ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ (ਬਾਦਲ), ਬੀ.ਜੇ.ਪੀ. ਅਤੇ ਕਾਂਗਰਸ ਨੂੰ ਇਕੋ ਥੈਲੀ ਦੇ ਚੱਟੇ ਬੱਟੇ ਕਹਿੰਦੇ ਹੋਇਆਂ ਕਿਹਾ ਕਿ ਇੱਕ ਪਾਰਟੀ ਪਾਲਿਸੀ ਘੱਟ ਗਿਣਤੀਆਂ ਦੇ ਖਿਲਾਫ ਬਣਾਉਂਦੀ ਹੈ ਦੂਜੀ ਉਸਨੂੰ ਲਾਗੂ ਕਰਦੀ ਹੈ ਅਤੇ ਤੀਜੀ ਪਾਰਟੀ ਬਾਦਲ ਦੋਸ਼ੀਆਂ ਨੂੰ ਬਚਾਉਣ ਲਈ ਪੂਰੀ ਵਾਹ ਲਾਉਂਦੀ ਹੈ। ਸਰਦਾਰ ਮਾਨ ਨੇ ਕਾਂਗਰਸ ਦੀ ਹਾਈ ਕਮਾਂਡ ਵੱਲੋਂ ਖਾਸ ਕਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਪ੍ਰੈੱਸ ਦੇ ਨਾਮ ਦਿੱਤੇ ਬਿਆਨ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਸੀਬੀਆਈ ਵੱਲੋਂ ਟਾਈਟਲਰ ਨੂੰ ਕਲੀਨ ਚਿਟ ਦੇਣ ਬਾਬਤ ਉਹਨਾਂ ਨੂੰ ਕੋਈ ਪਤਾ ਨਹੀਂ ਲੱਗਾ ! ਇਹ ਦਰਸਾਉਂਦਾ ਹੈ ਕਿ ਉਹ ਤਾਂ ਸਿਰਫ ਕਾਂਗਰਸ ਦੀ ਸਟੈਂਪ ਹਨ ਨਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਜੋ ਕੁੱਝ ਕਾਂਗਰਸੀ ਆਗੂ ਉਹਨਾਂ ਦੇ ਜ਼ਹਿਨ ਵਿਚ ਪਾ ਦਿੰਦੇ ਹਨ ਉਹੀ ਕੁਝ ਪ੍ਰਧਾਨ ਮੰਤਰੀ ਕਰਦੇ ਹਨ। ਜਗਦੀਸ਼ ਟਾਈਟਲਰ ਵੱਲੋਂ 84 ਕਤਲੇਆਮ ਬਾਬਤ ਸ਼ਰਮਸ਼ਾਰ ਹੁੰਦਿਆਂ ਜੋ ਅਫਸੋਸ ਪ੍ਰਗਟ ਕੀਤਾ ਜਾ ਰਿਹਾ ਹੈ ਸਿਰਫ ਮਗਰਮੱਛ ਦੇ ਹੰਝੂ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਨੀਤੀ ਨੂੰ ਸਪੱਸ਼ਟ ਕਰਦਿਆਂ ਸਰਦਾਰ ਮਾਨ ਨੇ ਕਿਹਾ ਕਿ ਅਸੀਂ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਹਲਫੀਆ ਬਿਆਨ ਪੀੜਤ ਪਰਿਵਾਰਾਂ ਤੋਂ ਇਕੱਠੇ ਕਰਕੇ ਸੁਪਰੀਮ ਕੋਰਟ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਭੇਜੇ ਸਨ ਜਿਹਨਾਂ ਦੇ ਨਾਲ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਜਨਹਿਤ ਪਟੀਸ਼ਨਾਂ ਤਹਿਤ ਕੇਸ ਖੁਲ੍ਹ ਗਏ ਸਨ ਪਰੰਤੂ ਬਾਦਲ ਸਰਕਾਰ ਨੇ ਉਹਨਾਂ ਸਭ ਲੋਕਾਂ ਨੂੰ ਜਿਹਨਾਂ ਨੇ ਬਿਆਨ ਦੋਸ਼ੀਆਂ ਖਿਲਾਫ ਦਿੱਤੇ ਸਨ ਵਰਗਲਾ ਕੇ ਵਾਪਿਸ ਕਰਵਾ ਦਿੱਤਾ ਅਤੇ ਦੋਸ਼ੀ ਪੁਲਿਸ ਅਫਸਰਾਂ ਦੇ ਹੱਕ ਵਿੱਚ ਡਟ ਕੇ ਖੜੋ ਗਈ ਅਤੇ ਹੁਣ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਵੀ ਸੁਮੇਧ ਸੈਣੀ ਦੇ ਹੱਕ ਵਿੱਚ ਭੁਗਤ ਰਹੀ ਹੈ। ਇਹ ਕਿਵੇਂ ਸਿੱਖਾਂ ਦੀ ਖੈਰ ਖੁਆਹ ਹੋ ਸਕਦੀ ਹੈ ਅਤੇ ਦੂਜੇ ਪਾਸੇ 84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਇੱਥੋਂ ਤੱਕ ਕਿ ਫਾਂਸੀਆਂ ਲਾਉਣ ਦੀ ਗੱਲ ਕਰਦੀ ਹੈ ਪਰੰਤੂ ਦੂਜੇ ਪਾਸੇ ਸਿੱਖ ਨੌਜਆਨਾਂ ਦਾ ਘਾਣ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਨਿਵਾਜ ਰਹੀ ਹੈ। ਇਹ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਕਲੰਕਤ ਕਰਨ ਤੇ ਤੁਲੀ ਹੋਈ ਹੈ।
ਸਰਦਾਰ ਮਾਨ ਨੇ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਸਿੱਖਾਂ ਨਾਲ ਐਨਾ ਹੀ ਹੇਜ ਹੈ ਤਾਂ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕੇਸ ਦੀ ਪੈਰਵਾਈ ਕਿਉਂ ਨਾ ਕਰਵਾਈ? ਸੁਮੇਧ ਸੈਣੀ ਦੇ ਪੱਖ ਵਿੱਚ ਕਿਉਂ ਡਟ ਕੇ ਖੜੋ ਗਏ ਹਨ।ਕਿਉਂ ਉਹਨਾਂ ਲੋਕਾਂ ਦੇ ਹਲਫੀਆ ਬਿਆਨ ਗੁਮਰਾਹਕੁੰਨ ਪ੍ਰਚਾਰ ਕਰਕੇ ਵਾਪਿਸ ਕਰਵਾਏ ਜਿਹਨਾਂ ਦੇ ਬੱਚੇ ਪੁਲਿਸ ਦੁਆਰਾ ਖਾੜਕੂ ਕਹਿ ਕੇ ਮਾਰ ਮੁਕਾ ਦਿੱਤੇ ਗਏ ਸਨ।
ਸਰਦਾਰ ਮਾਨ ਨੇ ਕਿਹਾ ਇੱਥੇ ਹੀ ਬੱਸ ਨਹੀ ਅਕਾਲੀ ਦਲ ਬਾਦਲ ਦੇ ਲੀਡਰ ਸੁਰਜੀਤ ਸਿੰਘ ਦੁੱਗਰੀ 84 ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਰੈੱਡ ਕਾਰਡ ਬਣਾਉਣ ਲਈ ਵੀ ਰਿਸ਼ਵਤ ਲੈਂਦੇ ਹਨ ਭਲਾਂ ਇਹ ਅਕਾਲੀ ਦਲ (ਬਾਦਲ) ਕਿਸ ਮੂੰਹ ਨਾਲ 84 ਸਿੱਖ ਕਤਲੇਆਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਕਰ ਸਕਦਾ ਹੈ ਜਦੋਂ ਕਿ ਸੱਚਾਈ ਇਹ ਹੈ ਕਿ ਅਕਾਲੀ ਦਲ (ਬਾਦਲ) ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਸਾਂਝ ਪਾ ਕੇ ਸਿੱਖੀ ਅਸੂਲਾਂ ਨੂੰ ਛਿੱਕੇ ਟੰਗਿਆ ਹੋਇਆ ਹੈ ਸਿਰਫ ਵੋਟਾਂ ਤੱਕ ਹੀ ਇਹਨਾਂ ਨੂੰ ਸਿੱਖ ਮਸਲੇ ਯਾਦ ਰਹਿੰਦੇ ਹਨ ਜਦੋਂ ਲੋਕਾਂ ਦੀਆਂ ਵੋਟਾਂ ਮਿਲ ਜਾਂਦੀਆਂ ਹਨ ਫਿਰ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਜਾਂ ਰਿਸ਼ਵਤ ਦੇਣ ਵਾਲਿਆਂ ਦੀ ਹੀ ਗੱਲ ਸੁਣੀ ਜਾਂਦੀ ਹੈ।
