚੋਪੜਾ, ਮੁਕੇਸ਼ ਚੱਡਾ ਆਦਿ ਨੇ ਵੀ ਆਪਣੇ ਵਿਚਾਰ ਅਤੇ ਸੁਝਾਅ ਰੱਖੇ।
ਭਾਜਪਾ ਆਗੂਆਂ ਨੇ ਮੋਰਚੇ ਸੰਭਾਲੇ, ਗਾਲਿਬ ਦੀ ਚੋਣ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਦਾ ਲਿਆ ਫੈਸਲਾ
This entry was posted in ਪੰਜਾਬ.