ਸਿਡਨੀ – ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਇਕ ਪਰੈਸ ਬਿਆਨ ਚ ਕਿਹਾ ਕਿ ਕਿਸਾਨੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਪੱਖ ਵਿਚ ਭੁਗਤਣ ਦਾ ਕਾਰਨ, ਕਾਂਗਰਸ ਰਾਜ ਵੇਲੇ ਇਸ ਖੇਤਰ ਵਿਚ ਕਿਸਾਨੀ ਫਸਲਾਂ ਦਾ ਨਾ ਰੁਲਣਾ ਅਤੇ ਨਰਮੇ ਦੀ ਭਰਵੀਂ ਫਸਲ ਹੋਣਾ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵਲੋਂ ਦਰਿਆਈ ਪਾਣੀਆਂ ਦੇ ਮਾਮਲੇ ਵਿਚ ਪਾਸ ਕਰਵਾਇਆ ਗਿਆ ਬਿੱਲ ਮਾਲਵੇ ਦੀ ਕਿਸਾਨੀ ਦੇ ਦਿਲਾਂ ਵਿਚ ਵਸਦਾ ਹੈ।
ਡਾ.ਅਮਰਜੀਤ ਟਾਂਡਾ ਨੇ ਕਿਹਾ ਹੈ ਕਿ ਸ਼ਹਿਰੀ ਇਲਾਕਿਆਂ ਵਿਚ ਹਿੰਦੂ ਵੋਟਰ ਖਾਮੋਸ਼ ਹੈ ਅਤੇ ਉਹ ਕਿਸੇ ਹੱਦ ਤੱਕ ਭਾਰਤੀ ਜਨਤਾ ਪਾਰਟੀ ਤੋਂ ਦੁਖੀ ਵੀ ਵਿਖਾਈ ਦਿੰਦੀ ਹੈ। ਬਹੁਜਨ ਸਮਾਜ ਪਾਰਟੀ ਨੇ ਭਾਵੇਂ ਪੰਜਾਬ ਦੇ ਸਾਰੇ ਲੋਕ ਸਭਾ ਹਲਕਿਆਂ ਵਿਚ ਆਪਣੇ ਉਮੀਦਵਾਰ ਖੜੇ ਕੀਤੇ ਹਨ, ਪਰ ਉਹ ਬਹੁਤੇ ਸਰਗਰਮ ਨਹੀਂ ਹਨ।
ਡਾ.ਅਮਰਜੀਤ ਟਾਂਡਾ ਨੇ ਕਿਹਾ ਹੈ ਕਿ ਅਕਾਲੀ ਰੈਡੀਕਲ ਧਿਰਾਂ ਵੀ ਬਹੁਤੀ ਮਜ਼ਬੂਤ ਹਾਲਤ ਵਿਚ ਨਹੀਂ ਹਨ। ਤੀਜੇ ਮੋਰਚੇ ਦੀ ਬਹੁਤੀ ਸਮਰੱਥਾ ਪੰਜਾਬ ਵਿਚ ਹਾਲੇ ਤੱਕ ਬਣ ਨਹੀਂ ਸਕੀ ਹੈ। ਇਸ ਹਾਲਤ ਵਿਚ ਨਾ ਸਿਰਫ ਬਠਿੰਡਾ ਵਿਚ ਕਾਂਗਰਸ 60-40 ਦੀ ਰੇਸ਼ੋ ਨਾਲ ਅੱਗੇ ਹੈ, ਸਗੋਂ ਬਾਕੀ ਪੰਜਾਬ ਵਿਚ ਵੀ ਏਨੇ ਕੁ ਫਰਕ ਨਾਲ ਕਾਂਗਰਸ ਪਾਰਟੀ ਅਕਾਲੀ-ਭਾਜਪਾ ਗਠਜੋੜ ਤੋਂ ਅੱਗੇ ਵਿਖਾਈ ਦਿੰਦੀ ਹੈ ਅਤੇ ਇਸ ਦਾ ਕਾਰਨ ਪਿਛਲੇ ਦੋ ਸਾਲ ਦੀ ਅਕਾਲੀ-ਭਾਜਪਾ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ।
