ਲੁਧਿਆਣਾ :- ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਗੁਰਚਰਨ ਸਿੰਘ ਗਾਲਿਬ ਦੀ ਨੂੰਹ ਪਰਮਵੀਰ ਕੌਰ ਗਾਲਿਬ ਨੇ ਯਕੀਨੀ ਜਿੱਤ ਲਈ ਵਾਰਡ ਨੰ. 45 ਅਤੇ 46 ਦਾ ਤੂਫ਼ਾਨੀ ਦੌਰਾ ਕਰਕੇ ਵੋਟਰਾਂ ਪਾਸੋਂ ਸਹਿਯੋਗ ਮੰਗਿਆ। ਸ਼੍ਰੀਮਤੀ ਪਰਮਵੀਰ ਕੌਰ ਗਾਲਿਬ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਵੋਟਰ ਆਪਣੀ ਇੱਕ ਇੱਕ ਵੋਟ ਦਾ ਇਸਤੇਮਾਲ ਦੂਰ ਦ੍ਰਿਸ਼ਟੀ ਵਾਲੀ ਸੋਚ ਅਪਣਾ ਕੇ ਕਰਨ। ਕਿਉਂਕਿ ਕੇਂਦਰ ਵਿੱਚ ਉਨ੍ਹਾਂ ਦੀਆਂ ਵੋਟਾਂ ਸਦਕਾ ਬਨਣ ਵਾਲੀ ਸਰਕਾਰ ਨਾਲ ਹੀ ਦੇਸ਼ ਅਤੇ ਪੰਜਾਬ ਦਾ ਭਵਿੱਖ ਜੁੜਿਆ ਹੈ। ਉਨ੍ਹਾਂ ਕਿਹਾ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਕੇਂਦਰੀ ਸੱਤਾ ਉ¤ਪਰ ਵੱਖ ਵੱਖ ਸਮਿਆਂ ਤੇ ਕਾਂਗਰਸ ਪਾਰਟੀ ਦੀਆਂ ਰਹੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਦੇਸ਼ ਅਤੇ ਦੇਸ਼ ਵਾਸੀਆਂ ਦੇ ਹਿੱਤਾਂ ਨੂੰ ਅਣਗੌਲਿਆਂ ਕਰਕੇ ਕਈ ਅਜਿਹੇ ਸਮਝੌਤੇ ਕੀਤੇ ਜੋ ਕਿ ਦੇਸ਼ ਲਈ ਘਾਤਕ ਸਾਬਿਤ ਹੋਏ। ਉਨ੍ਹਾਂ ਕਿਹਾ ਕਿ ਅੱਤਵਾਦ ਦੇ ਖਿਲਾਫ਼ ਕੇਂਦਰ ਸਰਕਾਰ ਵੱਲੋਂ ਅਪਣਾਇਆ ਗਿਆ ਨਰਮ ਰੁੱਖ ਦੇਸ਼ ਵਾਸੀਆਂ ਦੀ ਸੁਰੱਖਿਆ ਪ੍ਰਤੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ। ਜੇਕਰ ਯੂ.ਪੀ.ਏ. ਸਰਕਾਰ ਨੇ ਅੱਤਵਾਦ ਦਾ ਸਖ਼ਤੀ ਨਾਲ ਸਿਰ ਕੁਚਲਿਆ ਹੁੰਦਾ ਤਾਂ ਦੇਸ਼ ਅੰਦਰ ਮੁੰਬਈ ਵਰਗੀ ਦਿਲ ਹਿਲਾ ਦੇਣ ਵਾਲੀ ਅੱਤਵਾਦੀ ਘਟਨਾ ਨਾ ਵਾਪਰਦੀ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਇਨ੍ਹਾਂ ਕੁਝ ਹੋਣ ਦੇ ਬਾਵਜੂਦ ਵੀ ਸਰਕਾਰ ਨੇ ਸ਼ਾਇਦ ਕੁੱਝ ਨਹੀਂ ਸਿੱਖਿਆ। ਅੱਜ ਵੀ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਮੁਲਕਾਂ ਪ੍ਰਤੀ ਨਰਮ ਰਵੱਈਆ ਅਪਣਾ ਕੇ ਭਾਰਤ ਦੀ ਸਰਕਾਰ ਪਤਾ ਨਹੀਂ ਕੀ ਸਾਬਿਤ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਕੇਂਦਰੀ ਸੱਤਾ ਉ¤ਪਰ ਸ਼੍ਰੀ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਵਾਲੀ ਸਰਕਾਰ ਸਥਾਪਿਤ ਕਰਵਾਉਣ ਲਈ ਅੱਗੇ ਆਉਣ। ਇਸ ਮੌਕੇ ਗੁਰਮੀਤ ਸਿੰਘ ਬਿੱਲਾ, ਜੋਗਿੰਦਰ ਸਿੰਘ, ਜਸਬੀਰ ਸਿੰਘ, ਤਜਿੰਦਰ ਸਿੰਘ ਗਿੱਲ, ਵਿਜੇ ਕੁਮਾਰ, ਹਰਚਰਨ ਸਿੰਘ ਸਹਿਗਲ, ਇੰਦਰਜੀਤ ਸਿੰਘ ਮੱਕੜ, ਮੁਹਿੰਦਰ ਸਿੰਘ, ਮਾਸਟਰ ਗੁਰਬਚਨ ਸਿੰਘ, ਗੁਰਦੀਪ ਸਿੰਘ, ਚਰਨਜੀਤ ਸਿੰਘ ਚੰਨਾ, ਅਰੁਣ ਕੁਮਾਰ ਆਦਿ ਮੌਜੂਦ ਸਨ।