ਮਨੁੱਖ ਸਦੀਆਂ ਤੋ ਲੈ ਕੇ ਮਨੁੱਖ ਉਤੇ ਜੁਲਮ ਕਰਦਾ ਆ ਰਿਹਾ ਹੈ । ਕਿਸੇ ਨੇ ਆਪਣਾਂ ਨਾਨ ਜਪਾਉਣ ਲਈ ਜੁਲਮ ਕੀਤਾ ਕਿਸੇ ਨੇ ਸਾਰੀ ਦੁਨੀਆ ਤੇ ਆਪਣਾ ਰਾਜ ਕਰਨ ਲਈ ਬੇ-ਕਸੂਰ ਲੋਕਾਂ ਤੇ ਕਹਿਰ ਢਾਇਆ । ਪਰ ਹਿੰਦੋਸਤਾਨ ਵਿੱਚ ਪਦਾਰਥਿਕ ਭੁੱਖ ਨੇ ਇਨਸਾਨ ਕੋਲੋ ਇਨਸਾਨ ਉਤੇ ਜੁਲਮ ਕਰਵਾਇਆ । ਚਤਰ ਲੋਕਾਂ ਨੇ ਆਮ ਜਨਤਾ ਨੂੰ ਲੁਟਣ ਲਈ ਅਤੇ ਉਹਨਾਂ ਉਪਰ ਆਪਣੀ ਹੈਂਕੜ ਚਲਾਉਣ ਲਈ ਜਨਤਾ ਨੂੰ ਚਾਰ ਭਾਗਾਂ ਵਿੱਚ ਵੰਡ ਦਿੱਤਾ। ਇਸ ਵੰਡ ਨੂੰ ਬ੍ਰਾਹਮਣ, ਛੱਤਰੀ (ਖੱਤਰੀ) ਵੈਸ਼ ਤੇ ਸੂਦਰ ਦਾ ਨਾਮ ਦੇ ਦਿੱਤਾ ਅਤੇ ਉਹਨਾਂ ਦੇ ਕੰਮਾਂ ਦੀ ਵੰਡ ਵੀ ਕਰ ਦਿੱਤੀ । ਇਹ ਚਤਰ ਲੋਕ ਆਪਣੇ ਆਪ ਨੂੰ ਬਰ੍ਹਮਾਂ (ਭਗਵਾਨ) ਦੀ ਉਲਾਦ ਆਖ ਕੇ ਸਿਰਮੌਰ ਬਣ ਬੈਠੇ । ਇਹਨਾਂ ਦਾ ਕੰਮ ਸੀ ਦਾਨ ਲੈਣਾਂ,ਯੱਗ ਕਰਵਾਉਣੇ (ਲੋਕਾਂ ਕੋਲੋਂ), ਵੇਦ ਪੜਨੇ,ਵੇਦ ਪੜਾਉਣੇ ਸਿਰਫ ਆਪਣੀ ਬ੍ਰਾਹਮਣ ਬਰਾਦਰੀ ਨੂੰ। ਦੂਸਰੀ ਬਰਾਦਰੀ ਨੂੰ ਇਸ ਕਰਕੇ ਨਹੀਂ ਸੀ ਪੜਨ ਦਿੱਤਾ ਜਾਦਾ । ਕਿਧਰੇ ਉਹ ਲੋਕ ਪੜ ਕੇ ਸੂਝਵਾਨ ਨਾਂ ਹੋ ਸਕਣ। ਇਹਨਾਂ ਨੇ ਆਪਣੇ ਆਪ ਨੂੰ ਪੂਜਯ ਕੌਮ ਦਾ ਖਿਤਾਬ ਦੇ ਲਿਆ । ੲਹ ਲੋਕ ਚੰਦਨ ਰੱਗੜ ਕੇ ਮੱਥੇ ਵਿੱਚ ਤਿਲਕ ਲਾਉਣ ਲੱਗੇ ਤਾਂ ਜੋ ਇਹਨਾਂ ਦੇ ਉਤਮ ਹੋਣ ਦਾ ਦੂਸਰੇ ਨੂੰ ਬਿੰਨਾਂ ਦੱਸਿਆਂ ਹੀ ਪਤਾ ਲੱਗ ਜਾਵੇ ਕਿ ਇਹ ਬ੍ਰਾਹਮਣ ਜਾਤ ਦਾ ਹੈ ।
ਜੋ ਲੋਕ ਤਾਕਤਵਰ ਤੇ ਸੂਰਵੀਰ ਸਨ ਉਹਨਾਂ ਨੂੰ ਖੱਤਰੀਦਾ ਨਾਮ ਦਿਤਾ ।ਬਲਵਾਨ ਪੁਰਸ਼ਾਂ ਤੋ ਲੋਕ ਸਦਾ ਡਰਦੇ ਹਨ । ਇਸ ਲਈ ਇਹਨਾਂ ਨੇ ਉਹਨਾਂ ਨੂੰ ਆਪਣੀਆਂ ਬਾਹਾਂ ਦੱਸ ਕੇ ਵਡਿਆਇਆ ਤਾਂ ਜੋ ਉਹ ਇਹਨਾਂ ਦੀ ਰਾਖੀ ਵੀ ਕਰਨ ।
ਖੇਤੀ ਬਾੜੀ ਕਰਨ ਵਾਲੇ ਅਤੇ ਵਿਉਪਾਰੀ ਨੂੰ ਵੈਸ਼ ਦਾ ਨਾਮ ਦਿੱਤਾ ।
