ਅੰਮ੍ਰਿਤਸਰ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇ. ਅਵਤਾਰ ਸਿੰਘ ਆਪਣੀ ਵੱਡੀ ਭੈਣ ਬੀਬੀ ਰਾਮ ਕੌਰ ਦੇ ਅਕਾਲ ਚਲਾਣੇ ਉਪਰੰਤ ਉਨ੍ਹਾਂ ਦੇ ਨਮਿਤ ਲੁਧਿਆਣੇ ਵਿਖੇ ਅਖੰਡ ਪਾਠ ਪ੍ਰਾਰੰਭ ਕਰਾਉਣ ਉਪਰੰਤ ਤੁਰੰਤ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪੁੱਜੇ ਅਤੇ ਬੀਤੇ ਦਿਨੀਂ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਬੇਅਦਬੀ ਦੀ ਘਟਨਾਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨਾਲ ਮੀਟਿੰਗ ਕੀਤੀ।
ਇਕੱਤਰਤਾ ਦੌਰਾਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਸੁਚੇਤ ਹੋ ਡਿਊਟੀ ਨਿਭਾਉਣ ਦੇ ਅਦੇਸ਼ ਕੀਤੇ ਅਤੇ ਕਿਹਾ ਕਿ ਪ੍ਰਬੰਧ ਸਬੰਧੀ ਕਿਸੇ ਵੀ ਕਰਮਚਾਰੀ ਵਲੋਂ ਡਿਊਟੀ ਸਮੇਂ ਅਣਗਿਹਲੀ ਕੀਤੇ ਜਾਣ ’ਤੇ ਸਖ਼ਤ ਐਕਸ਼ਨ ਲਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਇਸ ਮੰਦਭਾਗੀ ਘਟਨਾਂ ਸਬੰਧੀ ਡਿਊਟੀ ’ਚ ਅਣਗਿਹਲੀ ਵਰਤਨ ਦੇ ਦੋਸ਼ ’ਚ ਦੋ ਕਰਮਚਾਰੀਆਂ ਨੂੰ ਮੁਅਤਲ ਕਰਨ ਦੇ ਅਦੇਸ਼ ਕੀਤੇ।
ਉਨ੍ਹਾਂ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮੋਹਨ ਸਿੰਘ, ਸਿੰਘ ਸਾਹਿਬ ਗਿਆਨੀ ਮੱਲ ਸਿੰਘ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਨਾਲ ਵੀ ਮੀਟਿੰਗ ਕੀਤੀ ਅਤੇ ਇਸ ਘਟਨਾਂ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਅਤੇ ਸਿੰਘ ਸਾਹਿਬਾਨ ਦੇ ਸੁਝਾਅ ਪ੍ਰਾਪਤ ਕੀਤੇ ਉਪਰੰਤ ਉਹ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਬੇਅਦਬੀ ਦੀ ਘਟਨਾਂ ਸਬੰਧੀ ਮੌਕੇ ਦੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਸੱਚ-ਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੰਗਲਾ ਟੱਪ ਕੇ ਅੰਦਰ ਲੰਘਣ ਦੀ ਵਾਪਰੀ ਮੰਦਭਾਗੀ ਘਟਨਾਂ ਸਮੇਂ ਨਜ਼ਦੀਕ ਖੜੇ ਡਿਊਟੀ ਪੁਰ ਕਰਮਚਾਰੀਆਂ ਵਿਚੋਂ ਦੋ ਕਰਮਚਾਰੀਆਂ ਨੂੰ ਅਣਗਿਹਲੀ ਦੇ ਦੋਸ਼ ਵਿਚ ਮੁਅਤਲ ਕਰ ਦਿੱਤਾ। ਇਸ ਮੌਕੇ ਅੰਤ੍ਰਿੰਗ ਕਮੇਟੀ ਦੇ ਮੈਂਬਰ ਸ. ਸੁਖਵਿੰਦਰ ਸਿੰਘ ਝਬਾਲ ਤੇ ਮੈਂਬਰ ਸ਼੍ਰੋਮਣੀ ਕਮੇਟੀ ਸ. ਜਸਵਿੰਦਰ ਸਿੰਘ ਐਡਵੋਕੇਟ ਵੀ ਨਾਲ ਸਨ। ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਇਸ ਮੰਦਭਾਗੀ ਘਟਨਾਂ ਦੀ ਪੜਤਾਲ ਚਲ ਰਹੀ ਹੈ ਅਤੇ ਪ੍ਰਬੰਧ ਸਬੰਧੀ ਦੋਸ਼ੀ ਪਾਏ ਜਾਣ ਵਾਲੇ ਕਰਮਚਾਰੀਆਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿਉਂ ਕਿ ਇਸ ਮੰਦਭਾਗੀ ਘਟਨਾਂ ਕਾਰਨ ਸਮੁੱਚੇ ਸਿੱਖ ਭਾਈਚਾਰੇ ਅਤੇ ਗੁਰੂ-ਘਰ ’ਚ ਆਸਥਾ ਰੱਖਣ ਵਾਲਿਆਂ ਦਾ ਹਿਰਦਾ ਦੁੱਖਿਆ ਹੈ ਜਿਸ ਲਈ ਉਹ ਸਮੁੱਚੇ ਸਿੱਖ ਜਗਤ ਤੋਂ ਖਿਮਾ ਜਾਚਨਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੰਦਭਾਗਾ ਕਾਰਾ ਕਰਨ ਵਾਲੇ ਦੀ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਜਿਲ੍ਹਾ ਪੁਲਿਸ ਮੁੱਖੀ ਨੂੰ ਇਸ ਘਟਨਾਂ ਦੀ ਜਾਂਚ ਜਲਦ ਮੁਕੰਮਲ ਕੀਤੇ ਜਾਣ ਲਈ ਕਿਹਾ।
ਅੱਜ ਦੀ ਇਕੱਤਰਤਾ ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਜੋਗਿੰਦਰ ਸਿੰਘ ਤੇ ਸ. ਰਣਵੀਰ ਸਿੰਘ, ਐਡੀ. ਸਕੱਤਰ ਸ. ਸ. ਸਤਬੀਰ ਸਿੰਘ, ਰੂਪ ਸਿੰਘ ਤੇ ਸ. ਹਰਜੀਤ ਸਿੰਘ, ਮੀਤ ਸਕੱਤਰ ਸ. ਓਂਕਾਰ ਸਿੰਘ, ਸ. ਦਿਲਬਾਗ ਸਿੰਘ, ਸ. ਬਲਕਾਰ ਸਿੰਘ, ਸ. ਹਰਭਜਨ ਸਿੰਘ, ਸ. ਮਹਿੰਦਰ ਸਿੰਘ, ਸ. ਮਨਜੀਤ ਸਿੰਘ, ਸ. ਬਲਵਿੰਦਰ ਸਿੰਘ ਤੇ ਸ. ਦਿਲਬਾਗ ਸਿੰਘ, ਨਿੱਜੀ ਸਹਾਇਕ ਪ੍ਰਮਜੀਤ ਸਿੰਘ ਸਰੋਆ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਸੁਪ੍ਰਿੰਟੈਂਡੇਂਟ ਸ. ਵਿਜੈ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਭਜਨ ਸਿੰਘ, ਸ. ਕੁਲਦੀਪ ਸਿੰਘ ਬਾਵਾ ਮੈਨੇਜਰ ਸਰਾਵਾਂ, ਐਡੀ. ਮੈਨੇਜਰ ਸ. ਬਲਵਿੰਦਰ ਸਿੰਘ, ਸ. ਜਵਾਹਰ ਸਿੰਘ, ਸ. ਬਲਬੀਰ ਸਿੰਘ, ਸ. ਟਹਿਲ ਸਿੰਘ ਤੇ ਸ. ਪ੍ਰਤਾਪ ਸਿੰਘ, ਮੀਤ ਮੈਨੇਜਰ ਸ. ਬੇਅੰਤ ਸਿੰਘ ਆਦਿ ਮੌਜੂਦ ਸਨ।