ਲੁਧਿਆਣਾ : – ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਾਬਕਾ ਮੀਤ ਪ੍ਰਧਾਨ ਸ਼ਕਤੀ ਕੁਮਾਰ ਸ਼ਰਮਾ ਅਤੇ ਐਸ.ਐਸ.ਬੋਰਡ ਦੇ ਸਾਬਕਾ ਮੈਂਬਰ ਅਸ਼ੋਕ ਲੂੰਬਾ ਨੂੰ ਕਿਹਾ ਹੈ ਕਿ ਕੇਂਦਰ ਵਿੱਚ ਯੂ.ਪੀ.ਏ. ਦੀ ਸਰਕਾਰ ਚੰਦ ਦਿਨਾਂ ਦੀ ਹੀ ਮਹਿਮਾਨ ਹੈ ਅਤੇ ਉਸ ਨੂੰ ਇਹ ਗੱਲ ਚੰਗੀ ਤਰ੍ਹਾਂ ਸਮਝ ਲੈਣੀ ਚਾਹੀਦੀ ਹੈ ਕਿ ਆਉਣ ਵਾਲੇ 20 ਸਾਲ ਤੱਕ ਕੇਂਦਰ ਅੰਦਰ ਕਾਂਗਰਸ ਦੀ ਸਰਕਾਰ ਨਹੀਂ ਆਏਗੀ। ਕਿਉਂਕਿ ਲੋਕਾਂ ਦੀ ਸੋਚ ਅਤੇ ਨਜ਼ਰੀਆ ਵਿਆਪਕ ਪੱਧਰ ਤੇ ਬਦਲ ਚੁੱਕਾ ਹੈ। ਸ਼੍ਰੀ ਸ਼ਰਮਾ ਅਤੇ ਲੂੰਬਾ ਸਥਾਨਕ ਜਨਤਾ ਨਗਰ ਵਿਖੇ ਲੁਧਿਆਣਾ ਲੋਕ ਸਭਾ ਸੀਟ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਚੋਣ ਪ੍ਰਚਾਰ ਮੁਹਿੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਸੀਨੀਅਰ ਭਾਜਪਾ ਆਗੂਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜਦੋਂ ਜਦੋਂ ਵੀ ਕੇਂਦਰ ਅੰਦਰ ਕਾਂਗਰਸ ਦੀ ਸਰਕਾਰ ਆਈ ਉਸ ਦੇ ਮੰਤਰੀਆਂ ਨੇ ਉਦਯੋਗਪਤੀਆਂ ਨੂੰ ਵੀ ਆਪਣਾ ਦੋਸਤ ਬਣਾਇਆ ਜਦ ਕਿ ਦੂਸਰੇ ਪਾਸੇ ਭਾਜਪਾ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਕਿਸੇ ਵੀ ਵਰਗ ਨਾਲ ਮਤਰੇਆ ਵਿਹਾਰ ਨਹੀਂ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵਾਰ ਕੇਂਦਰ ਵਿੱਚ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਿੱਚ ਐਨ.ਡੀ.ਏ. ਦੀ ਸਰਕਾਰ ਸਥਾਪਿਤ ਹੋਵੇਗੀ। ਮੀਟਿੰਗ ਦੌਰਾਨ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਵਿੱਢੀ ਗਈ ਮੁਹਿੰਮ ਬਾਬਤ ਵਿਸਥਾਰਸਹਿਤ ਚਰਚਾ ਕੀਤੀ ਗਈ। ਸੀਨੀਅਰ ਆਗੂਆਂ ਨੇ ਗਾਲਿਬ ਦੇ ਹੱਕ ਵਿੱਚ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਤੱਕੜੀ ਤੇ ਮੋਹਰਾਂ ਲਗਾ ਕੇ ਉਨ੍ਹਾਂ ਨੂੰ ਕਾਮਯਾਬ ਕਰਨ। ਕਿਉਂਕਿ ਅਕਾਲੀ ਭਾਜਪਾ ਉਮੀਦਵਾਰ ਕੋਲ ਕਾਫ਼ੀ ਸਿਆਸਤ ਦਾ ਤਜ਼ਰਬਾ ਹੈ। ਉਨ੍ਹਾ ਡੰਕੇ ਦੀ ਚੋਟ ਤੇ ਕਿਹਾ ਕਿ ਗਾਲਿਬ ਦੀ ਜਿੱਤ ਵਿੱਚ ਭਾਜਪਾ ਵਰਕਰਾਂ ਦੀ ਭੂਮਿਕਾ ਅਹਿਮ ਰਹੇਗੀ ਅਤੇ ਇਹਨਾਂ ਚੋਣਾਂ ਦੌਰਾਨ ਕਾਂਗਰਸ ਦੀ ਗੁੰਡਾਗਰਦੀ ਨਹੀਂ ਚੱਲਣ ਦਿੱਤੀ ਜਾਵੇਗੀ। ਮੀਟਿੰਗ ਵਿੱਚ ਡਾ. ਨਿਰਮਲ ਨਈਯਰ, ਬਲਵਿੰਦਰ ਸਿੰਘ, ਰਜਨੀਸ਼ ਧੀਮਾਨ, ਸੰਜੀਵ ਧੀਮਾਨ, ਕੇਵਲ ਗੁਪਤਾ, ਜਰਨੈਲ ਸਿੰਘ ਸੋਹਲ, ਪਰਵੀਨ ਮੋਦੀ, ਸੁਰਿੰਦਰ ਕੌਸ਼ਕ, ਅਮਨ ਕੁਮਾਰ, ਕੈਪਟਨ ਚਮਨ ਲਾਲ ਸ਼ਰਮਾ, ਪਰਮਿੰਦਰ ਸਿੰਘ, ਪ੍ਰੇਮ ਸਿੰਘ ਅਤੇ ਸੁਰਿੰਦਰ ਸ਼ਰਮਾ ਆਦਿ ਸ਼ਾਮਲ ਹੋਏ।