ਬਾਕੀ ਰਹਿੰਦੇ ਲੋਕਾਂ ਨੂੰ ਸੂਦਰ ਦਾ ਨਾਮ ਦਿੱਤਾ । ਇਹਨਾਂ ਲੋਕਾਂ ਨੂੰ ਉਪਰਲੀਆਂ ਤਿੰਨਾਂ ਸ੍ਰੈਣੀਆਂ ਦੀ ਹਰ ਪ੍ਰਕਾਰ ਦੀ ਸੇਵਾ ਕਰਨ ਦੀ ਜੁੰਮੇਵਾਰੀ ਸੌਪੀ ਗਈ । ਇਹਨਾਂ ਬਰਾਹਮਣਾਂ ਨੇ ਦਸਾਂ ਨੌਹਾਂ ਦੀ ਕ੍ਰਿਤ ਕਰਨ ਵਾਲੇ ਨਾਈ, ਛੀਂਬੇ,ਜੁਲਾਹੇ,ਘੁਮਾਰ,ਚਮਾਰ ,ਲੁਹਾਰ ਤੇਹੋਰ ਇਸ ਤਰਾਂ ਦੇ ਹੱਥੀ ਕੰਮ ਕਰਨ ਵਾਲਿਆਂ ਦਾ ਜਿੰਨਾਂ ਵੀ ਹੋ ਸਕਿਆ ਇਨਾਂ ਨੇ ਨਰਾਦਰ ਕੀਤਾ । ਇਹਨਾਂ ਨੇ ਤਾਂ ਉਹਨਾਂ ਦੀ ਰਹਾਇਸ ਵੀ ਆਪਣੇ ਤੋ ਦੂਰ ਕਰਵਾ ਦਿੱਤੀ ਸੀ ।ਜੇ ਕਿਸੇ ਸ਼ੂਦਰ ਨੇ ਇਹਨਾਂ ਦੀ ਵਸੋਂ ਵਾਲੇ ਵਿੱਚੋਂ ਲੰਘਣਾ ਹੁੰਦਾ ਤਾਂ ਉਸ ਨੂੰ ਟੱਲੀ ਖੜਕਾਉਣੀ ਪੈਦੀ ਸੀ ਤਾਂ ਜੋ ਕੋਈ ਉਸ ਨਾਲ ਲੱਗ ਕੇ ਕੋਈ ਬ੍ਰਾਹਮਣ ਭਰਿਸ਼ਟ ਨਾਂ ਹੋ ਜਾਵੇ ।ਜੇ ਵੇਦ ਪੜ੍ਹਦੇ ਬ੍ਰਾਹਮਣ ਦੀ ਅਵਾਜ਼ ਕਿਸੇ ਸ਼ੂਦਰ ਦੇ ਕੰਨੀ ਪੈ ਜਾਵੇ ਤਾਂ ਇਹ ਲੋਕ ਉਸ ਦੇ ਕੰਨਾਂ ਵਿੱਚ ਸਿੱਕਾ ਢਾਲਣ ਤੋ ਵੀ ਗੁਰੇਜ ਨਹੀਂ ਸਨ ਕਰਦੇ ।ਤਾਂ ਕਿ ਅੱਗੇ ਤੋਂ ਲੋਕ ਇਹਨਾਂ ਤੋ ਡਰਦੇ ਰਹਿਣ । ਇਹ ਲੋਕ ਨਰ ਸਮੇਧ ਯੱਗ ਕਰਨ ਦੀ ਆੜ ਵਿੱਚ ਹਜਾਰਾਂ ਲੋਕਾਂ ਦੀ ਬਲੀ ਦੇਣ ਲੱਗੇ ਵੀ ਕਿਸੇ ਤਰਾਂ ਦਾ ਖੌਫ ਨਹੀਂ ਸੀ ਖਾਂਦੇ ,ਸਗੋਂ ਇਸ ਦੇ ਉਲਟ ਖੁਸ਼ੀ ਮਨਾਉਦੇ ਸਨ ।
ਜਿਥੇ ਕਿਰਤੀ ਕਾਮੇ ਨੂੰ ਅਛੂਤ ਆਖ ਕੇ ਉਸ ਨਾਲ ਪਸੂਆਂ ਵਰਗਾ ਵਿਹਾਰ ਕੀਤਾ ਜਾਵੇ ਅਤੇ ਉਸ ਦੇ ਵਿਪਰੀਤ ਪਸੂ ਨੂੰ ਪੂਜਣ ਯੋਗ ਆਖ ਕੇ ਉਸ ਦੀ ਪੂਜਾ ਕਰਵਾਈ ਜਾਵੇ । ਜਿਥੇ ਕਿਰਤੀ ਨਾਲ ਗੁਲਾਮਾ ਵਰਗਾ ਵਿਵਹਾਰ ਕੀਤਾ ਜਾਵੇ । ਉਸ ਦੇਸ਼ ਦਾ ਗੁਲਾਮ ਹੋ ਜਾਣਾ ਤੇ ਗਰੀਬੀ ਦੀ ਸਤਾ ਤੇ ਪਹੁੰਚਣਾ ਸੁਭਾਵਕ ਹੀ ਹੈ ।
ਬ੍ਰਾਹਮਣਾਂ ਨੇ ਝੂਠੀਆਂ ਮਨ ਘੜਤ ਕਹਾਣੀਆਂ ਘੜ ਘੜ ਕੇ ਇਨੀ ਦਲ ਦਲ ਪੈਦਾ ਕਰ ਦਿੱਤੀ ਕਿ ਆਮ ਜਨਤਾਂ ਇਸ ਵਿੱਚ ਮੱਲੋ ਮੱਲੀ ਧੱਸੀ ਜਾ ਰਹੀ ਸੀ । ਪੱਥਰਾਂ ਨੂੰ ਪੂਜਣਾਂ, ਮੂਰਤੀਆਂ ਨੂੰ ਪੂਜਣਾਂ ,ਭੂਤਾਂ ਪ੍ਰੇਤਾਂ ਦੀਆਂ ਜੂਨੀਆਂ ਦੇ ਡਰ ਦੇ ਕੇ ਭੋਲੇ ਭਾਲੇ ਲੋਕਾਂ ਨੂੰ ਲੁਟਣਾਂ ਆਮ ਜਿਹੀ ਗੱਲ ਸੀ ।