ਲੰਡਨ (ਗੁਰਮੁਖ਼ ਸਿੰਘ ਸਰਕਾਰੀਆ)- ਸੰਸਾਰ ਦੇ ਪ੍ਰਸਿੱਧ ਨਾਵਲਕਾਰ ਸਿ਼ਵਚਰਨ ਜੱਗੀ ਕੁੱਸਾ ਨੇ ਅੱਜ ਇੱਥੇ ਸਾਡੇ ਪੱਤਰਕਾਰ ਕੋਲ ਉਪਰੋਕਤ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਿਆਸੀ ਲੋਕਾਂ ਦਾ ਆਪਣੀਆਂ ਆਪਣੀਆਂ ਰੋਟੀਆਂ ਸੇਕਣ ਦਾ ਹੁਣ ‘ਹਾਈ ਸੀਜ਼ਨ’ ਹੈ ਅਤੇ ਹੁਣ ਇਹ ਲੋਕਾਂ ਦੇ ਹਿਤਾਂ ਨਾਲ ਰੱਜ ਕੇ ਕਲੋਲਾਂ ਕਰਨਗੇ! ਲੋਕਾਂ ਨੂੰ ਭਾਂਤ ਭਾਂਤ ਦੇ ਸਬਜ਼ਬਾਗ ਵੀ ਦਿਖਾਉਣਗੇ ਅਤੇ ਗੱਲੀਂ ਬਾਤੀਂ ਪੰਜਾਬ ਨੂੰ ‘ਕੈਨੇਡਾ’ ਵੀ ਬਣਾਉਣਗੇ! ਥੁੱਕੀਂ ਵੜੇ ਪਕਾਉਣਾ ਹਰ ਲੀਡਰ ਨੂੰ ਬੜੀ ਅੱਛੀ ਤਰ੍ਹਾਂ ਆਉਂਦਾ ਹੈ ਅਤੇ ਗੱਲੀਂ ਬਾਤੀਂ ਲੋਕਾਂ ਨੂੰ ਉਡਣ ਕਟੋਲ੍ਹੇ ‘ਤੇ ਚਾੜ੍ਹਨ ਦੀ ਮੁਹਾਰਤ ਵੀ ਇਹਨਾਂ ਨੂੰ ਖ਼ੂਬ ਹਾਸਲ ਹੈ! ਜੱਗੀ ਕੁੱਸਾ ਅਜ਼ਾਦ ਹਿੰਦ ਫ਼ੌਜ ਦੇ ਘੁਲਾਟੀਆਂ ਦੀ ਖੋਜ਼ ਵਿਚ ਕੈਨੇਡਾ ਤੋਂ ਆਏ ਸ। ਅਜਾਇਬ ਸਿੰਘ ਸਰਾਂ ਨੂੰ ਮਿਲਣ ਆਏ ਹੋਏ ਸਨ। ਇਕ ਸੁਆਲ ਦੇ ਉਤਰ ਵਿਚ ਉਹਨਾਂ ਕਿਹਾ ਕਿ ਕੋਈ ਵੀ ਸਰਕਾਰ ਦਿਲੀ ਇਮਾਨਦਾਰੀ ਨਾਲ ਲੋਕਾਂ ਦੀ ‘ਮਾਸੀ ਦੀ ਧੀ’ ਨਹੀਂ ਬਣ ਸਕੀ ਅਤੇ ਜਿੱਥੋਂ ਤੱਕ ਵਾਹ ਲੱਗੀ, ਹਰ ਸਰਕਾਰ ਨੇ ਲੋਕਾਂ ਦੀਆਂ ਭਾਵਨਾਵਾਂ ਦਾ ਸ਼ੋਸ਼ਣ ਹੀ ਕੀਤਾ ਅਤੇ ਲੋਕਾਂ ਨੂੰ ਕੁਰਾਹੇ ਪਾਇਆ। ਕਦੇ ਸਾਡੇ ਸਿਆਸੀ ਆਗੂਆਂ ਨੂੰ ਕਾਂਗਰਸ ਚੰਗੀ ਲੱਗਣ ਲੱਗ ਜਾਂਦੀ ਹੈ ਅਤੇ ਕਦੇ ਅਕਾਲੀ ਪਾਰਟੀ! ਕਦੇ ਕਮਿਊਨਿਸਟ ਅਤੇ ਕਦੇ ਕੋਈ ਹੋਰ ਪਾਰਟੀ! ਵੋਟਾਂ ਵੇਲੇ ਮੈਂ ਲੀਡਰਾਂ ਦਾ ਕੋਈ ਬਿਆਨ ਪੜ੍ਹਦਾ ਹੀ ਨਹੀਂ, ਕਿਉਂਕਿ ਇਹ ਪ੍ਰਾਇਮਰੀ ਸਕੂਲ ਦੇ ਬੱਚਿਆਂ ਵਾਂਗ ਇਕ ਦੂਜੇ ‘ਤੇ ਦੂਸ਼ਣ ਝਾੜਨ ਅਤੇ ਅਗਲੇ ਨੂੰ ਹੀਣਾਂ ਦਿਖਾ ਕੇ ਲੋਕਾਂ ਦੀਆਂ ਵੋਟਾਂ ਬਟੋਰਨ ਤੱਕ ਹੀ ਸੀਮਤ ਹੁੰਦੇ ਹਨ ਅਤੇ ਵੋਟਾਂ ਬਾਅਦ ਮਿਰਗੀ ਦੇ ਮਰੀਜ਼ ਵਾਂਗ ਅੱਖਾਂ ਹੀ ਫ਼ੇਰ ਜਾਂਦੇ ਹਨ! ਹਰ ਇਲਾਕੇ ਦੇ ਲੋਕ ਆਪਣੇ ਆਪਣੇ ਆਗੂ ਬਾਰੇ ਭਲੀ ਭਾਂਤ ਜਾਣਦੇ ਅਤੇ ਸਮਝਦੇ ਹਨ। ਲੋਕ ਅੱਗੇ ਜਿੰਨੇ ਭੋਲੇ ਕਦਾਚਿੱਤ ਨਹੀਂ ਰਹੇ, ਉਹਨਾਂ ਨੂੰ ਆਪਣੇ ਚੰਗੇ ਬੁਰੇ ਦੀ ਪੂਰੀ ਸੂਝ ਹੈ! ਲੋਕਾਂ ਨੂੰ ਉਸ ਧਿਰ ਨੂੰ ਹੀ ਵੋਟ ਪਾਉਣੀਂ ਚਾਹੀਦੀ ਹੈ, ਜਿਸ ਨੇ ਉਹਨਾਂ ਦੇ ਇਲਾਕੇ ਦਾ ਸੁਧਾਰ ਕੀਤਾ ਹੋਵੇ ਅਤੇ ਲੋਕਾਂ ਦੇ ਹਿਤਾਂ ਪ੍ਰਤੀ ਗੰਭੀਰਤਾ ਦਿਖਾਈ ਹੋਵੇ। ਮੈਂ ਕਿਸੇ ਵੀ ਪਾਰਟੀ ਨੂੰ ਚੰਗੀ ਜਾਂ ਮਾੜੀ ਨਹੀਂ ਆਖਦਾ। ਕਿਸੇ ਲਈ ਮਾਂਹ ਬਾਦੀ ਅਤੇ ਕਿਸੇ ਲਈ ਮਾਫ਼ਕ ਦੀ ਕਹਾਵਤ ਵਾਂਗ ਕੋਈ ਵੀ ਸਿਆਸੀ ਪਾਰਟੀ ਕਿਸੇ ਲਈ ਵੀ ‘ਪਾਰਸ’ ਅਤੇ ਕਿਸੇ ਲਈ ‘ਮਹੁਰਾ’ ਸਾਬਤ ਹੋ ਸਕਦੀ ਹੈ! ਸਿਆਸੀ ਲੋਕਾਂ ਦਾ ਕੰਮ ਵੋਟਾਂ ਵੇਲੇ ਸਿਰਫ਼ ਵਿਰੋਧੀ ਪਾਰਟੀ ਨੂੰ ‘ਭੰਡਣਾਂ’ ਹੁੰਦਾ ਹੈ। ਅਸਲ ਵਿਚ ਦੁੱਧੋਂ ਪਾਣੀਂ ਤਾਂ ਲੋਕਾਂ ਦੇ ਫ਼ੈਸਲੇ ਨੇ ਹੀ ਕਰਨਾ ਹੈ।
ਲੋਕ ਆਪਣੀ ਕੀਮਤੀ ਵੋਟ ਦੀ ਵਰਤੋਂ ਸੋਚ ਸਮਝ ਕੇ ਕਰਨ ਸਿਆਸਤਦਾਨ ਲੋਕਾਂ ਦੀ ਖ਼ਾਤਰ ਨਹੀਂ ਆਪਣੇ ਹਿਤਾਂ ਲਈ ਦਲ ਬਦਲਦੇ ਹਨ-ਜੱਗੀ ਕੁੱਸਾ
This entry was posted in ਅੰਤਰਰਾਸ਼ਟਰੀ.