ਮਜੀਠਾ, ਅੰਮ੍ਰਿਤਸਰ – ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਦੀ ਪ੍ਰੇਰਣਾ ਸਦਕਾ ਅੱਜ ਕ੍ਰਿਸਚਿਅਨ ਫਰੰਟ ਪੰਜਾਬ ਦੇ ਪ੍ਰਧਾਨ ਮਾ: ਤਰਸੇਮ ਮਸੀਹ ਨੇ ਆਪਣੇ ਸੈਕੜੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਨਾਗ ਕਲਾਂ ਵਿਖੇ ਕੀਤੇ ਗਏ ਇਕ ਸਮਾਗਮ ਦੌਰਾਨ ਸ: ਮਜੀਠੀਆ ਨੇ ਮਸੀਹੀ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਮਸੀਹੀ ਭਾਈਚਾਰੇ ਵਲੋਂ ਅਮ੍ਰਿਤਸਰ ਲੋਕ ਸਭਾ ਸੀਟ ਲਈ ਅਕਾਲੀ ਭਾਜਪਾ ਉਮੀਦਵਾਰ ਸ: ਨਵਜੋਤ ਸਿੰਘ ਸਿੱਧੂ ਦੀ ਚੋਣ ਮੁਹਿੰਮ ਵਿਚ ਸ਼ਾਮਿਲ ਹੋ ਜਾਣ ਨਾਲ ਸ: ਸਿੱਧੂ ਦੀ ਵਡੀ ਲੀਡ ਨਾਲ ਜਿਤ ਯਕੀਨੀ ਬਣ ਗਈ ਹੈ। ਸ: ਮਜੀਠੀਆ ਨੇ ਕਾਂਗਰਸ ਪਾਰਟੀ ’ਤੇ ਰਾਜ ਨੂੰ ਵਿਕਾਸ ਦੀ ਥਾਂ ਤਬਾਹੀ ਵਲ ਲੈ ਜਾਣ ਦਾ ਦੋਸ਼ ਲਾਉਦਿਆਂ ਕਿਹਾ ਕਿ ਪੰਜਾਬ ਦੇ ਮਿਹਨਤਕਸ਼ ਲੋਕ ਇਸ ਵਾਰ ਕਾਂਗਰਸ ਨੂੰ ਮੁੜ ਸਿਰ ਚੁੱਕਣ ਮੌਕਾ ਨਹੀਂ ਦੇਣਗੇ ਅਤੇ ਮਾਝੇ ਵਿਚੋਂ ਕਾਂਗਰਸ ਦਾ ਸਫਾਇਆ ਕਰ ਦੇਣਗੇ। ਉਹਨਾਂ ਕਿਹਾ ਕਿ ਕਾਂਗਰਸ ਮੁੱਦਾ ਹੀਣ ਤੇ ਦਿਸ਼ਾ ਹੀਣ ਪਾਰਟੀ ਹੈ ਜਿਸ ਨੇ 62 ਸਾਲਾਂ ਦੇ ਰਾਜ ਕਾਲ ਦੌਰਾਨ ਦੇਸ਼ ਵਾਸੀਆਂ ਨੂੰ ਖੂਬ ਲੁੱਟਿਆ ਤੇ ਕੁੱਟਿਆ ਹੈ। ਉਹਨਾਂ ਕਿਹਾ ਕਿ ਇਕ ਪਾਸੇ ਕਾਂਗਰਸ ਦੇ 60 ਸਾਲ ਦਾ ਵਿਨਾਸ਼ ਅਤੇ ਇਕ ਪਾਸੇ ਬਾਦਲ ਸਰਕਾਰ ਦੀਆਂ 2 ਸਾਲਾਂ ਦੀਆਂ ਪ੍ਰਾਪਤੀਆਂ ਹਨ। ਇਸ ਮੌਕੇ ਫਰੰਟ ਦੇ ਪ੍ਰਧਾਨ ਮਾ: ਤਰਸੇਮ ਮਸੀਹ ਨੇ ਕਿਹਾ ਕਿ ਉਹਨਾਂ ਨੇ ਸ: ਮਜੀਠੀਆ ਦੀਆਂ ਵਿਕਾਸ ਮੁਖੀ ਤੇ ਭਾਈਚਾਰਕ ਸਾਂਝਾਂ ਨੂੰ ਮਜਬੂਤ ਕਰਨ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੁੰਦਿਆਂ ਅਕਾਲੀ ਦਲ ਵਿਚ ਸ਼ਾਮਿਲ ਹੋਏ ਹਨ। ਉਹਨਾਂ ਦੋਸ਼ ਲਾਇਆ ਕਿ ਕਾਂਗਰਸ ਗਰੀਬ, ਦਲਿਤ ਅਤੇ ਮਸੀਹੀ ਭਾਈਚਾਰੇ ਨੂੰ ਗੁਮਰਾਹ ਕਰਦਿਆਂ ਵੋਟਾਂ ਬਟੋਰਨ ਤੱਕ ਹੀ ਸੀਮਿਤ ਰਹੀ ਹੈ। ਜਦੋਂ ਕਿ ਇਹਨਾਂ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਤੇ ਸਹੂਲਤਾਂ ਅਕਾਲੀ ਸਰਕਾਰਾਂ ਸਮੇਂ ਹੀ ਯਕੀਨੀ ਬਣੀਆਂ ਹਨ। ਸ: ਮਜੀਠੀਆ ਨੇ ਇਹ ਵੀ ਕਿਹਾ ਕਿ ਕੇਂਦਰ ਵਿਚ ਭਾਜਪਾ ਅਕਾਲੀ ਸਰਕਾਰ ਆਉਣ ’ਤੇ ਦਲਿਤ ਤੇ ਮਸੀਹੀ ਭਾਈਚਾਰੇ ਦੇ ਸਾਰੇ ਮਸਲੇ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਜਿੰਦਰ ਕੁਮਾਰ ਪਪੂ ਜੈਤੀਪੁਰ, ਸਲਵੰਤ ਸਿੰਘ ਸੇਠ, ਹਰਵਿੰਦਰ ਸਿੰਘ ਪੱਪੂ, ਹਰਪੁਭਿੰਦਰ ਸਿੰਘ ਸ਼ਾਹ, ਬਲਬੀਰ ਸਿੰਘ ਨਾਗ, ਕਿਰਪਾਲ ਸਿੰਘ ਰਾਮਦਿਵਾਲੀ, ਪ੍ਰੋ: ਸਰਚਾਂਦ ਸਿੰਘ, ਸਰਵਨ ਸਿੰਘ ਧੁੰਨ, ਕੁਲਵਿੰਦਰ ਸਿੰਘ ਧਾਰੀਵਾਲ, ਅਸ਼ੋਕ ਕੁਮਾਰ ਮੈਬਰ, ਹਮੀਦ ਮਸੀਹ, ਵਿਲਿਅਮ ਮਸੀਹ, ਮੁਖਤਾਰ ਮਸੀਹ ਤੇ ਸੋਨਾ ਮਸੀਹ ਵੀ ਮੌਜੂਦ ਸਨ।
ਪੰਜਾਬ ਦੇ ਮਿਹਨਤਕਸ਼ ਲੋਕ ਕਾਂਗਰਸ ਨੂੰ ਮੁੜ ਸਿਰ ਚੁੱਕਣ ਦਾ ਮੌਕਾ ਨਹੀਂ ਦੇਣਗੇ – ਮਜੀਠੀਆ
This entry was posted in ਪੰਜਾਬ.