ਪਿੱਪਲ ਤੇ ਬੋਹੜ ਦੇ ਦਰਖਤਾਂ ਨੂੰ ਪੂਜਣ ਯੋਗ ਆਖ ਕੇ ਉਸ ਦਾ ਬਾਲਣ ਆਮ ਜਨਤਾ ਲਈ ਬਾਲਣਾ ਪਾਪ ਦੱਸ ਕੇ ਉਹ ਬਾਲਣ ਬ੍ਰਾਂਹਮਣ ਨੂੰ ਦਾਨ ਕਰਨਾਂ ਪੁੰਨ ਬਣਾ ਦਿੱਤਾ।ਕਿਉ ਕਿ ਪਿੱਪਲ ਤੇ ਬੋਹੜ ਦੇ ਦਰਖਤ ਨੂੰ ਕੋਈ ਕੰਡਾ ਨਹੀਂ ਹੁੰਦਾ।ਦੁਸਰਾ ਇਸ ਨੁੰ ਅੱਗ ਬਹੁਤ ਜਲਦੀ ਲੱਗਦੀ ਹੈ ।
ਬ੍ਰਾਹਮਣ ਨੂੰ ਗਊ ਵੱਛਾ ਦਾਨ ਕਰਨੇ ਬਹੁਤ ਵੱਡਾ ਪੁੰਨ ਦੱਸਿਆ ਗਿਆ । ਇਹ ਕਹਿੰਦੇ ਸਨ ਕਿ ਗਊ ਤੇ ਵੱਛਾ ਦਾਨ ਕਰਤਾ ਨੂੰ ਆਪਣੀ ਪੂਛ ਫੜਾ ਕੇ ਨਰਕਾਂ ਦੀ ਨਦੀ ਤੋ ਪਾਰ ਲੰਘਾ ਕੇ ਸਵਰਗਾਂ ਵਿੱਚ ਛੱਡ ਕੇ ਆਉਦੇ ਹਨ । ਇਸ ਗਊ ਦਾ ਪਾਲਣ ਪੋਸ਼ਣ ਭਾਵੇਂ ਸੂਦਰ ਦੇ ਘਰ ਹੀ ਹੋਇਆ ਹੋਵੇ ,ਇਸ ਨਾਲ ਬ੍ਰਾਹਮਣ ਜੀ ਨੂ ਕੋਈੰ ਇਤਰਾਜ ਨਹੀਂ ਸੀ । ਉਸ ਨੂੰ ਦੁੱਧ ਪੀਣ ਲਈ ਗਾਂ ਅਤੇ ਵੱਛਾ ਜੱਟ ਨੂੰ ਵੇਚ ਕੇ ਪੈਸੇ ਵੱਟਣ ਨਾਲ ਮਤਲਬ ਸੀ । ਕਿਉ ਕਿ ਗਊ ਨੂੰ ਇਹਨਾਂ ਦਾ ਪਵਿੱਤਰ ਦਾ ਖਿਤਾਵ ਦਿੱਤਾ ਹੋਇਆ ਸੀ ।
ਹੋਰ ਇਸ ਤਰਾਂ ਦੇ ਅਨੇਕਾਂ ਕਰਮ ਕਾਢਾਂ ਦੀ ਦਲ ਦਲ ਵਿੱਚ ਲੋਕਾਂ ਨੂੰ ਫਸਾਇਆ ਹੋਇਆ ਸੀ ।ਜੇ ਕਰ ਕੋਈ ਇਹਨਾਂ ਤੋ ਮੁਨੱਕਰ ਹੁੰਦਾ ਸੀ ਤਾਂ ਉਸ ਨੂੰ ਸ਼ਰਾਪ ਦੇਣ ਦੀ ਕਹਾਣੀ ਪਰਚੱਲਤ ਕੀਤੀ ਹੋਈ ਸੀ ।
ਇਨਾਂ ਵਹਿਮਾਂ ,ਭਰਮਾਂ,ਝੂਠ ,ਫਰੇਬ ਤੇ ਹੰਕਾਰ ਵਿੱਚ ਗ੍ਰਸਤ ਲੋਕਾਂ ਨੂੰ ਬਾਹਰ ਕੱਢਣ ਤੇ ਉਹਨਾਂ ਨੂੰ ਇਕ ਵਾਹਿਗੁਰੂ (ਅੱਲਾ , ਰਾਮ )ਦੀ ਰਜਾ ਵਿੱਚ ਰਹਿਣ ਦੀ ਪ੍ਰੇਰਨਾਂ ਦੇਣ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1469ਈ: ਨੂੰ ਅਵਤਾਰ ਦਾਰ ਕੇ ਸਿੱਖ ਧਰਮ ਦੀ ਨੀਹ ਰੱਖੀ ।
