ਭਾਗਲਪੁਰ – ਰੇਲਵੇ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਦਾ ਕਹਿਣਾ ਹੈ ਕਿ ਮੇਰੇ ਮੁਲਾਇਮ ਅਤੇ ਪਾਸਵਾਨ ਦੇ ਇਕਠੇ ਹੋਣ ਤੇ ਫਿਰਕਾਪ੍ਰਸਤ ਤਾਕਤਾਂ ਦੇ ਕਲੇਜੇ ਤੇ ਸੱਪ ਲੇਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਗੱਦੀ ਨੂੰ ਵੇਖ ਕੇ ਅਡਵਾਨੀ ਲਾਲ੍ਹਾਂ ਸੁਟ ਰਿਹਾ ਹੈ, ਉਸਦਾ ਸੁਫਨਾ ਕਦੇ ਪੂਰਾ ਹੋਣ ਵਾਲਾ ਨਹੀਂ ਹੈ। ਇਸ ਵਾਰ ਸਾਰੀਆਂ ਸੀਟਾਂ ਤੇ ਰਾਜਦ ਗਠਬੰਧਨ ਦਾ ਕਬਜ਼ਾ ਹੋਵੇਗਾ। ਦਿੱਲੀ ਵਿਚ ਸਰਕਾਰ ਰਾਜਦ ਦੇ ਸਹਿਯੋਗ ਨਾਲ ਹੀ ਬਣੇਗੀ। ਲਾਲੂ ਦੇ ਵੱਖਰੇ ਅੰਦਾਜ ਵਿਚ ਭਾਸ਼ਣ ਦੇਣ ਤੇ ਲੋਕ ਹੱਸ-ਹੱਸ ਕੇ ਲੋਟ-ਪੋਟ ਹੁੰਦੇ ਰਹੇ। ਉਨ੍ਹਾਂ ਨੇ ਭਾਜਪਾ ਨੂੰ ਹਿੰਦੂ, ਮੁਸਲਿਮ, ਸਿੱਖ, ਈਸਾਈ ਸੱਭ ਦਾ ਦੁਸ਼ਮਣ ਦਸਿਆ। ਲਾਲੂ ਨੇ ਕਿਹਾ ਕਿ ਬਾਬਰੀ ਮਸਜਿਦ ਢਾਹੁਣ ਵਿਚ ਅਡਵਾਨੀ ਦਾ ਹੱਥ ਸੀ ਅਤੇ ਇਨ੍ਹਾਂ ਕਰਕੇ ਹੀ ਗੁਜਰਾਤ ਵਿਚ ਸਾੜ-ਫੂਕ ਹੋਈ।
ਦਿੱਲੀ ਵਿਚ ਸੱਤਾ ਹੱਥਿਆਉਣ ਲਈ ਫਿਰਕਾਪ੍ਰਸਤ ਤਾਕਤਾਂ ਕੁਝ ਵੀ ਕਰ ਸਕਦੀਆਂ ਹਨ। ਲਾਲੂ ਨੇ ਸਿ਼ਵਸੈਨਾ ਨੂੰ ਫਿਰਕਾਪ੍ਰਸਤੀ ਦਾ ਦੋਸਤ ਅਤੇ ਮੁੱਖਮੰਤਰੀ ਨੂੰ ਫਿਰਕਾਪ੍ਰਸਤੀ ਦਾ ਮੈਨੇਜਰ ਦਸਿਆ। ਉਨ੍ਹਾਂ ਨੇ ਕਿਹਾ ਕਿ ਸਾਡੀ ਆਪਸੀ ਲੜ੍ਹਾਈ ਵਿਚੋਂ ਹੀ ਨਤੀਸ਼ ਦਾ ਜਨਮ ਹੋਇਆ, ਅਤੇ ਅੱਜ ਇਹ ਮੇਰੇ ਘਰ ਵਿਚੋਂ ਨਿਕਲੀ ਬਿੱਲੀ ਮੈਨੂੰ ਹੀ ਡਰਾਉਣਾ ਚਾਹੁੰਦੀ ਹੈ। ਮੁੱਖਮੰਤਰੀ ਤੇ ਵਾਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਰਾਜਗ ਦਾ ਸਫਾਇਆ ਹੋ ਜਾਵੇਗਾ।
ਲਾਲੂ ਪ੍ਰਸ਼ਾਦ ਯਾਦਵ ਨੇ ਵਰੁਣ ਗਾਂਧੀ ਦੇ ਬਿਆਨਾਂ ਨੂੰ ਸੰਘ ਅਤੇ ਭਾਜਪਾ ਦੇ ਬਿਆਨ ਦਸਦੇ ਹੋਏ ਕਿਹਾ ਕਿ ਜਦੋਂ ਤਕ ਉਨ੍ਹਾਂ ਦੇ ਸਰੀਰ ਵਿਚ ਇਕ ਵੀ ਕਤਰਾ ਖੂਨ ਦਾ ਹੈ, ਦੇਸ਼ ਨੂੰ ਤੋੜਨ ਨਹੀਂ ਦਿਤਾ ਜਾਵੇਗਾ। ਉਨ੍ਹਾਂ ਨੇ ਗਰੀਬ ਅਤੇ ਉਚੀ ਜਾਤੀ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਵੱਧ ਤੋਂ ਵੱਧ ਉਮੀਦਵਾਰ ਜਿਤਾ ਕੇ ਦਿੱਲੀ ਭੇਜਣ। ਬਿਹਾਰ ਵਿਚ ਕਿਸਦੀ ਸਰਕਾਰ ਚਲਦੀ ਹੈ ਇਹ ਸੱਭ ਜਾਣਦੇ ਹਨ ਦਸਣ ਦੀ ਲੋੜ ਨਹੀ ਹੈ।