ਡਾ.ਅਮਰਜੀਤ ਟਾਂਡਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ-ਬੀ.ਜੇ.ਪੀ. ਗਠਜੋੜ ਸਰਕਾਰ ‘ਤੇ ਦੋਸ਼ ਲਾਇਆ ਕਿ ਜਾਤਾਂ, ਫਿ਼ਰਕਿਆਂ, ਧਰਮਾਂ ਅਤੇ ਭਾਸ਼ਾਵਾਂ ਦੇ ਨਾਮ ‘ਤੇ ਇਹ ਲੋਕਾਂ ‘ਚ ਵੰਡੀਆਂ ਪਾ ਰਹੇ ਹਨ, ਜਦਕਿ ਕਾਂਗਰਸ ਪਾਰਟੀ ਧਰਮ ਨਿਰਪੱਖ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਦਲ ਪਰਵਾਰ ਨੇ ਅਕਾਲੀ ਦਲ ਨੂੰ ਘਰ ਦੀ ਕੰਪਨੀ ਤੇ ਬਰਸਾਤੀ ਛੱਪੜ ਬਣਾ ਦਿਤਾ ਹੈ ਜਿਸ ਵਿਚੋਂ ਬਦਬੋ ਮਾਰਦੀ ਹੈ ਪਰ ਕਾਂਗਰਸ ਤਾਂ ਇਕ ਸਮੁੰਦਰ ਹੈ ਜਿਸ ਦਾ ਪਾਣੀ ਹਮੇਸ਼ਾ ਸਾਫ਼ ਹੀ ਰਹਿੰਦਾ ਹੈ।
ਚੋਣ ਕਮਿਸ਼ਨ ਵਲੋਂ ਪੰਜਵੇਂ ਤਨਖ਼ਾਹ ਕਮਿਸ਼ਨ ਦੀ ਰੀਪੋਰਟ ਜਾਰੀ ਕਰਨ ‘ਤੇ ਚੋਣਾਂ ਤਕ ਲਾਈ ਪਾਬੰਦੀ ਬਾਰੇ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪੰਜਾਬ ਦੇ ਕਰਮਚਾਰੀਆਂ ਦੇ ਭਲੇ ਲਈ ਚੋਣ ਕਮਿਸ਼ਨ ਨੂੰ ਫਿਰ ਲਿਖਿਆ ਜਾਏਗਾ ਤਾਂ ਜੋ ਵਧੇ ਹੋਏ ਸਕੇਲਾਂ ਤੇ ਗਰੇਡਾਂ ਦਾ ਲਾਭ ਸਰਕਾਰੀ ਤੇ ਅਰਧ-ਸਰਕਾਰੀ ਕਰਮਚਾਰੀਆਂ ਨੂੰ ਮਿਲ ਸਕੇ।
ਇਸ ਦੌਰਾਨ ਇੰਡੀਅਨ ਓਵਰਸੀਜ ਕਾਂਗਰਸ ਆਸਟ੍ਰੇਲੀਆ ਦੇ ਪ੍ਰਧਾਨ ਡਾ.ਅਮਰਜੀਤ ਟਾਂਡਾ ਨੇ ਕਿਹਾ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਂ ‘ਤੇ ਵੋਟਾਂ ਮੰਗੇਗੀ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਕਾਰਨ ਹੀ ਦੇਸ਼ ਦਾ ਨਾਂ ਦੁਨੀਆ ‘ਚ ਚਮਕਿਆ ਹੈ। ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਅੰਤਰਰਾਸ਼ਟਰੀ ਪੱਧਰ ‘ਤੇ ਆਗੂ ਵਜੋਂ ਉਭਰੇ ਹਨ, ਕਿਉਂਕਿ ਉਨ੍ਹਾਂ ਤੋਂ ਹਰ ਦੇਸ਼ ਆਰਥਕ ਮਾਮਲੇ ਵਿਚ ਸਲਾਹ ਲੈਂਦਾ ਹੈ।