ਅੰਮ੍ਰਿਤਸਰ : – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪ੍ਰਬੰਧ ਅਧੀਨ ਇਤਿਹਾਸਕ ਗੁਰਧਾਮਾਂ ਦੇ ਸਚਾਰੂ ਪ੍ਰਬੰਧ ਦੇ ਨਾਲ-ਨਾਲ ਵਿੱਦਿਆ ਦੇ ਖੇਤਰ ’ਚ ਵੀ ਅਹਿਮ ਪੈੜਾ ਸਥਾਪਤ ਕੀਤੀਆਂ ਹਨ ਅਤੇ ਅਜੋਕੇ ਟੈਕਨਾਲੋਜੀ ਦੇ ਯੁੱਗ ’ਚ ਸਮੇਂ ਦੇ ਹਾਣੀ ਬਣਦਿਆਂ ਸੱਚਖੰਡ ਸ੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਪ੍ਰਬੰਧਾਂ, ਸਿੱਖ ਇਤਿਹਾਸ ਅਤੇ ਮਰਯਾਦਾ ਸਬੰਧੀ ਟੱਚ ਸਕਰੀਨ ’ਤੇ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਦਾਨ ਕਰਨ ਲਈ ਅੱਜ ਸਕਰੀਨ ਡਿਸਪਲੇ ਸਿਸਟਮ ਆਰੰਭ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸਥਾਨਕ ਸ੍ਰੀ ਗੁਰੂ ਅਰਜਨ ਦੇਵ ਨਿਵਾਸ ਵਿਖੇ ਟੱਚ ਸਕਰੀਨ ਪ੍ਰਣਾਲੀ ਦੀ ਅਰੰਭਤਾ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਮਕਾਜ ਬਹੁਤ ਹੀ ਸਰਲ ਤੇ ਪਾਰਦਰਸ਼ੀ ਹੈ। ਸਮੇਂ ਦੇ ਹਾਣ ਦਾ ਬਣਨ ਲਈ ਇਸ ਦੇ ਸਾਰੇ ਹੀ ਕੰਮਕਾਜ ਨੂੰ ਕੰਪਿਊਟਰਾਈਜ਼ ਕੀਤਾ ਗਿਆ ਹੈ ਅਤੇ ਬਹੁਤ ਜਲਦ ਇਸ ਨੂੰ ਇੰਟਰਨੈਟ ਨਾਲ ਵੀ ਜੋੜ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਨੂੰ ਪ੍ਰਬੰਧ ਸਬੰਧੀ ਲੋੜੀਂਦੀ ਜਾਣਕਾਰੀ ਇਕ ਹੀ ਜਗ੍ਹਾ ਤੋਂ ਪ੍ਰਦਾਨ ਕੀਤੇ ਜਾਣ ਦੀ ਮਨਸ਼ਾ ਨਾਲ ਇਹ ਸਿਸਟਮ ਅਰੰਭ ਕੀਤਾ ਗਿਆ ਹੈ ਜਿਸ ਤੋਂ ਸੰਗਤਾਂ ਭਰਪੂਰ ਲਾਹਾ ਲੈ ਸਕਣਗੀਆਂ। ਉਨ੍ਹਾਂ ਦੱਸਿਆ ਕਿ ਫਿਲਹਾਲ ਇਹ ਜਾਣਕਾਰੀ ਪੰਜਾਬੀ ਤੇ ਅੰਗਰੇਜ਼ੀ ’ਚ ਮਿਲ ਸਕੇਗੀ ਅਤੇ ਅਜਿਹੇ ਟੱਚ ਸਕਰੀਨ ਸਿਸਟਮ; ਸ੍ਰੀ ਦਰਬਾਰ ਸਾਹਿਬ ਦੇ ਸੂਚਨਾਂ ਕੇਂਦਰ, ਕੇਂਦਰੀ ਸਿੱਖ ਅਜਾਇਬ ਘਰ ਅਤੇ ਵੱਖ-ਵੱਖ ਸਰਾਵਾਂ ਵਿਖੇ ਵੀ ਲਗਾਏ ਜਾਣਗੇ। ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਥਾਪਤ ਮੋਬਾਇਲ ਵੈਬਸਾਈਟ ਸਥਾਪਤ ਕੀਤੀ ਗਈ ਹੈ। ਇਸ ਰਾਹੀਂ ਸੰਗਤਾਂ ਆਪਣੇ ਮੋਬਾਇਲ (ਇੰਟਰਨੈਟ ਦੀ ਸੁਵਿਧਾ ਪ੍ਰਾਪਤ) ਫੋਨ ’ਤੇ ਕੀਰਤਨ ਸਰਵਣ ਕਰ ਸਕਦੀਆਂ ਹਨ, ਹੁਕਨਾਮਾ ਪੜ੍ਹ ਸਕਦੀਆਂ ਹਨ ਅਤੇ ਰਾਗੀ ਜਥਿਆਂ ਦੀ ਡਿਊਟੀ ਸਬੰਧੀ ਜਾਣਕਾਰੀ ਵੀ ਪ੍ਰਾਪਤ ਕਰ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਇਸ ਸਿਸਟਮ ਤੋਂ ਮੁੱਢਲੀ ਜਾਣਕਾਰੀ ਉਪਰੰਤ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦਾ ਇਤਿਹਾਸ, ਪ੍ਰਕਰਮਾਂ ਵਿਚ ਸੁਸ਼ੋਭਤ ਇਤਿਹਾਸਕ ਅਸਥਾਨ, ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ’ਚ ਸਥਿਤ ਅਸਥਾਨ ਜਿਵੇਂ ਗੁਰਦੁਆਰਾ ਬਾਬਾ ਅਟੱਲ ਰਾਏ ਜੀ, ਗੁਰਦੁਆਰਾ ਮਾਤਾ ਕੌਲਾਂ ਜੀ, ਸ੍ਰੀ ਗੁਰੂ ਰਾਮਦਾਸ ਲੰਗਰ, ਕੇਂਦਰੀ ਸਿੱਖ ਅਜਾਇਬਘਰ, ਸੂਚਨਾਂ ਕੇਂਦਰ , ਗੁਰਦੁਆਰਾ ਸ੍ਰੀ ਦੀਵਾਨ ਹਾਲ ਮੰਜੀ ਸਾਹਿਬ, ਵੱਖ-ਵੱਖ ਸਰਾਵਾਂ ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ, ਸਿੱਖ ਰੈਫਰੈਂਸ ਲਾਇਬ੍ਰੇਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫਤਰ (ਤੇਜਾ ਸਿੰਘ ਸਮੁੰਦਰੀ ਹਾਲ), ਫਰੀ ਬੱਸ ਸੇਵਾ, ਸਕੂਟਰ ਸਾਈਕਲ ਤੇ ਕਾਰ ਪਾਰਕਿੰਗ ਆਦਿ ਸਬੰਧੀ ਜਾਣਕਾਰੀ ਪ੍ਰਾਪਤ ਕਰ ਸਕਣਗੀਆਂ। ਉਨ੍ਹਾਂ ਦੱਸਿਆ ਕਿ ਇਸ ਸਿਸਟਮ ਦੀ ਫੋਟੋਗੈਲਰੀ ਵਿਚ ਸੰਗਤਾਂ ਸਲਾਈਡ ਸ਼ੋ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਵੱਖ-ਵੱਖ ਐਂਗਲਾਂ ਤੋਂ ਸੁੰਦਰ ਤਸਵੀਰਾਂ ਦਾ ਅਨੰਦ ਵੀ ਮਾਣ ਸਕਣਗੀਆਂ। ਜ਼ਿਕਰਯੋਗ ਹੈ ਕਿ ਇਹ ਕਾਰਜ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਦੇ ਸੁਹਿਰਦ ਯਤਨਾਂ ਅਤੇ ਸਿਸਟਮ ਐਡਮਨਿਸਟ੍ਰੇਟਰ ਸ. ਜਸਪਾਲ ਸਿੰਘ ਦੀ ਮੇਹਨਤ ਨਾਲ ਮੁਕੰਮਲ ਹੋਇਆ ਹੈ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਤੇ ਸ. ਜੋਗਿੰਦਰ ਸਿੰਘ, ਐਡੀ: ਸਕੱਤਰ ਸ. ਰੂਪ ਸਿੰਘ, ਮੀਤ ਸਕੱਤਰ ਸ. ਮਨਜੀਤ ਸਿੰਘ, ਪਬਲੀਸਿਟੀ ਵਿਭਾਗ ਦੇ ਇੰਚਾਰਜ ਸ. ਰਾਮ ਸਿੰਘ, ਨਿੱਜੀ ਸਹਾਇਕ ਸ. ਪ੍ਰਮਜੀਤ ਸਿੰਘ ਸਰੋਆ, ਇੰਟਰਨੈਟ ਵਿਭਾਗ ਦੇ ਸਿਸਟਮ ਐਡਮਨਿਸਟ੍ਰੇਟਰ ਸ. ਜਸਪਾਲ ਸਿੰਘ, ਕੰਪਿਊਟਰ ਡਿਜ਼ਾਈਨਰ ਸ. ਬਿਕਰਮਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ (ਸਰਾਵਾਂ) ਸ. ਕੁਲਦੀਪ ਸਿੰਘ ਬਾਵਾ, ਸ਼੍ਰੋਮਣੀ ਕਮੇਟੀ ਦੇ ਸੁਪ੍ਰਿੰਟੈਂਡੈਂਟ ਸ. ਬਿਜੈ ਸਿੰਘ, ਸ. ਜਸਵਿੰਦਰ ਸਿੰਘ, ਸ. ਪ੍ਰਮਜੀਤ ਸਿੰਘ (ਮਾਨ), ਸ੍ਰੀ ਗੁਰੂ ਅਰਜਨ ਦੇਵ ਨਿਵਾਸ ਦੇ ਇੰਚਾਰਜ ਸ. ਰਣਜੋਧ ਸਿੰਘ, ਸਹਾਇਕ ਇੰਚਾਰਜ ਸ. ਸੁਖਵੰਤ ਸਿੰਘ ਕੋਹਾੜਕਾ ਤੇ ਸ. ਇਕਬਾਲ ਸਿੰਘ, ਤੋਂ ਇਲਾਵਾ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਨੇ ਨਿਵਾਸ (ਸਰਾਂ) ਵਿਚ ਮੌਜੂਦ ਯਾਤਰੂਆਂ ਨਾਲ ਵੀ ਗੱਲਬਾਤ ਕੀਤੀ ਅਤੇ ਰਿਹਾਇਸ਼ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨਿਵਾਸ ਵਿਚ ਮੌਜੂਦ ਸਟਾਫ ਨੂੰ ਸੁਚੇਤ ਹੋ ਕੇ ਡਿੳਟੀ ਕਰਨ ਦੀ ਤਾਕੀਦ ਕੀਤੀ।