ਸਿੱਖੀ ਦੇ ਇਸ ਬੂਟੇ ਨੂੰ ਵਧਣ ਫੁੱਲਣ ਲਈ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ , ਸ੍ਰੀ ਗੁਰੂ ਅਮਰਦਾਸ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਪ੍ਰਭੂ ਦਾ ਸਿਮਰਨ ਕਰਕੇ ਅਤੇਲੋਕਾਈ ਦੀ ਸੇਵਾ ਕਰਕੇ ਇਸ ਬੂਟੇ ਨੂੰ ਸਾਰੀ ਲੋਕਾਈ ਦੇ ਭਲੇ ਲਈ ਇੰਨਾਂ ਪ੍ਰਫੁੱਲਤ ਕਰ ਦਿੱਤਾ ਕਿ ਹਰ ਇੰਨਸਾਨ ਬੇ-ਖੌਫ ਇਸ ਦੀ ਗੂਹੜੀ ਤੇ ਅਨੰਦ ਮਈ ਛਾਂ ਹੇਠ ਆ ਕੇ ਅਨੰਦ ਮਾਣ ਸਕਦਾ ਸੀ ।
ਪਰ ਕੁਝ ਈਰਖਾਲੂ ਹੁਕਰਾਨ, ਚੰਦੂ ਵਰਗੇ ਹੰਕਾਰੀ ਵਜ਼ੀਰ ਤੇ ਕੁਝ ਬ੍ਰਾਹਮਣ ਇਸ ਵੱਧ ਰਹੇ ਸਿੱਖ ਧਰਮ ਨੂੰ ਜਰ ਨਹੀਂ ਸਨ । ਉਹ ਸਿੱਖ ਧਰਮ ਤੇ ਗੁਰੂ ਸਾਹਿਬਾਂ ਨੂੰ ਨੀਵਾਂ ਵਿਖਾ ਕੇ ਖਤਮ ਕਰ ਦੇਣਾ ਚਾਹੁੰਦੇ ਸਨ । ਉਹ ਸਿੱਖਾਂ ਉਪਰ ਵੱਧ ਤੋ ਵੱਧ ਅਤਿਆਚਾਰ ਕਰਦੇ ਸਨ । ਜਿਸ ਦੇ ਫਲਸਰੂਪ ਪੰਜਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਅਰਜਣ ਦੇਵ ਜੀ ਨੂੰ ਤੱਤੀਆਂ ਤੱਵੀਆਂ ਤੇ ਆਸਣ ਲਾਉਣੇ ਪਏ । ਛੇਵੇਂ ਪਾਤਸਾਹ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੂੰ ਜ਼ਾਲਮਾਂ ਦੇ ਨਾਲ ਲੜਾਈਆਂ ਕਰਨੀਆਂ ਪਈਆਂ । ਸ੍ਰੀ ਗੁਰੂ ਹਰ ਰਾਇ ਜੀ ਅਤੇ ਸ੍ਰੀ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਤੋ ਮਗਰੋਂ ਨੌਵੇ ਪਾਤਸਾਹ ਨੇ ਔਰੰਗਜੇਬ ਦੇ ਹਿੰਦੂ ਧਰਮ ਨੂੰ ਖਤਮ ਕਰਨ ਦੀ ਜਾਲਮਾਨਾਂ ਕਾਰਵਾਈ ਦੇ ਖਿਲਾਫ ਦਿੱਲੀ ਦੇ ਚਾਂਦਨੀ ਚੌਕ ਵਿਖੇ ਸਿੱਦਕੀ ਸਿੱਖਾਂ ,ਭਾਈ ਮਤੀ ਦਾਸ ,ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਸਮੇਤ ਸ਼ਹੀਦੀ ਜਾਮ ਪੀਤੇ ।
ਗੁਰੂ ਤੇਗ ਬਹਾਦਰ ਜੀ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਆਏ ਭਾਈ ਜੈਤਾ ਜੀ ਨੂੰ ਦਸਵੇਂ ਪਾਤਸਾਹ ਜੀ ਨੇ ਪੁੱਛਿਆ ,ਉਥੇ ਸਿੱਖ ਕਿੰਨੇ ਕੋ ਸਨ ।
ਭਾਈ ਜੈਤਾ ਜੀ ਨੇ ਆਖਿਆ ਪਾਤਸ਼ਾਹ ਉਥੇ ਲੋਕ ਤਾਂ ਬਹੁਤ ਸਨ ।ਪਰ ਕੀ ਪਤਾ ਲੱਗਦਾ ਹੈ ਕੌਣ ਸਿੱਖ ਹੈ , ਕੌਣ ਹਿੰਦੂ ਹੈ ਤੇ ਕੌਣ ਮੁਸਲਮਾਂਨ ਹੈ ।
ਉਸ ਸਮੇ ਗੁਰੂ ਸਾਹਿਬ ਨੇ ਆਖਿਆ , ਹੁਣ ਇੱਕ ਐਸੀ ਕੌਮ ਸਾਜੂਗਾ ,ਜਿਹੜੀ ਦੂਰੋਂ ਹੀ ਪਹਿਚਾਣੀ ਜਾਵੇਗੀ ।
ਉਸ ਤੋ ਮਗਰੋਂ ਗੁਰੂ ਸਾਹਿਬ ਨੇ ਸਾਰੇ ਹਿੰਦੋਸਤਾਨ ਵਿਚ ਗੁਰੂ ਨਾਨਕ ਲੇਵਾ ਸਿੱਖਾਂ ਨੂੰ ਸੁਨੇਹੇਂ ਭੇਜ ਕੇ 13 ਅਪਰੈਲ 1699 ਦੀ ਵਿਸਾਖੀ ਵਾਲੇ ਦਿੱਨ ਅਨੰਦ ਪੁਰ ਸਾਹਿਬ ਵਿਖੇ ਇਕੱਤਰ ਕਰ ਲਿਆ ।ਭਰੇ ਦਿਵਾਨ ਵਿੱਚ ਜਦ ਗੁਰੂ ਸਾਹਿਬ ਨੇ ਸਾਰੇ ਇਕੱਠ ਵਿੱਚ ਨਵੀਂ ਕੌਮ ਪੈਦਾ ਕਰਨ ਲਈ ਇੱਕ ਸਿਰ ਦੀ ਵੰਗਾਰ ਪਾਈ ਤਾਂ ਇਤਹਾਸ ਕਾਰ ਲਿਖਦੇ ਹਨ। ਕਿ ਕਮਜੋਰ ਦਿਲ ਤੇ ਗੁਰੂ ਘਰੋਂ ਸਿਰਫ ਰਸਦਾ ਖਾਣ ਵਾਲੇ ਭੱਜ ਕੇ ਮਾਤਾ ਗੁਜਰੀ ਜੀ ਪਾਸ ਗਏ । ਗੁਰੂ ਸਾਹਿਬ ਦੀ ਬਾਬਤ ਮਾਤਾ ਜੀ ਨੂੰ ਕਈ ਗੱਲਾਂ ਆਖੀਆਂ । ਜਦ ਮਾਤਾ ਜੀ ਨੇ ਗੁਰੂ ਸਾਹਿਬ ਤੋ ਪੁਛਿਆ ਤਾਂ ਗੁਰੂ ਸਾਹਿਬ ਨੇ ਕਿਹਾ , ਮਾਤਾ ਜੀ ਮੈ ਆਪਣੇ ਵੱਲੋ ਕੁਝ ਵੀ ਨਹੀੰ ਕਰ ਰਿਹਾ । ਮੈ ਤਾਂ ਗੁਰੂ ਨਾਨਕ ਸਾਹਿਬ ਦੇ ਹੁਕਮ ਦੇ ਮੁਤਾਬਕ ਹੀ ਸਾਰਾ ਕੁਝ ਕਰ ਰਿਹਾ ਹਾਂ । ਗੁਰੂ ਪਾਤਸਾਹ ਨੇ ਖੁਦ ਤਾਂ ਕਿਹਾ ਹੈ ।”ਪੰਚ ਪ੍ਰਵਾਨ ਪੰਚ ਪ੍ਰਧਾਨ , ਪੰਚੇ ਪਾਵਹਿ ਦਰਗਹ ਮਾਣ” ਮਾਤਾ ਜੀ ਮੈ ਉਸ ਪਿਤਾ ਪ੍ਰਮਾਤਮਾਂ ਦੇ ਹੁਕਮ ਤੋ ਇਕ ਕਦਮ ਵੀ ਪਾਸੇ ਨਹੀਂ ਚੁਕਦਾ । ਸਮੇ ਦੇ ਹਾਲਾਤਾਂ ਮੁਤਾਬਕ ਹੁਣ ਉਹ ਸਮਾਂ ਆ ਗਿਆ ਹੈ । ਮੈਨੂੰ ਇਹ ਹੁਕਮ ਪੂਰਾ ਕਰਨਾਂ ਹੀ ਪੈਣਾ ਹੈ ।
ਗੁਰੂ ਸਾਹਿਬ ਦੀ ਵੰਗਾਰ ਤੇ ਪੰਜ ਸਿੱਖਾਂ ਭਾਈ ਦਿਆ ਰਾਮ, ਭਾਈ ਧਰਮ ਚੰਦ,ਭਾਈ ਹਿੰਮਤ ਚੰਦ , ਭਾਈ ਮੋਹਕਮ ਤੇ ਭਾਈ ਸਾਹਿਬ ਜੀ ਨੇ ਵਾਰੋ ਵਾਰ ਆ ਕੇ ਸੀਸ ਭੇਂਟ ਕੀਤੇ । ਫਿਰ ਗੁਰੂ ਸਾਹਿਬ ਨੇ ਇਹਨਾਂ ਨੂੰ ਲਿਆ ਕੇ ਦਰਵਾਰ ਵਿੱਚ ਪੇਸ ਕੀਤਾ । ਉਸ ਸਟੇਜ ਉਪਰ ਹੀ ਗੁਰੂ ਸਾਹਿਬ ਨੇ ਖੰਟੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਪੰਜਾਂ ਨੂੰ ਛਕਾਇਆ । ਗੁਰੂ ਸਾਹਿਬ ਨੇ ਐਲਾਨ ਕੀਤਾ ਕਿ ਅੱਜ ਤੋਂ ਇਹਨਾਂ ਦੇ ਨਾਮ ਭਾਈ ਦਿਆ ਸਿੰਘ, ਭਾਈ ਧਰਮ ਸਿੰਘ ,ਭਾਈ ਹਿੰਮਤ ਸਿੰਘ,ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਹਨ । ਇਹਨਾਂ ਦੀ ਜਾਤ ਤੇ ਧਰਮ ਅੱਜ ਤੋ ਸਿੱਖ ਹੈ ।ਸਾਰੇ ਗੁਰੂ ਨਾਨਕ ਦੇ ਪੈਰੋਕਾਰ ਇਹਨਾਂ ਦੇ ਹਰ ਹੁਕਮ ਦੀ ਪਾਲਣਾ ਕਰਨਗੇ ।
ਗੁਰੂ ਜੀ ਨੇ ਪੰਜਾਂ ਸਿੰਘਾਂ ਅੱਗੇ ਬੇਨਤੀ ਕੀਤੀ ਕਿ ਮੈਨੂੰ ਵੀ ਅੰਮ੍ਰਿਤ ਛੱਕਾਇਆ ਜਾਵੇ ।ਇਤਹਾਸ ਕਾਰ ਲਿਖਦੇ ਹਨ ਕਿ ਪੰਜਾਂ ਪਿਆਰਿਆਂ ਦੇ ਜੱਥੇਦਾਰ ਭਾਈ ਦਿਆ ਸਿੰਘ ਨੇ ਆਖਿਆ ,ਪਾਤਸ਼ਾਹ ਅਸੀ ਅੰਮ੍ਰਿਤ ਦੀ ਦਾਤ ਆਪ ਜੀ ਪਾਸੋਂ ਸਿਰ ਦੇ ਕੇ ਲਈ ਹੈ । ਆਪ ਕੀ ਭੇਟਾ ਦੇਵੋਗੇ ।
ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਆਪ ਨੇ ਸੀਸ ਭੇਂਟ ਕੀਤੇ ਹਨ ।ਤੇ ਮੈ ਸਿੱਖ ਧਰਮ ਲਈ ਸਾਰਾ ਪ੍ਰਵਾਰ ਕੁਰਬਾਨ ਕਰ ਦੇਵਾਗਾ । ਪੰਜਾ ਪਿਆਰਿਆ ਨੇ ਗੁਰੂ ਜੀ ਨੂੰ ਅੰਮ੍ਰਿਤ ਛਕਾ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿੱਤਾ ।
ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ ,
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ।
ਗੁਰੂ ਸਾਹਿਬ ਨੇ ਨੀਵੀਆਂ ਜਾਤਾਂ ਕਹੀਆਂ ਜਾਣ ਵਾਲਿਆਂ ਨੂੰ ਸਿੰਘ ਸਜਾ ਕੇ ਪਖੰਡ ਬਾਦ ਦੇ ਤਾਣੇ ਹੋਏ ਜਾਲ ਦੀਆਂ ਧਜੀਆਂ ਉਡਾ ਦਿੱਤੀਆਂ ।
ਗੁਰਬਾਣੀ ਦਾ ਫੁਰਮਾਣ ਹੈ।
ਖੱਤਰੀ ,ਬਰਾਹਮਣ,ਸੂਦ ,ਵੈਸ਼,ਉਪਦੇਸ਼ ਚੌਹ ਵਰਨਾਂ ਕਊ ਸਾਝਾ।।
ਗੁਰਮੁਖਿ ਨਾਮ ਜਪੈ ਉਧਰੈ ਸੋ ਕਲਿ ਮਹਿ
ਘਟ ਘਟ ਨਾਨਕ ਮਾਝਾ ।।
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ
ਸਭਿ ਕਰੇ ਕਰਾਇਆ।।
ਜਰਾ ਮਰਾ ਤਾਪ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ
ਕੋਈ ਲਾਗਿ ਨਾ ਸਕੈ ਬਿਨ ਹਰ ਕਾ ਲਾਇਆ ।।
ਸਭ ਮਹਿ ਜੋਤ ਜੋਤਿ ਹੈ ਸੋਇ।।
ਤਿਸ ਦੈ ਚਾਨਣਿ ਸਭ ਮਹਿ ਚਾਨਣ ਹੋਇ।।
ਗੁਰੂ ਗੋਬਿੰਦ ਸਿੰਘ ਜੀ ਨੇ ਜਾਤਾਂ ਪਾਤਾਂ ਦਾ ਖਾਤਮਾਂ ਕਰਕੇ , ਸੱਭ ਨੂੰ ਇੱਕ ਬਾਟੇ ਵਿੱਚ ਖਵਾ ਕੇ , ਇਕੋ ਬਾਣਾ ਬਖਸ਼ ਕੇ,ਤੱਕੜੇ ,ਮਾੜੇ,ਗਰੀਬ ,ਅਮੀਰ,ਚੰਗੇ,ਮੰਦੇ ਦਾ ਭੇਦ ਭਾਵ ਖਤਮ ਕਰਕੇ ਸੱਭ ਨੂੰ ਖਾਲਸੇ ਦਾ ਨਾਮ ਦਿੱਤਾ ।ਸੱਭ ਨੂੰ ਇਕ ਪ੍ਰਮਾਤਮਾਂ ਦਾ ਸਿਮਰਨ ਕਰਨ ਦੀ ਪ੍ਰੇਰਨਾਂ ਦਿੱਤੀ ।
ਗੁਰੂ ਸਾਹਿਬ ਨੇ ਖਾਲਸਾ ਉਸ ਨੂੰ ਆਖਿਆ ਜਿਸ ਵਿੱਚ ਚਾਰੇ ਵਰਨ ਕੁਟ ਕੁਟ ਕੇ ਭਰੇ ਹੋਣ । ਖਾਲਸਾ ਬ੍ਰਾਹਮਣ ਵੀ ਹੈ । ਜੋ ਇੱਕ ਓਂਕਾਰ ਦਾ ਸਿਮਰਨ ਕਰਦਾ ਹੈ ਅਤੇ ਅੱਗੇ ਕਰਵਾਉਦਾ ਵੀ ਹੈ ।ਆਪਣੀ ਕਿਰਤ ਵਿੱਚੋ ਦਸਵੰਧ ਦਾਨ ਕਰਦਾ ਹੈ ।ਉਹ ਪ੍ਰਮਾਤਮਾਂ ਤੋ ਸਰਬੱਤ ਦੇ ਭਲੇ ਦਾ ਦਾਨ ਮੰਗਦਾ ਹੈ ਤੇ ਲੋਕਾਂ ਨੂੰ ਸੱਚ ਤੇ ਚੱਲਣ ਦਾ ਉਪਦੇਸ਼ ਦਿੰਦਾ ਹੈ
ਬੰਦਨ ਤੋੜੇ ਹੋਵੇ ਮੁਕਤੁ ।।
ਸੋਈ ਬ੍ਰਾਹਮਣ ਪੂਜਣ ਜਗਤੁ।।
ਖਾਲਸਾ ਖੱਤਰੀ ਵੀ ਹੈ । ਹਮੇਸ਼ਾਂ ਅਨਿਆਂ (ਜੁਲਮ) ਦੇ ਖਿਲਾਫ ਲੜਦਾ ਹੈ । ਇਹ ਕਿਸੇ ਨੂੰ ਡਰਾਉਦਾ ਨਹੀਂ ਤੇ ਨਾਂ ਹੀ ਡਰਦਾ ਹੈ ਜੇ ਡਰਦਾ ਹੈ ਤਾਂ ਅਕਾਲ ਪੁਰਖ ਪ੍ਰਮਾਤਮਾਂ ਹੈ ।
ਭੈ ਕਾਹੂ ਕਉ ਦੇਤ ਨਹਿ ,ਨਹਿ ਭੈ ਮਾਣਤ ਆਣ।
ਖਾਲਸਾ ਵੈਸ਼ ਵੀ ਹੈ । ਦਸਾਂ ਨੌਹਾਂ ਦੀ ਕਿਰਤ ਕਰਨੀ । ਬੌਧਿਕ ਉਨਤੀ ਲਈ ਸੋਚਣਾਂ, ਮੰਗ ਕੇ ਨਹੀ ਖਾਂਣਾ ।ਸੱਚ ਦਾ ਵਿਉਪਾਰ ਕਰਨਾਂ ,ਖਾਲਸੇ ਦਾ ਕਰਮ ਹੈ ।
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚ।।
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ।।
ਖਾਲਸਾ ਸੂਦਰ ਵੀ ਹੈ । ਬਿਨਾਂ ਸੰਕੋਚ ਦੂਸਰੇ ਦੀ ਸੇਵਾ ਕਰਨੀ,ਗੁਰ ਸੰਗਤ ਦੇ ਜੋੜੇ ਝਾੜਨੇ , ਨਿਆਸਰੇ ਤੇ ਰੋਗੀ ਦੀ ਤਨੋ ,ਮਨੋ ਤੇ ਧਨੋ ਸੇਵਾ ਤੇ ਮੱਦਦ ਕਰਨੀ । ਇਸ ਤਰਾਂ ਦੀ ਸੋਚ ਖਾਲਸੇ ਨੂੰ ਬਣਾਉਣ ਦੀ ਗੁਰੂ ਸਾਹਿਬ ਨੇ ਤੌਫੀਕ ਬੱਖਸੀ ।
