ਲੁਧਿਆਣਾ – ਭਾਰਤੀ ਜਨਤਾ ਪਾਰਟੀ ਲੁਧਿਆਣਾ ਇਕਾਈ ਦੇ ਮੀਤ ਪ੍ਰਧਾਨ ਕਮਲ ਚੇਤਲੀ ਨੇ ਕਿਹਾ ਹੈ ਕਿ ਯੂ.ਪੀ.ਏ. ਸਰਕਾਰ ਦੇ ਹੱਥਾਂ ਵਿੱਚ ਦੇਸ਼ ਦੀ ਵਾਗਡੋਰ ਦੇਣਾ ਖ਼ਤਰੇ ਦੀ ਘੰਟੀ ਹੈ। ਯੂ.ਪੀ.ਏ. ਸਰਕਾਰ ਦੇ ਕਾਰਜਕਾਲ ਵਿੱਚ ਅੱਤਵਾਦ ਨੂੰ ਬੜਾਵਾ ਮਿਲਿਆ ਹੈ, ਜਿਸ ਨਾਲ ਦੇਸ਼ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ।
ਚੇਤਲੀ ਸਥਾਨਕ ਬੀ.ਆਰ.ਐਸ. ਨਗਰ ਵਿਖੇ ਭਾਜਪਾ ਵੱਲੋਂ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭਾਜਪਾ ਹੀ ਠੋਸ ਸਰਕਾਰ ਦੇ ਸਕਦੀ ਹੈ। ਲਾਲ ਕ੍ਰਿਸ਼ਨ ਅਡਵਾਨੀ ਮਜਬੂਤ ਪ੍ਰਧਾਨ ਮੰਤਰੀ ਦੇ ਤੌਰ ਤੇ ਸਾਹਮਣੇ ਆਉਣਗੇ। ਇਸ ਲਈ ਵੋਟਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਵੋਟ ਪਾ ਕੇ ਸਫ਼ਲ ਬਨਾਉਣ ਤਾਂ ਜੋ ਕੇਂਦਰ ਵਿੱਚ ਭਾਜਪਾ ਆਪਣੇ ਬਲਬੂਤੇ ਤੇ ਸਰਕਾਰ ਦੀ ਸਥਾਪਨਾ ਕਰ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਲੁਧਿਆਣਾ ਪਾਰਲੀਮਾਨੀ ਸੀਟ ਤੋਂ ਅਕਾਲੀ ਭਾਜਪਾ ਉਮੀਦਵਾਰ ਸ. ਗਾਲਿਬ ਬਹੁਤ ਵੱਡੀ ਗਿਣਤੀ ਦੇ ਫ਼ਰਕ ਨਾਲ ਜਿੱਤਣਗੇ।
ਇਸ ਮੌਕੇ ਅਸ਼ੋਕ ਲੂੰਬਾ, ਰਾਮ ਗੁਪਤਾ, ਸੰਜੇ ਕਪੂਰ, ਰਜਿੰਦਰ ਖਤਰੀ, ਰਜਨੀਸ਼ ਧੀਮਾਨ, ਪੁਸ਼ਪਿੰਦਰ ਸਿੰਗਲ, ਕਲਭੂਸ਼ਨ ਸ਼ਰਮਾ ਅਤੇ ਡਾ. ਸੁਭਾਸ਼ ਵਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵੱਧਦੀ ਮਹਿੰਗਾਈ ਲਈ ਕੇਂਦਰ ਦੀ ਯੂ.ਪੀ.ਏ. ਸਰਕਾਰ ਹੀ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਮਹਿੰਗਾਈ ਤੋਂ ਇਲਾਵਾ ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਮੁੱਖ ਚੋਣ ਮੁੱਦੇ ਹੋਣਗੇ। ਉਨ੍ਹਾਂ ਕਿਹਾ ਕਿ ਗਰੀਬ ਜਨਤਾ ਦਾ ਪੈਸਾ ਲੁੱਟ ਕੇ ਵਿਦੇਸ਼ੀ ਬੈਂਕਾਂ ਵਿੱਚ ਭੇਜਿਆ ਗਿਆ ਹੈ। ਦੇਸ਼ ਦੇ 36 ਅਮੀਰਾਂ ਦੇ ਕੋਲ 10 ਲੱਖ ਕਰੋੜ ਰੁਪਏ ਨਾਲ ਵਿਦੇਸ਼ੀ ਬੈਂਕ ਭਰੇ ਪਏ ਹਨ। ਜਦ ਕਿ ਦੇਸ਼ ਦੀ ਅੱਜ ਇਹ ਹਾਲਤ ਹੈ ਕਿ ਲਗਭਗ 15 ਕਰੋੜ ਲੋਕ ਸਿਰਫ਼ 8 ਰੁਪਏ ਹਰ ਰੋਜ਼ ਦੇ ਹਿਸਾਬ ਨਾਲ ਆਪਣੀ ਗੁਜਰ ਬਸਰ ਕਰ ਰਹੇ ਹਨ। ਉਕਤ ਨੇਤਾਵਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕੀਮਤੀ ਵੋਟ ਅਕਾਲੀ ਭਾਜਪਾ ਉਮੀਦਵਾਰਾਂ ਨੂੰ ਹੀ ਪਾਉਣ, ਕਿਉਂਕਿ ਇਸ ਗੱਠਜੋੜ ਕਾਰਨ ਹੀ ਪੰਜਾਬ ਦੇ ਲੋਕਾਂ ਦਾ ਭਵਿੱਖ ਸੁਰੱਖਿਅਤ ਹੋਵੇਗਾ।