ਇਸਲਾਮਾਬਾਦ- ਪਾਕਿਸਤਾਨ ਵਿਚ ਸਤਾਧਾਰੀ ਪਾਰਟੀ ਨੇ ਪੰਜਾਬ ਵਿਚ ਸ਼ਰੀਫ ਭਰਾਵਾਂ ਦੀ ਪਾਰਟੀ ਨਾਲੋਂ ਵੱਖ ਹੋਣ ਦਾ ਨਿਰਣਾ ਲਿਆ ਹੈ। ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਅਗਵਾਈ ਵਾਲੀ ਸੰਘ ਸਰਕਾਰ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਇਹ ਕਦਮ ਚੁਕਿਆ ਹੈ। ਇਹ ਫੈਸਲਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਅਤੇ ਗਿਲਾਨੀ ਵਿਚ ਹੋਈ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਸ ਹਫਤੇ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਇਕ ਬੈਠਕ ਬੁਲਾਈ ਜਾਵੇਗੀ । ਜਿਸ ਵਿਚ ਪੀਐਮਐਲਐਨ ਦੇ ਸੰਘ ਸਰਕਾਰ ਵਿਚ ਸ਼ਾਮਿਲ ਨਹੀਂ ਹੋਣ ਬਾਰੇ ਸਲਾਹ ਮਸ਼ਵਰਾ ਕੀਤਾ ਜਾਵੇਗਾ।
ਨਵਾਜ ਸ਼ਰੀਫ ਨੇ ਪਿਛਲੇ ਦਿਨੀਂ ਕੇਂਦਰ ਵਿਚ ਪੀਪੀਪੀ ਦੀ ਅਗਵਾਈ ਵਾਲੀ ਸਰਕਾਰ ਵਿਚ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿਤਾ ਸੀ। ਸ਼ਰੀਫ ਨੇ ਇਹ ਕਿਹਾ ਸੀ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਨੂੰ ਬਾਹਰੋਂ ਸਮਰਥਣ ਦੇਵੇਗੀ। ਗਿਲਾਨੀ ਅਤੇ ਜਰਦਾਰੀ ਵਿਚਕਾਰ ਹੋਈ ਮੀਟਿੰਗ ਵਿਚ ਰਾਜਨੀਤਕ ਹਾਲਾਤ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਜਰਦਾਰੀ ਨੇ ਜਪਾਨ ਅਤੇ ਚੀਨ ਦੀ ਯਾਤਰਾ ਬਾਰੇ ਵੀ ਗਿਲਾਨੀ ਨੂੰ ਜਾਣਕਾਰੀ ਦਿਤੀ।ਦੋਵਾਂ ਨੇਤਾਵਾਂ ਨੇ ਉਸ ਪੱਤਰ ਦੇ ਸਬੰਧ ਵਿਚ ਵੀ ਸਲਾਹ ਮਸ਼ਵਰਾ ਕੀਤਾ ਗਿਆ ਜਿਸ ਵਿਚ ਸਰਕਾਰ ਤੋਂ ਚਾਰਟਰ ਆਫ ਡੈਮੋਕਰੇਸੀ ਨੂੰ ਲਾਗੂ ਕਰਨ ਲਈ ਕਨੂੰਨੀ ਕਦਮ ਚੁਕਣ ਦੀ ਅਪੀਲ ਕੀਤੀ ਗਈ ਹੈ। ਗਿਲਾਨੀ ਨੇ ਇਸ ਸਬੰਧੀ ਚੁਕੇ ਗਏ ਕਦਮਾਂ ਬਾਰੇ ਜਰਦਾਰੀ ਨੂੰ ਜਾਣਕਾਰੀ ਦਿਤੀ। ਇਸ ਵਿਚ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਘੱਟ ਕਰਨ ਦੀ ਗੱਲ ਕੀਤੀ ਗਈ ਹੈ।