ਵਿਚ ਦੁਨੀਆ ਸੇਵ ਕਮਾਈਐ ।।
ਤਾਂ ਦਰਗਹ ਬੈਸਣ ਪਾਈਐ ।।
ਇਸ ਤਰਾਂ ਦੁਨੀਆ ਨੂੰ ਵਹਿਮਾਂ ,ਭਰਮਾਂ,ਜਾਤਾਂ ,ਪਾਤਾਂ,ਊਚ ,ਨੀਚਤਾ ਦੀ ਭੈੜੀ ਬਿਮਾਰੀ ਤੋਂ ਮੁਕਤ ਕਰਨ ਲਈ 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਕੋਮ ਦੀ ਸਾਜਣਾਂ ਕੀਤੀ ਅਤੇ ਸਰਬੱਤ ਦੇ ਭਲੇ ਦਾ ਉਪਦੇਸ਼ ਦਿੱਤਾ ।
ਅਫਸੋਸ ਹੈ ਕਿ ਹੁਣ ਫਿਰ ਬ੍ਰਾਹਮਣਾਂ ਵਾਲੀ ਜਗਾ ਪਖੰਡੀ ਸਾਧਾਂ ਤੇ ਡੇਰੇਦਾਰਾਂ ਨੇ ਲੈ ਲਈ ਹੈ । ਹੁਣ ਫਿਰ ਇਹਨਾਂ ਨੇ ਲੋਕਾਂ ਨੂੰ ਵਹਿਮਾਂ,ਭਰਮਾਂ ,ਭੂਤ ਪ੍ਰੇਤਾਂ ਦੇ ਚੱਕਰਾਂ ਵਿੱਚ ਪੂਰੀ ਤਰਾਂ ਫਸਾ ਲਿਆ ਹੈ । ਜਿਸ ਦਾ ਵਿਰੋਧ ਕਈ ਜੱਥੇਬੰਦੀਆਂ ਕਰ ਰਹੀਆਂ ਹਨ । ਪਰ ਉਸ ਦਾ ਕੋਈ ਖਾਸ ਅਸਰ ਨਹੀ ਪੈ ਰਿਹਾ । ਸਾਡੇ ਦੇਸ਼ ਦੇ ਸਿਆਸਤ ਦਾਨਾਂ ਦੀ ਵੀ ਇਹ ਦੇਣ( ਵੋਟਾਂ ਲਈ ਇਹਨਾਂ ਪਖੰਡੀਆਂ ਦੇ ਚਰਨ ਫੜਨੇ ਅਤੇ ਸਟੇਜਾਂ ਤੇ ਉਨਾਂ ਦੇ ਗੁਣ ਗਾਉਣੇ ) ਵੀ ਖਾਸ ਮਹੱਹਤਾ ਰੱਖਦੀ ਹੈ । ਜੇ ਕਰ ਕੋਈ ਠੋਸ ਉਪਰਾਲਾ ਨਾਂ ਹੋਇਆ ਤਾਂ ਇਸ ਦਾ ਅਸਰ ਪਹਿਲਾਂ ਨਾਲੋ ਵੀ ਬਹੁਤ ਭੈੜਾ ਹੋਵੇਗਾ । ਅਤੇ ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ ਨਹੀ ਕਰਨ ਗੀਆਂ । ਅਸੀਂ ਗੁਰੂ ਸੰਦੇਸ਼ ਤੋ ਕੋਹਾਂ ਦੂਰ ਚਲੇ ਜਾਵਾਂਗੇ ।
ਅੱਜ ਖਾਲਸੇ ਦੇ ਜਨਮ ਦਿਨ ਤੇ ਸਾਰੀ ਸਿੱਖ ਕੌਮ ਨੂੰ ਲੱਖ ਲੱਖ ਵਧਾਈ ਹੋਵੇ । ਆਪਣਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅੱਜ ਆਪਾਂ ਸਾਰੇ ਇਹ ਪ੍ਰਣ ਕਰੀਏ ਕਿ ਅਸੀ ਗੁਰੂ ਸਾਹਿਬ ਦੇ ਦੱਸੇ ਹੋਏ ਸੱਚ ਦੇ ਰਸਤੇ ਤੇ ਚੱਲਦੇ ਹੋਏ ਸਿੱਖ ਕੌਮ ਦੀ ਚੱੜਦੀ ਕਲਾ ਲਈ ਤਨੋ,ਮਨੋ ਤੇ ਧਨੋ ਸੇਵਾ ਕਰਨ ਤੋ ਕਦੇ ਵੀ ਪਿੱਛੇ ਨਹੀ ਰਹਾਂਗੇ ।