ਅਮ੍ਰਿਤਸਰ – ਖਡੂਰ ਸਾਹਿਬ ਲੋਕ ਸਭਾ ਸੀਟ ਲਈ ਅਕਾਲੀ – ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਡਾ: ਰਤਨ ਸਿੰਘ ਅਜਨਾਲਾ ਦੀ ਸਥਿਤੀ ਆਪਣੇ ਵਿਰੋਧੀ ਉਮੀਦਵਾਰ ਨਾਲੋ ਕਿਤੇ ਮਜਬੂਤ ਹੈ ਅਤੇ ਉਹ ਭਾਰੀ ਵੋਟਾਂ ਲੈਕੇ ਸ਼ਾਨਦਾਰ ਇਤਿਹਾਸਕ ਜਿਤ ਦਰਜ ਕਰਾਉਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ੍ਰੋਮਣੀ ਯੂਥ ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਾਰਟੀਂ ਦੀਆਂ ਲੋਕ ਪਖੀ ਅਤੇ ਡਾ: ਰਤਨ ਸਿੰਘ ਅਜਨਾਲਾ ਦੀ ਹਰ ਵਿਅਕਤੀ ਤੱਕ ਪਹੁੰਚ ਨੇ ਉਸ ਦੀ ਜਿਤ ਨੂੰ ਯਕੀਨੀ ਬਣਾਈ ਹੈ। ਉਹਨਾਂ ਕਿਹਾ ਕਿ ਡਾ: ਅਜਨਾਲਾ ਪੜੇ ਲਿਖੇ , ਸੂਝਵਾਨ ਤੇ ਬੇਦਾਗ ਹਨ ਤੇ ਸਰਹਦੀ ਲੋਕਾਂ ਦੀਆਂ ਸਮਸਿਆਵਾਂ ਨੂੰ ਹੱਲ ਕਰਨ ਤੇ ਹਲਕੇ ਦੀ ਨੁਹਾਰ ਬਦਲਣ ਲਈ ਪ੍ਰਤੀ ਦ੍ਰਿੜ ਹਨ, ਇਸ ਲਈ ਉਹਨਾਂ ਨੂੰ ਜਿਥੇ ਦਲਿਤ , ਕਿਸਾਨ, ਮਜਦੂਰ ਅਤੇ ਸਨਅਤਕਾਰਾਂ ਵਲੋਂ ਪੂਰਾ ਪੂਰਾ ਸਹਿਯੋਗ ਮਿਲ ਰਿਹਾ ਹੈ। ਜਿਥੇ ਜਿਥੇ ਵੀ ਡਾ: ਅਜਨਾਲਾ ਜਾਂਦੇ ਹਨ ਉਥੇ ਲੋਕ ਆਪ ਮੁਹਾਰੇ ਰੈਲੀਆਂ ਵਿਚ ਸ਼ਾਮਿਲ ਹੋ ਕੇ ਉਹਨਾਂ ਪ੍ਰਤੀ ਪਿਆਰ ਦਾ ਸਬੂਤ ਦੇ ਰਹੇ ਹਨ, ਉਥੇ ਉਹਨਾਂ ਦੇ ਵਿਰੋਧੀ ਉਮੀਦਵਾਰ ਦਾ ਆਪਣਾ ਕੋਈ ਜਨ ਅਧਾਰ ਨਹੀਂ ਹੈ। ਉਹਨਾ ਕਿਹਾ ਕਿ ਲੋਕ ’84 ਦੇ ਸ੍ਰੀ ਦਰਬਾਰ ਸਾਹਿਬ ’ਤੇ ਕਾਂਗਰਸ ਵਲੋਂ ਕਰਾਏ ਗਏ ਹਮਲਿਆਂ ਨੂੰ ਅਤੇ ਸਿੱਖ ਕਤਲੇਆਮ ਨੂੰ ਨਹੀਂ ਭੁਲੇ ਹਨ ਉਪਰੋਂ ਜਗਦੀਸ਼ ਟਾਇਅਲਰ ਤੇ ਸਜਨ ਕੁਮਾਰ ਨੂੰ ਸੋਨੀਆ ਗਾਂਧੀ ਦੇ ਇਸ਼ਾਰੇ ’ਤੇ ਸੀ ਬੀ ਆਈ ਨੇ ਕਲੀਨ ਚਿੱਟ ਦੇ ਕੇ ਸਿੱਖ ਹਿਰਦਿਆਂ ਨੂੰ ਹੋਰ ਖੁਦੇੜ ਦਿਤਾ ਹੈ। ਤੇ ਉਹ ਕਾਂਗਰਸ ਤੋਂ ਬਦਲਾ ਲੈਣ ਦੇ ਮੂਡ ਵਿਚ ਹਨ। ਉਹਨਾਂ ਕਿਹਾ ਕਿ ਅਕਾਲੀ ਵਰਕਰਾਂ ਦੇ ਹੌਸਲੇ ਬੁ¦ਦ ਹਨ ਤੇ ਹਰ ਸੰਕਟ ਦਾ ਮੁਕਾਬਲਾ ਕਰਨ ਲਈ ਤਿਆਰ ਭਰ ਤਿਆਰ ਹਨ। ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ’ਚ ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ ਚੋਣਾਂ ਵਿਚ ਹੋਣ ਵਾਲੇ ਪ੍ਰਤਖ ਹਾਰ ਸੰਬੰਧੀ ਕੰਧ ’ਤੇ ਲਿਖਿਆ ਸਾਫ ਪੜ੍ਹ ਲਿਆ ਹੈ। ਉਹਨਾਂ ਕਿਹਾ ਕਿ ਕਾਂਗਰਸ ਹਰ ਫਰੰਟ ’ਤੇ ਫੇਲ ਸਾਬਿਤ ਹੋਈ ਹੈ ਤੇ ਕਾਂਗਰਸ ਸਰਕਾਰਾਂ ਸਮੇਂ ਹੀ ਦੇਸ਼ ’ਚ ਅਤਿਵਾਦ, ਮਹਿੰਗਾਈ, ਗਰੀਬੀ, ਅਣਪੜਤਾ ਅਤੇ ਭ੍ਰਿਸ਼ਟਾਚਾਰ ਵਿਚ ਬੇਤਹਾਸ਼ਾ ਵਾਧਾ ਹੁੰਦਾ ਰਿਹਾ ਹੈ। ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਿਕਾਸ, ਭਾਈਚਾਰਕ ਏਕਤਾ ਅਤੇ ਦਲਿਤ ਉਥਾਨ ਵਰਗੇ ਅਹਿਮ ਮੁਦਿਆਂ ਨੂੰ ਲੈ ਕੇ ਚੋਣ ਮੈਦਾਨ ਵਿਚ ਹੈ। ਜਦ ਕਿ ਕਾਂਗਰਸ ਕੋਲ ਕੋਈ ਵੀ ਮੁਦਾ ਨਹੀਂ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਜੋ 2 ਸਾਲਾਂ ਵਿਚ ਮਾਝੇ ਲਈ ਕੀਤਾ ਉਹ ਕਾਂਗਰਸ 50 ਸਾਲਾਂ ਵਿਚ ਵੀ ਨਹੀਂ ਕਰ ਸਕੀ । ਸ: ਮਜੀਠੀਆ ਨੇ ਕਿਹਾ ਕਿ ਕਾਂਗਰਸ ਦਾ ਚੋਣ ਵਾਅਦਾ ਇਕ ਛਲਾਵਾ ਹੈ ਤੇ ਕਾਂਗਰਸ ਹਾਈ ਕਮਾਨ ਨੂੰ ਆਪਣੀ ਕਾਰਗੁਜਾਰੀ ’ਤੇ ਰੱਤੀ ਭਰ ਵੀ ਭਰੋਸਾ ਨਾਹੀ ਹੈ ਤਾਂ ਹੀ ਉਹਨਾਂ ਨੇ ਪ੍ਰਧਾਨ ਮੰਤਰੀ ਸਮੇਤ ਕੇਂਦਰੀ ਕੈਬਨਿਟ ਵਿਚ ਸਾਮਿਲ ਪੰਜਾਬ ਦੇ 3 ਰਾਜ ਸਭਾ ਮੈਬਰਾਂ ਨੂੰ ਆਪਣੀ ਸਰਕਾਰ ਦੀ ਕਾਰਗੁਜਾਰੀ ਪਰਖਣ ਲਈ ਲੋਕ ਸਭਾ ਚੋਣਾਂ ਵਿਚ ਉਤਾਰਣ ਦੀ ਹਿੰਮਤ ਨਹੀਂ ਦਿਖਾਈ। ਉਹਨਾਂ ਕਿਹਾ ਕਿ ਕਾਂਗਰਸ ਗਰੀਬ ਤੇ ਦਲਿਤ ਵਰਗ ਨੂੰ ਗੁਮਰਾਹ ਕਰਕੇ ਵੋਟ ਬਟੋਰਦੀ ਰਹੀ ਹੈ ਪਰ ਇਸ ਵਾਰ ਉਹ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋਣਗੇ ਕਿਉਕਿ ਹੁਣ ਦਲਿਤ ਵਰਗ ਵਿਚ ਜਾਗ੍ਰਿਤੀ ਆਚੁਕੀ ਹੈ ਤੇ ਚੰਗੇ ਬੁਰੇ ਨੂੰ ਚੰਗੀ ਤਰਾਂ ਜਾਣ ਚੁਕੇ ਹਨ। ਉਹਨਾਂ ਕਿਹਾ ਕਿ ਦਲਿਤ ਸਮਾਜ ਨੇ ਅਕਾਲੀ ਦਲ ਨਾਲ ਚਟਾਨ ਵਾਂਗ ਖੜ ਕੇ ਪਾਰਟੀ ਨੀਤੀਆਂ ਦੀ ਪ੍ਰੋਰਤਾ ਕੀਤੀ ਹੈ। ਉਹਨਾਂ ਕਿਹਾ ਕਿ ਕਿਸਾਨਾਂ, ਮਜਦੂਰਾਂ ਅਤੇ ਵਪਾਰੀਆਂ ਲਈ ਅਕਾਲੀ ਦਲ ਨੇ ਜੋ ਕੁਝ ਕੀਤਾ ਉਸ ਬਾਰੇ ਕਾਂਗਰਸ ਨੇ ਕਦੇ ਸੋਚਿਆ ਵੀ ਨਹੀਂ ਸੀ। ਉਹਨਾਂ ਕਿਹਾ ਕਿ ਕਾਂਗਰਸ 60 ਸਾਲ ਤੱਕ ਪੰਜਾਬ ਦੀ ਖੁਲੀ ਲੁੱਟ ਕਰਦਿਆਂ ਇਸ ਨੂੰ ਇਕ ਬਸਤੀ ਵਜੋਂ ਹੀ ਬਣਾਈ ਰਖਿਆ। ਪਰ ਅਕਾਲੀ ਦਲ ਹੁਣ ਇਹ ਸਹਿਣ ਨਹੀਂ ਕਰੇਗੀ ਤੇ ਐਨ ਡੀ ਏ ਸਰਕਾਰ ਆਉਣ ’ਤੇ ਰਾਜਾਂ ਨੂੰ ਵੱਧ ਅਧਿਕਾਰ ਦੇਣ ਲਈ ਹਕੀਕੀ ਰੂਪ ਵਿਚ ਸੰਵਿਧਾਨ ਅਨੁਸਾਰ ਫੈਡਰਲ ਢਾਂਚੇ ਨੂੰ ਅਮਲੀ ਰੂਪ ਦਿਤਾ ਜਾਵੇਗਾ ਜਿਸ ਨਾਲ ਰਾਜਾਂ ਦੇ ਵਿਕਾਸ ਵਿਚ ਕਿਸੇ ਤਰਾਂ ਦੀ ਖੜੋਤ ਨਹੀ ਆਵੇਗੀ। ਉਹਨਾਂ ਕਿਹ ਕਿ ਸੁਖਬੀਰ ਸਿੰਘ ਬਾਦਲ ਵਲੋਂ ਆਉੁਂਦੇ ਤਿੰਨਾਂ ਸਾਲਾਂ ਵਿਚ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਾਉਣ ਦਾ ਤਹੱਈਆ ਕੀਤਾ ਹੋਇਆ ਹੈ। ਇਸ ਲਈ ਤਲਵੰਡੀ ਸਾਬੋ, ਰਾਜਪੁਰਾ, ਗਿਦੜ੍ਹਬਾਹ ਸਮੇਤ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਲਾਏ ਜਾ ਰਹੇ ਹਨ । ਉਹਨਾਂ ਕਿਹ ਕਿ ਗੋਇੰਦਵਾਲ ਤਾਪ ਬਿਜਲੀ ਘਰ ਦੀ ਸਥਾਪਤੀ ਮਾਝੇ ਦੇ ਸਨਅਤੀ ਵਿਕਾਸ ਦਾ ਧੁਰਾ ਬਣੇਗਾ। ਉਹਨਾਂ ਕਿਹ ਕਿ ਕਾਂਗਰਸ ਆਪਣੀ ਪੁਰਾਣੀ ਆਦਤ ਅਨੁਸਾਰ ਪਾੜੋ ਅਤੇ ਰਾਜ ਕਰੋ ਦੀ ਨੀਤੀ ’ਤੇ ਚਲਣ ਤੋਂ ਬਾਜ਼ ਨਹੀਂ ਆ ਰਹੀ । ਪਹਿਲਾਂ ਦੇਸ਼ ਵੰਡਿਆ। ਪੰਜਾਬ ਦੇ ਕਈ ਟੋਟੇ ਕੀਤੇ ਤੇ ਹੁਣ ਪੰਜਾਬ ਦਾ ਰਹਿੰਦ ਖੂੰਦ ਵੀ ਖਤਮ ਕਰਨ ’ਤੇ ਤੁਲੇ ਹੋਏ ਹਨ ਅਤੇ ਮਾਝਾ ਮਾਲਵਾ ਦਾ ਵਿਵਾਦ ਪੈਦਾ ਕਰ ਰਹੇ ਹਨ ਜਿਸ ਤੋਂ ਉਹਨਾਂ ਨੂੰ ਕਮਯਾਬੀ ਨਹੀਂ ਮਿਲੇਗੀ। ਉਹਨਾਂ ਕੈਪਟਨ ਅਮਰਿੰਦਰ ਸਿੰਘ ਉਤੇ ਵਾਰ ਕਰਦਿਆਂ ਦੋਸ਼ ਲਾਇਆ ਕਿ ਉਹਨਾਂ ਨੇ ਰਾਜ ਦਾ ਵਿਕਾਸ ਕਰਨ ਦੀ ਥਾਂ ਆਪਣੇ ਵਿਦੇਸ਼ੀ ਦੋਸਤ ਨਾਲ ਬਸ ਐਸ਼ ਪ੍ਰਸਤੀ ਕਰਨ, ਤਾਸ਼ , ਸ਼ਿਕਾਰ ਖੇਡਣ, ਪਹਾੜਾਂ ਵਿਚ ਸੈਰ ਕਰਨ,ਜਾਂ ਕੁਤੇ ਪਾਲਣ ਤੋਂ ਸਿਵਾ ਕੋਈ ਕੰਮ ਨਹੀਂ ਕੀਤਾ। ਉਹਨਾਂ ਕੈਪਟਨ ਅਮਰਿੰਦਰ ਸਿੰਘ’ਤੇ ਵਰਦਿਆਂ ਕਿਹਾ ਕਿ ਉਹਨਾਂ ਕੋਲ ਸਰਕਾਰੀ ਅਧਿਕਾਰੀਆਂ ਨੂੰ ਧਮਕਾਉਣ ਤੋਂ ਸਿਵਾ ਕੋਈ ਕੰਮ ਨਹੀਂ ਹੈ ਉਨਾਂ ਕਿਹਾ ਕਿ ਕੈਪਟਨ ਗਰਜਣਾ ਹੀ ਜਾਣਦਾ ਹੈ ਬਰਸਨਾ ਨਹੀਂ ਤੇ ਉਹ ਚੋਣਾਂ ਹਾਰਨ ਤੋਂ ਬਾਅਦ ਫਿਰ ਗਾਇਬ ਹੋ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੀਆਂ ਭਾਈਵਾਲ ਪਾਰਟੀਆਂ ਵਿਚ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਲੈ ਕੇ ਇਕ ਅਨਾਰ ਸੌ ਬਿਮਾਰ ਵਾਲੀ ਸਥਿਤੀ ਹੈ। ਉਹਨਾਂ ਕਾਂਗਰਸ ’ਤੇ ਪੰਜਾਬੀਆਂ ਨੂੰ ਗੁਮਰਾਹ ਕਰਨ ਦੀਆਂ ਕੋਝੀਆਂ ਚਾਲਾਂ ਚਲਣ ਦਾ ਦੋਸ਼ ਲਾਇਆ ਤੇ ਕਿਹਾ ਕਿ ਆਪਸ ਵਿਚ ਪਾਟੋ ਧਾੜ ਹੋਈ ਕਾਂਗਰਸੀ ਆਪਣਾ ਹੀ ਜਲੂਸ ਕਢ ਰਹੇ ਹਨ। ਸ: ਮਜੀਠੀਆ ਨੇ ਕਿਹਾ ਕਿ ਖਡੂਰ ਸਾਹਿਬ ਹੀ ਨਹੀਂ ਸਗੋਂ ਪੂਰੇ ਪੰਜਾਬ ਵਿਚ ਹੀ ਕਾਂਗਰਸ ਦੀ ਸਥਿਤੀ ਪਤਲੀ ਹੋ ਚੁੱਕੀ ਹੈ। ਉਹਨਾ ਮਿਹਨਤਕਸ਼ ਤੇ ਅਣਖੀ ਪੰਜਾਬੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜ ਪੰਜਾਬ ਦੇ ਦੁਸ਼ਮਨਾਂ ਨੂੰ ਪੰਜਾਬ ਵਿਚੋਂ ਭਜਾਉਣ ਲਈ ਕਾਰਵਾਈ ਆਰੰਭ ਕਰਨੀ ਹੋਵੇਗੀ ਤੇ ਹਰ ਇਕ ਪੰਜਾਬੀ ਦਾ ਖੂਨ ਹੁਣ ਦੁਸ਼ਮਨਾਂ ਵਿਰੁਧ ਖੌਲਣਾ ਚਾਹੀਦੈ ਤੇ ਉਹਨਾਂ ਦਾ ਬੋਰੀਆ ਬਿਸਤਰਾ ਗੋਲ ਕਰਦਿਆਂ ਜਮਨਾ ਪਾਰ ਭੇਜ ਦੇਣਾ ਜਾਹੀਦਾ ਹੈ। ਅਖੀਰ ’ਚ ਸ: ਮਜੀਠੀਆ ਨੇ ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਉਮੀਦਵਾਰ ਡਾ: ਰਤਨ ਸਿੰਘ ਅਜਨਾਲਾ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।