ਜਿਨੇਵਾ- ਈਰਾਨ ਦੇ ਰਾਸ਼ਟਰਪਤੀ ਅਹਿਮਦੀਨੇਜਾਦ ਦੇ ਭਾਸ਼ਣ ਦੌਰਾਨ ਕਈ ਪ੍ਰਤੀਨਿਧੀ ਆਪਣਾ ਰੋਸ ਜਾਹਿਰ ਕਰਦੇ ਹੋਏ ਸੰੇਮੇਲਨ ਤੋਂ ਬਾਹਰ ਚਲੇ ਗਏ। ਈਰਾਨ ਦੇ ਰਾਸਟਰਪਤੀ ਨੇ ਆਪਣਾ ਭਾਸ਼ਣ ਸ਼ੁਰੂ ਕਰਦੇ ਹੀ ਇਸਰਾਈਲ ਦੇ ਖਿਲਾਫ ਬੋਲਣਾ ਸ਼ੁਰੂ ਕਰ ਦਿਤਾ। ਉਸਨੇ ਇਸਰਾਈਲ ਤੇ ਇਹ ਇਲਜਾਮ ਲਗਾਇਆ ਕਿ ਇਸਰਾਈਲ ਨੇ ਯਹੂਦੀਆਂ ਦੇ ਕਤਲੇਆਮ ਦੇ ਨਾਂ ਤੇ ਇਕ ਦੇਸ਼ ਤੇ ਕਬਜ਼ਾ ਕਰ ਕੇ ਜਾਤੀਵਾਦ ਦੇਸ਼ ਦਾ ਨਿਰਮਾਣ ਕੀਤਾ ਹੈ।
ਇਸਰਾਈਲ ਦੇ ਵਿਰੁਧ ਕੀਤੀਆਂ ਗਈਆਂ ਟਿਪਣੀਆਂ ਤੇ ਭਾਸ਼ਣ ਦੌਰਾਨ ਹੀ ਈਰਾਨੀ ਰਾਸ਼ਟਰਪਤੀ ਦਾ ਵਿਰੋਧ ਹੋਣ ਲਗਾ। ਸੰਮੇਲਨ ਵਿਚ ਹਾਜਿ਼ਰ ਕੁਝ ਲੋਕਾਂ ਵਲੋਂ ਜਾਤੀਵਾਦ ਕਹਿ ਕੇ ਨਾਹਰੇ ਲਗਾਏ ਗਏ। ਉਨ੍ਹਾਂ ਨੂੰ ਮੀਟਿੰਗ ਹਾਲ ਤੋਂ ਬਾਹਰ ਕਰ ਦਿਤਾ ਗਿਆ। ਕੁਝ ਪ੍ਰਤੀਨਿਧੀਆਂ ਨੇ ਇਰਾਨੀ ਰਾਸ਼ਟਰਪਤੀ ਦੇ ਭਾਸ਼ਣ ਦੀ ਤਰੀਫ ਵਿਚ ਤਾੜੀਆਂ ਵਜਾਈਆਂ।
ਜਿਕਰਯੋਗ ਹੈ ਕਿ ਇਸ ਸੰਮੇਲਨ ਬਾਰੇ ਵਿਵਾਦ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਇਸ ਸੰਮੇਲਨ ਨੂੰ ਯਹੂਦੀ ਵਿਰੋਧੀ ਅਤੇ ਪੱਛਮ ਵਿਰੋਧੀ ਦਰਸਾ ਕੇ ਅਮਰੀਕਾ, ਜਰਮਨੀ, ਇਸਰਾਈਲ ਅਤੇ ਆਸਟਰੇਲੀਆ ਨੇ ਪਹਿਲਾਂ ਹੀ ਇਸਦਾ ਬਾਈਕਾਟ ਕਰ ਦਿਤਾ ਸੀ। ਫਰਾਂਸ ਅਤੇ ਬ੍ਰਿਟੇਨ ਇਸ ਸੰਮੇਲਨ ਵਿਚ ਭਾਗ ਲੈ ਰਹੇ ਹਨ। ਕੈਥੋਲਿਕ ਪੋਪ ਬੈਨੇਡਿਕਟ ਨੇ ਇਸ ਸੰਮੇਲਨ ਨੂੰ ਆਪਣਾ ਸਮਰਥਨ ਦਿਤਾ ਹੈ। ਹਿਊਮਨ ਰਾਈਟਸ ਵਾਚ ਨੇ ਕਿਹਾ ਹੈ ਕਿ ਜੋ ਲੋਕ ਇਸ ਦਾ ਬਾਈਕਾਟ ਕਰ ਰਹੇ ਹਨ। ਉਹ ਨਸਲਭੇਦ ਤੋਂ ਪੀੜਤ ਲੋਕਾਂ ਤੋਂ ਮੂੰਹ ਫੇਰ ਰਹੇ ਹਨ।