ਭਾਰਤੀ ਜਨਤਾ ਪਾਰਟੀ ਉਤੇ ਵਰ੍ਹਦਿਆਂ ਸਰਦਾਰ ਮਾਨ ਨੇ ਕਿਹਾ ਕਿ ਇਹ ਇੱਕ ਮੁਤੱਸਵੀ ਪਾਰਟੀ ਹੈ ਅਤੇ ਜਿਸਦੇ ਪ੍ਰਧਾਨ ਐਲ.ਕੇ.ਅਡਵਾਨੀ ਨੇ ਕਿਹਾ ਸੀ ਕਿ ਉਪਰੇਸ਼ਨ ਬਲਿੳਸਟਾਰ (ਦਰਬਾਰ ਸਾਹਿਬ ਉਤੇ ਫੌਜੀ ਹਮਲਾ) ਛੇ ਮਹੀਨੇ ਪਹਿਲਾਂ ਹੋਣਾ ਚਾਹੀਦਾ ਸੀ। ਇੱਥੇ ਹੀ ਬੱਸ ਨਹੀਂ ਉਹਨਾਂ ਨੇ ਆਪਣੀ ਕਿਤਾਬ “ਮਾਈ ਕਾਉਂਟਰੀ ਮਾਈ ਲਾਈਫ” ਵਿੱਚ ਸ਼ਰੇਆਮ ਫੌਜੀ ਹਮਲੇ ਨੂੰ ਦਰੁਸਤ ਕਿਹਾ ਸੀ। ਇਸੇ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਨੇ ਇੰਦਰਾ ਗਾਂਧੀ ਨੂੰ ਦੁਰਗਾ ਮਾਤਾ ਦਾ ਖਿਤਾਬ ਦੇ ਕੇ ਨਿਵਾਜਿਆ ਸੀ। ਇੱਥੇ ਹੀ ਬੱਸ ਨਹੀ ਹੁਣ ਵਰੁਣ ਗਾਂਧੀ ਜੋ ਕਿ ਇਸੇ ਪਾਰਟੀ ਦਾ ਪੀਲੀਭੀਤ ਤੋਂ ਲੋਕ ਸਭਾ ਲਈ ਉਮੀਦਵਾਰ ਹੈ ਨੇ ਸਿੱਖਾਂ ਅਤੇ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਦੇ ਹੋਏ ਇਹਨਾਂ ਦੀ ਨਸਬੰਦੀ ਕਰਨ ਦਾ ਸ਼ਰੇਆਮ ਐਲਾਨ ਕੀਤਾ ਹੈ।
ਸਰਦਾਰ ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਨੀਤੀ ਨੂੰ ਹੋਰ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਅਸੀਂ ਹਮੇਸ਼ਾਂ ਘੱਟ ਗਿਣਤੀਆਂ ਦੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਹੈ ਕਦੇ ਪੰਥ ਨੂੰ ਪਿੱਠ ਨਹੀਂ ਵਿਖਾਈ। ਜਦੋਂ ਸ਼ਹੀਦਾਂ ਦੇ ਭੋਗਾਂ ਉਤੇ ਵੀ ਅਕਾਲੀ ਦਲ (ਬਾਦਲ) ਵਾਲੇ ਨਹੀਂ ਸੀ ਜਾਂਦੇ ਸਿਰਫ ਅਕਾਲੀ ਦਲ (ਅੰਮ੍ਰਿਤਸਰ) ਪਹਿਲ ਅਕਾਲੀ ਦਲ (ਮਾਨ) ਹੀ ਜਾਂਦਾ ਸੀ ਹਮੇਸ਼ਾਂ ਦੁੱਖ ਵੇਲੇ ਸਿੱਖ ਕੌਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੈ। ਪਾਰਲੀਮੈਂਟ ਦੀਆਂ ਸਪੀਚਾਂ ਦੀਆਂ ਵੀਡੀਓ ਤੋਂ ਸਾਫ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਸਿੱਖ ਮੁਦਿਆ ਅਤੇ ਘੱਟ ਗਿਣਤੀਆਂ ਦੇ ਹੱਕਾਂ ਲਈ ਆਵਾਜ ਉਠਾਈ ਗਈ ਸੀ। ਸਰਦਾਰ ਮਾਨ ਨੇ ਅਖੀਰ ਵਿੱਚ ਕਿਹਾ ਕਿ ਅਕਾਲੀ ਦਲ (ਅੰਮ੍ਰਿਤਸਰ) ਸਹੀ ਮਾਅਨਿਆ ਵਿਚ ਸਿੱਖ ਕੌਮ ਦੀ ਅਤੇ ਘੱਟ ਗਿਣਤੀਆਂ ਦੇ ਹੱਕਾਂ ਦੀ ਤਰਜ਼ਮਾਨੀ ਕਰਦਾ ਹੈ ਅਤੇ ਇਹ ਚੋਣਾਂ ਵੀ ਇਨਸਾਫ ਲੈਣ ਲਈ ਲੜੀਆਂ ਜਾ ਰਹੀਆਂ ਅਤੇ ਹਿੰਦੁਸਤਾਨ ਅਤੇ ਪਾਕਿਸਤਾਨ ਵਿਚਕਾਰ ਇੱਕ “ਬਫਰ ਸਟੇਟ” ਅਜ਼ਾਦ ਖਿੱਤਾ ਬਣਾਉਣ ਲਈ ਮੰਗ ਕੀਤੀ ਜਾ ਰਹੀ ਹੈ।
ਉਹਨਾਂ ਨੇ ਸਿੱਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ (ਪੀਰਮੁਹੰਮਦ) ਵੱਲੋਂ ਸਿੱਖਾਂ ਨੂੰ ਇਨਸਾਫ ਦਿਵਾਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਇਹਨਾਂ ਸੰਸਥਾਵਾਂ ਦਾ ਭਰਪੂਰ ਸਹਿਯੋਗ ਦਿੱਤਾ ਜਾਵੇਗਾ।