ਇਸਲਾਮਾਬਾਦ- ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਕਿਹਾ ਹੈ ਕਿ ਪਾਕਿਸਤਾਨ ਦੀਆਂ ਇੰਟੈਲੀਜੈਂਸ ਏਜੰਸੀਆਂ ਅਨੁਸਾਰ ਅਤਵਾਦੀਆਂ ਦਾ ਸਰਗਨਾ ਓਸਾਮਾ ਬਿਨ ਲਾਦਿਨ ਮਰ ਚੁਕਾ ਹੈ। ਜਰਦਾਰੀ ਨੇ ਇਹ ਵੀ ਮੰਨਿਆ ਹੈ ਕਿ ਉਨ੍ਹਾਂ ਕੋਲ ਇਸ ਬਾਰੇ ਪੱਕੇ ਸਬੂਤ ਨਹੀਂ ਹਨ।
ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਨੇ ਅਮਰੀਕਾ ਤੇ ਚੋਟ ਕਰਦੇ ਹੋਏ ਕਿਹਾ ਕਿ ਅਮਰੀਕਾ ਕੋਲ ਸਾਡੇ ਨਾਲੋਂ ਜਿਆਦਾ ਸਾਧਨ ਹਨ, ਫਿਰ ਵੀ ਉਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਲਾਦਿਨ ਬਾਰੇ ਕੁਝ ਪਤਾ ਨਹੀਂ ਹੈ। ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਇੰਟੈਲੀਜੈਂਸ ਏਜੰਸੀਆਂ ਇਹ ਮੰਨਦੀਆਂ ਹਨ ਕਿ ਓਸਾਮਾ ਬਿਨ ਲਾਦਿਨ ਹੁਣ ਇਸ ਦੁਨੀਆਂ ਵਿਚ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਕੋਲ ਇਸ ਗੱਲ ਦੇ ਪੱਕੇ ਸਬੂਤ ਨਾਂ ਹੋਣ ਕਰਕੇ ਅਸੀਂ ਸਾਬਿਤ ਨਹੀਂ ਕਰ ਸਕਦੇ। ਇਸ ਲਈ ਇਸ ਨੂੰ ਸੱਚ ਨਹੀਂ ਮੰਨਿਆ ਜਾ ਰਿਹਾ। ਅਸੀਂ ਸੱਚ ਅਤੇ ਕਲਪਨਾਵਾਂ ਦੇ ਵਿਚਕਾਰ ਫਸੇ ਹੋਏ ਹਾਂ। ਜਦੋਂ ਪੱਤਰਕਾਰਾਂ ਨੇ ਸਵਾਤ ਘਾਟੀ ਵਿਚ ਤਾਲਿਬਾਨ ਵਲੋਂ ਕੀਤੇ ਗਏ ਕਬਜ਼ੇ ਬਾਰੇ ਸਵਾਲ ਕੀਤੇ ਸਨ ਤਾਂ ਤਾਲਿਬਾਨ ਨੇ ਕਿਹਾ ਸੀ ਕਿ ਜੇ ਲਾਦਿਨ ਪਾਕਿਸਤਾਨ ਦੇ ਹਿਲ ਰੀਜ਼ਾਰਟ ਵਿਚ ਆਉਣਾ ਚਾਹੇ ਤਾਂ ਉਸਦਾ ਸਵਾਗਤ ਹੈ ਕਿਉਂਕਿ ਇਹ ਇਲਾਕਾ ਹੁਣ ਤਾਲਿਬਾਨ ਦੇ ਕਬਜ਼ੇ ਵਿਚ ਹੈ।